– ਹਿੰਦੂ ਭਾਈਚਾਰੇ ਵੱਲੋਂ ਅਦਾਲਤੀ ਹੁਕਮਾਂ ਦੀ ਸ਼ਲਾਘਾ
– ਮੰਦਰ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਨੇ ਖਾਲਿਸਤਾਨੀ ਪੱਖੀ
ਟੋਰਾਂਟੋ, 2 ਦਸੰਬਰ (ਪੰਜਾਬ ਮੇਲ)- ਇੱਥੋਂ ਦੀ ਅਦਾਲਤ ਨੇ ਇੱਥੋਂ ਦੇ ਲਕਸ਼ਮੀ ਨਰਾਇਣ ਮੰਦਰ ਕੰਪਲੈਕਸ ਦੇ ਸੌ ਮੀਟਰ ਦੇ ਦਾਇਰੇ ਵਿਚ ਖਾਲਿਸਤਾਨੀ ਪ੍ਰਦਰਸ਼ਨਕਾਰੀਆਂ ਦੇ ਇਕੱਠੇ ਹੋਣ ‘ਤੇ ਪਾਬੰਦੀ ਲਾ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਲਕਸ਼ਮੀ ਨਰਾਇਣ ਮੰਦਰ ਹਿੰਦੂ ਕਲਚਰਲ ਸੁਸਾਇਟੀ ਸਕਾਰਬਰੋ ਨੇ ਦਿੱਤੀ ਹੈ। ਇਸ ਸੁਸਾਇਟੀ ਨੇ ਟੋਰਾਂਟੋ ਪੁਲਿਸ ਦਾ ਮੰਦਰ ਵਿਚ ਲਗਾਏ ਗਏ ਇੰਡੀਅਨ ਕੌਸਲਰ ਕੈਂਪ ਦੇ ਸਹਿਯੋਗ ਲਈ ਧੰਨਵਾਦ ਵੀ ਕੀਤਾ ਹੈ। ਸੁਸਾਇਟੀ ਨੇ ਕਿਹਾ ਕਿ ਇਹ ਹੁਕਮ 30 ਨਵੰਬਰ ਤੋਂ ਲਾਗੂ ਹੋ ਗਏ ਹਨ ਤੇ ਅਦਾਲਤ ਨੇ ਇੱਥੇ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਕਿਸੇ ਪ੍ਰਦਰਸ਼ਨ ਤੇ ਖਾਲਿਸਤਾਨੀਆਂ ਦੇ ਇਕੱਠੇ ਹੋਣ ‘ਤੇ ਪਾਬੰਦੀ ਲਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਫੈਸਲੇ ਨਾਲ ਹਿੰਦੂ ਭਾਈਚਾਰੇ ਵਿਚ ਸੁਰੱਖਿਅਤ ਮਾਹੌਲ ਯਕੀਨੀ ਬਣਾਇਆ ਜਾਵੇਗਾ।
ਜ਼ਿਕਰਯੋਗ ਹੈ ਕਿ ਨਵੰਬਰ ਦੇ ਸ਼ੁਰੂ ‘ਚ ਬਰੈਂਪਟਨ ਦੇ ਹਿੰਦੂ ਸਭਾ ਮੰਦਰ ‘ਚ ਖਾਲਿਸਤਾਨੀ ਝੰਡਿਆਂ ਸਮੇਤ ਪ੍ਰਦਰਸ਼ਨਕਾਰੀਆਂ ਅਤੇ ਲੋਕਾਂ ਵਿਚਕਾਰ ਝੜਪਾਂ ਹੋ ਗਈਆਂ ਸਨ। ਇਸ ਤੋਂ ਬਾਅਦ ਭਾਰਤੀ ਵਿਦੇਸ਼ ਮੰਤਰਾਲੇ (ਐੱਮ.ਈ.ਏ.) ਦੇ ਬੁਲਾਰੇ ਰਣਧੀਰ ਜੈਸਵਾਲ ਨੇ ਹਿੰਦੂ ਸਭਾ ਮੰਦਰ ‘ਤੇ ਹਿੰਸਾ ਦੀ ਨਿੰਦਾ ਕਰਦਿਆਂ ਕੈਨੇਡੀਅਨ ਸਰਕਾਰ ਨੂੰ ਹਮਲਿਆਂ ਤੋਂ ਧਾਰਮਿਕ ਸਥਾਨਾਂ ਦੀ ਰੱਖਿਆ ਕਰਨ ਅਤੇ ਜ਼ਿੰਮੇਵਾਰ ਲੋਕਾਂ ‘ਤੇ ਮੁਕੱਦਮਾ ਚਲਾਉਣ ਦੀ ਮੰਗ ਕੀਤੀ ਸੀ। ਜੈਸਵਾਲ ਨੇ ਕਿਹਾ ਸੀ ਕਿ ਉਹ ਕੈਨੇਡਾ ਵਿਚ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਨੂੰ ਲੈ ਕੇ ਡੂੰਘੀ ਚਿੰਤਾ ਕਰਦੇ ਹਨ।