#INDIA

ਕੈਨੇਡਾ ਦੀ ਸੰਸਦ ਵੱਲੋਂ ਨਿੱਝਰ ਨੂੰ ਪਹਿਲੀ ਬਰਸੀ ‘ਤੇ ਸ਼ਰਧਾਂਜਲੀ; ਇਕ ਮਿੰਟ ਦਾ ਮੌਨ ਰੱਖਿਆ

-ਕਨਿਸ਼ਕ ਕਾਂਡ ਯਾਦ ਕਰਾਉਣ ਲਈ ਭਾਰਤੀ ਕੌਂਸਲਖਾਨਾ 23 ਨੂੰ ਕਰਵਾਏਗਾ ਸਮਾਗਮ
ਨਵੀਂ ਦਿੱਲੀ, 20 ਜੂਨ (ਪੰਜਾਬ ਮੇਲ)-ਕੈਨੇਡਾ ਦੀ ਸੰਸਦ ਦੇ ਹਾਊਸ ਆਫ ਕਾਮਨਜ਼ ‘ਚ ਹਰਦੀਪ ਸਿੰਘ ਨਿੱਝਰ ਨੂੰ ਪਹਿਲੀ ਬਰਸੀ ਮੌਕੇ ਸ਼ਰਧਾਂਜਲੀ ਦਿੱਤੀ ਗਈ ਅਤੇ ਇਕ ਮਿੰਟ ਦਾ ਮੌਨ ਰੱਖਿਆ ਗਿਆ, ਜਦੋਂ ਕੈਨੇਡੀਅਨ ਪਾਰਲੀਮੈਂਟ ਵਿਚ ਭਾਰਤ ਵੱਲੋਂ ਨਿੱਝਰ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਸੀ, ਐਨ ਉਸੇ ਸਮੇਂ ਖ਼ਾਲਿਸਤਾਨ ਪੱਖੀ ਵੱਖਵਾਦੀਆਂ ਨੇ ਵੈਨਕੂਵਰ ਵਿਚ ਭਾਰਤੀ ਵਣਜ ਦੂਤਘਰ ਦੇ ਬਾਹਰ ਮੌਕ ਕੋਰਟ ਸਥਾਪਤ ਕੀਤੀ। ਇਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਅਤੇ ਪੁਤਲਾ ਫੂਕਿਆ ਗਿਆ। ਕੈਨੇਡਾ ਦੀ ਸੰਸਦ ‘ਚ ਵੱਖਵਾਦੀਆਂ ਦੀ ਵਡਿਆਈ ‘ਤੇ ਭਾਰਤ ਨੇ ਕੈਨੇਡਾ ਨੂੰ ਕਰਾਰਾ ਜਵਾਬ ਦਿੱਤਾ ਹੈ। ਭਾਰਤ ਨੇ ਏਅਰ ਇੰਡੀਆ ਦੇ ਜਹਾਜ਼ ਕਨਿਸ਼ਕ ‘ਤੇ ਹੋਏ ਬੰਬ ਧਮਾਕੇ ਦੀ ਬਰਸੀ ਨੂੰ ਯਾਦ ਕਰਵਾ ਕੇ ਕੈਨੇਡਾ ‘ਚ ਸਾਲਾਂ ਤੋਂ ਵਧ ਰਹੇ ਅੱਤਵਾਦ ਨੂੰ ਨਿਸ਼ਾਨਾ ਬਣਾਇਆ ਹੈ। ਵੈਨਕੂਵਰ ਵਿਚ ਭਾਰਤੀ ਕੌਂਸਲੇਟ ਨੇ 23 ਜੂਨ ਨੂੰ ਕਨਿਸ਼ਕ ਜਹਾਜ਼ ਹਾਦਸੇ ਦੀ ਯਾਦ ਵਿਚ ਯਾਦਗਾਰੀ ਸਮਾਗਮ ਕਰਵਾਉਣ ਦੀ ਯੋਜਨਾ ਬਣਾਈ ਹੈ। ਕੌਂਸਲੇਟ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਲਿਖਿਆ, ”ਅੱਤਵਾਦ ਦੇ ਖਤਰੇ ਦਾ ਮੁਕਾਬਲਾ ਕਰਨ ਲਈ ਭਾਰਤ ਸਭ ਤੋਂ ਅੱਗੇ ਹੈ ਅਤੇ ਇਸ ਵਿਸ਼ਵਵਿਆਪੀ ਖਤਰੇ ਨਾਲ ਨਜਿੱਠਣ ਲਈ ਸਾਰੇ ਦੇਸ਼ਾਂ ਨਾਲ ਮਿਲ ਕੇ ਕੰਮ ਕਰ ਰਿਹਾ ਹੈ।”