ਐਬਡਸਫੋਰਡ, 24 ਅਪ੍ਰੈਲ (ਰਾਜ ਗੋਗਨਾ/ਪੰਜਾਬ ਮੇਲ)- ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਐਬਟਸਫੋਰਡ ਵਿਚ ਰਹਿੰਦੇ ਇੰਦਰਜੀਤ ਸਿੰਘ ਸੰਧੂ ਨੇ ਆਪਣੀ ਪਤਨੀ ਕਮਲਜੀਤ ਕੌਰ ਸੰਧੂ ਦਾ ਕਤਲ ਕਰਨ ਦਾ ਗੁਨਾਹ ਅਦਾਲਤ ‘ਚ ਕਬੂਲ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਪਤੀ ਇੰਦਰਜੀਤ ਸਿੰਘ ਸੰਧੂ ‘ਤੇ ਦੂਜੇ ਦਰਜੇ ਦੇ ਕਤਲ ਦਾ ਦੋਸ਼ ਲਾਇਆ ਗਿਆ ਹੈ।
ਦਰਅਸਲ ਇਹ ਘਟਨਾ 2022 ‘ਚ ਵਾਪਰੀ ਸੀ। ਪੁਲਿਸ ਦੀ ਟੀਮ ਜਦੋਂ 2900 ਬਲਾਕ ਈਸਟਵਿਊ ਸਟ੍ਰੀਟ ਵਿਖੇ ਉਨ੍ਹਾਂ ਦੀ ਰਿਹਾਇਸ਼ ‘ਤੇ ਪਹੁੰਚੀ, ਤਾਂ ਉਸ ਸਮੇਂ ਕਮਲਜੀਤ ਸੰਧੂ ਗੰਭੀਰ ਹਾਲਤ ‘ਚ ਜ਼ਖ਼ਮੀ ਪਈ ਸੀ। ਪੈਰਾਮੈਡੀਕਲ ਦੀ ਟੀਮ ਵੱਲੋਂ ਉਸ ਨੂੰ ਬਚਾਉਣ ਦੀਆਂ ਬਹੁਤ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ ਪਰ ਉਸ ਦੀ ਮੌਤ ਹੋ ਗਈ। ਇਸ ਵਾਰਦਾਤ ਮਗਰੋਂ ਏਕੀਕ੍ਰਿਤ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ (ਆਈ.ਐੱਚ.ਆਈ.ਟੀ.) ਨੇ ਕਿਹਾ ਕਿ ਸੰਧੂ ਨੂੰ ਮੌਕੇ ‘ਤੇ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਹਿਰਾਸਤ ਵਿਚ ਲੈ ਲਿਆ ਗਿਆ ਸੀ। ਇੰਦਰਜੀਤ ਸਿੰਘ ਸੰਧੂ ਨੂੰ ਸਜ਼ਾ ਸੁਣਾਏ ਜਾਣ ਦੀ ਤਾਰੀਕ ਅਜੇ ਤੈਅ ਨਹੀਂ ਕੀਤੀ ਗਈ ਹੈ।