#CANADA

ਕੈਨੇਡਾ ਦੇ ਉੱਘੇ ਕਾਰੋਬਾਰੀ ਅਤੇ ਸਮਾਜ ਸੇਵਕ ਜੇ ਮਿਨਹਾਸ ਵੱਲੋਂ ਸੰਤ ਬਾਬਾ ਭਾਗ ਸਿੰਘ University ਦਾ ਦੌਰਾ

ਸਰੀ, 8 ਦਸੰਬਰ (ਹਰਦਮ ਮਾਨ/ਪੰਜਾਬ ਮੇਲ)- ਕੈਨੇਡਾ ਦੇ ਉੱਘੇ ਕਾਰੋਬਾਰੀ ਅਤੇ ਸਮਾਜ ਸੇਵਕ ਜਤਿੰਦਰ ਜੇ ਮਿਨਹਾਸ ਨੇ ਬੀਤੇ ਦਿਨ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਆਦਮਪੁਰ ਦਾ ਦੌਰਾ ਕੀਤਾ। ਇਸ ਮੌਕੇ ਕੁਲਜੀਤ ਸਿੰਘ ਮਿਨਹਾਸ ਕੈਨੇਡਾ, ਪਰਮਜੀਤ ਕੌਰ ਮਿਨਹਾਸ, ਸਤਨਾਮ ਸਿੰਘ ਮਿਨਹਾਸ, ਮਨਜੀਤ ਸਿੰਘ ਪਰਮਾਰ ਜਰਮਨ ਅਤੇ ਜਸਵਿੰਦਰ ਕੌਰ ਪਰਮਾਰ ਵੀ ਉਨ੍ਹਾਂ ਦੇ ਨਾਲ ਸਨ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ.ਧਰਮਜੀਤ ਸਿੰਘ ਪਰਮਾਰ, ਬਾਬਾ ਜਨਕ ਸਿੰਘ, ਸੰਤ ਮਨਮੋਹਨ ਸਿੰਘ, ਸਕੱਤਰ ਹਰਦਮਨ ਸਿੰਘ ਮਿਨਹਾਸ ਅਤੇ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਜਤਿੰਦਰ ਜੇ ਮਿਨਹਾਸ, ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੇ ਅੰਤਰਰਾਸ਼ਟਰੀ ਸਲਾਹਕਾਰ ਅਤੇ ਬੋਰਡ ਆਫ ਮੈਨੇਜਮੈਂਟ ਦੇ ਮੈਂਬਰ ਹਨ। ਉਨ੍ਹਾਂ ਨੂੰ ਜੀ ਆਇਆਂ ਆਖਦਿਆਂ ਵਾਈਸ ਚਾਂਸਲਰ ਡਾ. ਧਰਮਜੀਤ ਸਿੰਘ ਪਰਮਾਰ ਨੇ ਕਿਹਾ ਕਿ ਜਤਿੰਦਰ ਜੇ ਮਿਨਹਾਸ ਯੂਨੀਵਰਸਿਟੀ ਨਾਲ ਸ਼ੁਰੂ ਤੋਂ ਹੀ ਜੁੜੇ ਹੋਏ ਹਨ ਅਤੇ ਜਦੋਂ ਵੀ ਕੋਈ ਲੋੜ ਮਹਿਸੂਸ ਹੋਈ ਹੈ ਸ. ਮਿਨਹਾਸ ਯੂਨੀਵਰਸਿਟੀ ਅਤੇ ਬੱਚਿਆਂ ਦੇ ਹੱਕ ਵਿੱਚ ਖੜ੍ਹੇ ਹਨ। ਅੰਤਰਰਾਸ਼ਟਰੀ ਪੱਧਰ ‘ਤੇ ਵੀ ਉਹ ਹਮੇਸ਼ਾ ਯੂਨੀਵਰਸਿਟੀ ਦਾ ਜ਼ਿਕਰ ਵੱਡੇ ਵੱਡੇ ਪਲੇਟਫਾਰਮਾਂ ‘ਤੇ ਕਰਦੇ ਰਹਿੰਦੇ ਹਨ ਅਤੇ ਉਨਾਂ ਨੂੰ ਹਮੇਸ਼ਾ ਤਾਂਘ ਰਹਿੰਦੀ ਹੈ ਕਿ ਸੰਤ ਬਾਬਾ ਮਲਕੀਤ ਸਿੰਘ ਅਤੇ ਸੰਤ ਬਾਬਾ ਦਿਲਾਵਰ ਸਿੰਘ ਬ੍ਰਹਮ ਦੇ ਅਸ਼ੀਰਵਾਦ ਅਤੇ ਸੋਚ ਨਾਲ ਇਸ ਮੁਕਾਮ ‘ਤੇ ਪਹੁੰਚੀ ਯੂਨੀਵਰਸਿਟੀ ਭਵਿੱਖ ਵਿਚ ਵੀ ਇਸੇ ਤਰ੍ਹਾਂ ਵੱਡੇ ਪੱਧਰ ‘ਤੇ ਸਿੱਖਿਆ ਦੇ ਖੇਤਰ ਅੰਦਰ ਆਪਣਾ ਯੋਗਦਾਨ ਪਾਉਂਦੀ ਰਹੇ।
ਜਤਿੰਦਰ ਜੇ ਮਿਨਹਾਸ ਨੇ ਯੂਨੀਵਰਸਿਟੀ ਦੇ ਸਾਰੇ ਡੀਨਜ਼, ਵੱਖ ਵੱਖ ਵਿਭਾਗਾਂ ਦੇ ਮੁਖੀਆਂ ਅਤੇ ਇੰਚਾਰਜਾਂ ਨਾਲ ਮੀਟਿੰਗ ਕੀਤੀ ਅਤੇ ਯੂਨੀਵਰਸਿਟੀ ਅੰਦਰ ਚੱਲ ਰਹੇ ਸਾਰੇ ਵਿਦਿਅਕ ਪ੍ਰੋਗਰਾਮਾਂ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਉਨਾਂ ਨੂੰ ਖੁਸ਼ੀ ਹੈ ਕਿ ਪੰਜਾਬ ਵਿੱਚ ਆਈਲਟਸ ਕਰ ਕੇ ਵਿਦੇਸ਼ ਜਾਣ ਦੀ ਦੌੜ ਦੇ ਬਾਵਜੂਦ ਯੂਨੀਵਰਸਿਟੀ ਅੰਦਰ ਵਿਦਿਆਰਥੀਆਂ ਦੀ ਗਿਣਤੀ ਅੱਗੇ ਨਾਲੋਂ ਵਧੀ ਹੈ ਜੋ ਇੱਥੋਂ ਦੀ ਮੈਨੇਜਮੈਂਟ ਕਮੇਟੀ ਅਤੇ ਸਮੂਹ ਸਟਾਫ ਵੱਲੋਂ ਬਾਖੂਬੀ ਨਿਭਾਈ ਜਾ ਰਹੀ ਆਪਣੀ ਜ਼ਿੰਮੇਵਾਰੀ ਦਾ ਨਤੀਜਾ ਹੈ। ਸਿੱਖਿਆ ਦੇ ਨਾਲ ਨਾਲ ਖੇਡਾਂ ਅਤੇ ਹੋਰ ਗਤੀਵਿਧੀਆਂ ਵਿਚ ਵੀ ਯੂਨੀਵਰਸਿਟੀ ਦੇ ਬੱਚੇ ਆਪਣੇ ਪ੍ਰਦਰਸ਼ਨ ਰਾਹੀਂ ਵੱਡੇ ਪੱਧਰ ‘ਤੇ ਆਪਣੀ ਧੱਕ ਜਮਾ ਰਹੇ ਹਨ। ਉਨਾਂ ਸਮੂਹ ਵਿਭਾਗ ਮੁਖੀਆਂ ਅਤੇ ਹਾਜਰ ਸਟਾਫ ਨੂੰ ਅਪੀਲ ਕਰਦਿਆਂ ਕਿਹਾ ਕਿ ਇਹ ਸਥਾਨ ਭਗਤੀ ਅਤੇ ਆਸਥਾ ਦਾ ਵੱਡਾ ਕੇਂਦਰ ਹੈ ਅਤੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਸੇਵਾ ਭਾਵਨਾ ਨਾਲ ਇੱਥੇ ਬੱਚਿਆਂ ਨੂੰ ਉੱਤਮ ਸਿੱਖਿਆ ਦੇਈਏ। ਉਨਾਂ ਯਕੀਨ ਦਿਵਾਇਆ ਕਿ ਉਹ ਵਿਦੇਸ਼ੀ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਨਾਲ ਸਟੂਡੈਂਟਸ ਐਕਸਚੇਂਜ ਪ੍ਰੋਗਰਾਮ ਦੇ ਯਤਨ ਵੀ ਕਰਨਗੇ।
ਇਸ ਮੌਕੇ ਕੁਲਜੀਤ ਸਿੰਘ ਮਿਨਹਾਸ, ਪਰਮਜੀਤ ਕੌਰ ਮਿਨਹਾਸ ਅਤੇ ਸਤਨਾਮ ਸਿੰਘ ਮਿਨਹਾਸ ਨੇ ਕਿਹਾ ਕਿ ਉਨਾਂ ਨੂੰ ਇੱਥੇ ਆ ਕੇ ਬਹੁਤ ਖੁਸ਼ੀ ਹੋਈ ਹੈ ਕਿ ਇੱਕ ਪੇਂਡੂ ਯੂਨੀਵਰਸਿਟੀ ਹੋਣ ਦੇ ਬਾਵਜੂਦ ਇੱਥੇ ਵੱਡੇ ਪੱਧਰ ‘ਤੇ ਮਾਡਰਨ ਸਿੱਖਿਆ ਪ੍ਰਣਾਲੀ ਰਾਹੀਂ ਬੱਚਿਆਂ ਨੂੰ ਵਧੀਆ ਸਿੱਖਿਆ ਪਲੇਟਫਾਰਮ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਖ਼ਾਸ ਤੌਰ ‘ਤੇ ਬੱਚਿਆਂ ਨੂੰ ਸੁਨੇਹਾ ਦਿੰਦਿਆਂ ਕਿਹਾ ਕਿ ਜਿੱਥੇ ਵਿਦੇਸ਼ਾਂ ਅੰਦਰ ਅੰਗਰੇਜ਼ੀ ਆਪਣਾ ਅਲੱਗ ਸਥਾਨ ਰੱਖਦੀ ਹੈ ਉੱਥੇ ਸਾਡੀ ਮਾਤ ਭਾਸ਼ਾ ਪੰਜਾਬੀ ਵੀ ਹੁਣ ਆਪਣੀ ਅਲੱਗ ਪਹਿਚਾਣ ਬਣਾ ਚੁੱਕੀ ਹੈ ਅਤੇ ਆਪਣੀ ਭਾਸ਼ਾ ਦੀ ਮੁਹਾਰਤ ਵੀ ਤੁਹਾਨੂੰ ਵਿਦੇਸ਼ਾਂ ਅੰਦਰ ਰੁਜ਼ਗਾਰ ਦੇ ਵਧੀਆ ਮੌਕੇ ਦੁਆ ਸਕਦੀ ਹੈ।
ਯੂਨੀਵਰਸਿਟੀ ਦੇ ਸਕੱਤਰ ਹਰਦਮਨ ਸਿੰਘ ਮਿਨਹਾਸ ਨੇ ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਰੀ ਪ੍ਰਬੰਧਕ ਕਮੇਟੀ ਇਸ ਗੱਲ ਲਈ ਹਮੇਸ਼ਾ ਯਤਨਸ਼ੀਲ ਰਹਿੰਦੀ ਹੈ ਕਿ ਯੂਨੀਵਰਸਿਟੀ ਅੰਦਰ ਬੱਚਿਆਂ ਨੂੰ ਵਧੀਆ ਮਾਹੌਲ ਅਤੇ ਬੇਹਤਰੀਨ ਸਿੱਖਿਆ ਪ੍ਰਬੰਧ ਦਿੱਤਾ ਜਾਵੇ ਅਤੇ ਉਨ੍ਹਾਂ ਨੂੰ ਵੱਖ ਵੱਖ ਖੇਤਰਾਂ ਵਿੱਚ ਮਾਹਰ ਅਤੇ ਨਿਪੁੰਨ ਬਣਾ ਕੇ ਭੇਜਿਆ ਜਾਵੇ। ਅਖੀਰ ਵਿੱਚ ਬਾਬਾ ਜਨਕ ਸਿੰਘ ਵੱਲੋਂ ਆਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ।