-ਭਾਰਤ ਦੇ ਵਿਦੇਸ਼ ਮੰਤਰੀ ਨੂੰ ਲਿਖਿਆ ਖਤ
ਸਰੀ, 23 ਅਕਤੂਬਰ (ਹਰਦਮ ਮਾਨ/ਪੰਜਾਬ ਮੇਲ)- ਖਾਲਸਾ ਦੀਵਾਨ ਸੁਸਾਇਟੀ, ਵੈਨਕੂਵਰ ਅਤੇ ਬ੍ਰਿਟਿਸ਼ ਕੋਲੰਬੀਆ ਦੀਆਂ 22 ਹੋਰ ਸਿੱਖ ਸੁਸਾਇਟੀਆਂ ਨੇ ਵੈਨਕੂਵਰ ਸਥਿਤ ਭਾਰਤ ਦੇ ਕੌਂਸਲੇਟ ਜਨਰਲ ਰਾਹੀਂ ਭਾਰਤ ਦੇ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਨੂੰ ਭੇਜੀ ਇਕ ਮੇਲ ਰਾਹੀਂ ਮੰਗ ਕੀਤੀ ਹੈ ਕਿ ਕੈਨੇਡੀਅਨ ਨਾਗਰਿਕਾਂ ਲਈ ਭਾਰਤ ਦੀ ਯਾਤਰਾ ਲਈ ਈ-ਵੀਜ਼ਾ ਜਾਰੀ ਕਰਨ ਅਤੇ ਬੀ.ਐੱਲ.ਐੱਸ. ਦੁਆਰਾ ਜਾਰੀ ਕੀਤੇ ਜਾਂਦੇ ਵਿਅਕਤੀਗਤ ਅਰਜ਼ੀ ਵੀਜ਼ਾ ‘ਤੇ ਲਾਈਆਂ ਪਾਬੰਦੀਆਂ ਹਟਾਈਆਂ ਜਾਣ।
ਖਾਲਸਾ ਦੀਵਾਨ ਸੁਸਾਇਟੀ, ਵੈਨਕੂਵਰ ਦੇ ਪ੍ਰਧਾਨ ਕੁਲਦੀਪ ਸਿੰਘ ਥਾਂਦੀ ਦੇ ਦਸਤਖਤਾਂ ਹੇਠ ਲਿਖੇ ਇਸ ਪੱਤਰ ਰਾਹੀਂ ਸਿੱਖ ਸੁਸਾਇਟੀਆਂ ਨੇ ਕਿਹਾ ਹੈ ਕਿ ਭਾਰਤ ਸਰਕਾਰ ਵੱਲੋਂ ਵੀਜ਼ਾ ਅਰਜ਼ੀਆਂ ਅਤੇ ਨਾਗਰਿਕਾਂ ਲਈ ਪ੍ਰਵਾਨਗੀ ਵਿਚ ਕੀਤੀਆਂ ਕੁਝ ਤਬਦੀਲੀਆਂ ਸੈਰ-ਸਪਾਟਾ ਸੀਜ਼ਨ ਦੌਰਾਨ ਭਾਰਤ ਦੀ ਯਾਤਰਾ ਕਰਨ ਵਾਲੇ ਕੈਨੇਡੀਅਨ ਨਾਗਰਿਕਾਂ ਲਈ ਬਹੁਤ ਪ੍ਰੇਸ਼ਾਨੀ ਦਾ ਕਾਰਨ ਬਣ ਰਹੀਆਂ ਹਨ। ਇਨ੍ਹਾਂ ਤਬਦੀਲੀਆਂ ਕਾਰਨ ਭਾਰਤ ਵਿਚ ਵੀ ਸੇਵਾ ਅਤੇ ਪ੍ਰਚੂਨ ਉਦਯੋਗ ਉੱਪਰ ਨਕਾਰਾਤਮਕ ਅਸਰ ਪਵੇਗਾ। ਉਨ੍ਹਾਂ ਕਿਹਾ ਹੈ ਕਿ ਸਰਦੀਆਂ ਦੇ ਮਹੀਨਿਆਂ ਦੌਰਾਨ ਪੰਜਾਬ ਵਿਚ ਬਹੁਤ ਸਾਰੇ ਕਾਰੋਬਾਰ ਸੈਰ-ਸਪਾਟਾ ਕਾਰੋਬਾਰ ‘ਤੇ ਨਿਰਭਰ ਕਰਦੇ ਹਨ। ਇਸ ਤੋਂ ਇਲਾਵਾ ਬਹੁਤੇ ਲੋਕ ਭਾਰਤ ਵਿਚ ਵਿਆਹ ਕਰਨ ਦੀ ਯੋਜਨਾ ਬਣਾ ਰਹੇ ਸਨ ਅਤੇ ਵਿਆਹ ਦੇ ਪ੍ਰਬੰਧਾਂ ਲਈ ਉਹ ਪਹਿਲਾਂ ਹੀ ਕਾਫੀ ਪੈਸਾ ਵੀ ਖਰਚ ਕਰ ਚੁੱਕੇ ਹਨ ਪਰ ਉਨ੍ਹਾਂ ਕੋਲ ਵੀਜ਼ਾ ਨਾ ਹੋਣ ਕਾਰਨ ਉਹ ਭਾਰਤ ਵਿਚ ਆਉਣ ਤੋਂ ਅਸਮਰੱਥ ਹਨ। ਸਿੱਖ ਸੁਸਾਇਟੀਆਂ ਨੇ ਕਿਹਾ ਹੈ ਕਿ ਜੇ ਭਾਰਤ ਸਰਕਾਰ ਲੋਕਾਂ ਦੀ ਚਿੰਤਾ ਅਤੇ ਛੋਟੇ ਕਾਰੋਬਾਰੀਆਂ ਦੇ ਹਿਤ ਸਮਝ ਕੇ ਵੀਜ਼ਾ ਅਰਜ਼ੀ ਅਤੇ ਮਨਜ਼ੂਰੀ ਕਾਰਵਾਈ ਬਹਾਲ ਕਰ ਦੇਵੇ ਤਾਂ ਸਾਰੀਆਂ ਸੰਸਥਾਵਾਂ ਭਾਰਤ ਸਰਕਾਰ ਦੀਆਂ ਬੇਹੱਦ ਧੰਨਵਾਦੀ ਹੋਣਗੀਆਂ।
ਇਹ ਅਪੀਲ ਕਰਨ ਵਾਲੀਆਂ ਸਿੱਖ ਸੁਸਾਇਟੀਆਂ ਵਿਚ ਖਾਲਸਾ ਦੀਵਾਨ ਸੁਸਾਇਟੀ, ਵੈਨਕੂਵਰ, ਅਕਾਲੀ ਸਿੰਘ ਸਿੱਖ ਸੁਸਾਇਟੀ ਵੈਨਕੂਵਰ, ਖਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ, ਗੁਰਦੁਆਰਾ ਸਾਹਿਬ ਬਰੁਕਸਾਈਡ ਸਰੀ, ਸ੍ਰੀ ਗੁਰੂ ਰਵਿਦਾਸ ਸਭਾ ਬਰਨਬੀ, ਗੁਰਦੁਆਰਾ ਨਾਨਕ ਨਿਵਾਸ ਰਿਚਮੰਡ, ਖਾਲਸਾ ਦੀਵਾਨ ਸੁਸਾਇਟੀ ਯਾਰਕ ਸੈਂਟਰ ਸਰੀ, ਬੀਅਰ ਕਰੀਕ ਹਾਲ ਗੁਰਦੁਆਰਾ ਸਰੀ, ਗੁਰੂ ਗੋਬਿੰਦ ਸਿੰਘ ਟੈਂਪਲ ਪ੍ਰਿੰਸ ਜਾਰਜ, ਗੁਰੂ ਨਾਨਕ ਸਿੱਖ ਟੈਂਪਲ ਵਿਲੀਅਮਜ਼ ਲੇਕ, ਕਰੀਬੂ ਗੁਰਸਿੱਖ ਟੈਂਪਲ ਕਿਊਜ਼ਨੇਲ, ਵੈਨਕੂਵਰ ਆਈਲੈਂਡ ਸਿੱਖ ਕਲਚਰਲ ਸੁਸਾਇਟੀ ਡੰਕਨ, ਓਕਾਨਾਗਨ ਸਿੱਖ ਟੈਂਪਲ ਕੇਲੋਨਾ, ਮਿਸ਼ਨ ਸਿੱਖ ਟੈਂਪਲ ਮਿਸ਼ਨ, ਗੁਰਦੁਆਰਾ ਸਾਹਿਬ ਮੀਰੀ-ਪੀਰੀ ਖਾਲਸਾ ਦਰਬਾਰ ਟੈਰੇਸ, ਖਾਲਸਾ ਦੀਵਾਨ ਸੁਸਾਇਟੀ ਸਿੱਖ ਟੈਂਪਲ ਵਿਕਟੋਰੀਆ, ਖਾਲਸਾ ਦੀਵਾਨ ਸੁਸਾਇਟੀ ਨੋਨਾਇਮੋ, ਗੁਰੂ ਨਾਨਕ ਸਿੱਖ ਸੁਸਾਇਟੀ ਕੈਂਪਬੈਲ ਰਿਵਰ, ਸਿੱਖ ਟੈਂਪਲ ਸੁਕਾਮਿਸ਼, ਸਿੱਖ ਕਲਚਰਲ ਸੁਸਾਇਟੀ ਕੈਮਲੂਪਸ, ਮੈਰਿਟ ਸਿੱਖ ਟੈਂਪਲ ਮੈਰਿਟ, ਅਲਬਰਨੀ ਵੈਲੀ ਗੁਰਦੁਆਰਾ ਸੁਸਾਇਟੀ ਪੋਰਟ ਅਲਬਰਨੀ, ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਸਰੀ ਸ਼ਾਮਲ ਹਨ।