#PUNJAB

ਕੈਨੇਡਾ ਦਾ ਵਰਕ ਵੀਜ਼ਾ ਦਿਵਾਉਣ ਦੇ ਨਾਂ ‘ਤੇ 2.66 ਲੱਖ ਦੀ ਠੱਗੀ

ਚੰਡੀਗੜ੍ਹ, 25 ਨਵੰਬਰ (ਪੰਜਾਬ ਮੇਲ)- ਇਕ ਜੋੜੇ ਨੂੰ ਕੈਨੇਡਾ ਦਾ ਵਰਕ ਵੀਜ਼ਾ ਦਿਵਾਉਣ ਦੇ ਨਾਂ ‘ਤੇ ਸੈਕਟਰ-34 ਸਥਿਤ ਫਲਾਈਵੇਅ ਕੰਸਲਟੈਂਸੀ ਇਮੀਗ੍ਰੇਸ਼ਨ ਕੰਪਨੀ ਨੇ 2 ਲੱਖ 66 ਹਜ਼ਾਰ ਰੁਪਏ ਦੀ ਠੱਗੀ ਮਾਰ ਲਈ। ਪੈਸੇ ਲੈਣ ਤੋਂ ਬਾਅਦ ਨਾ ਤਾਂ ਵਰਕ ਵੀਜ਼ਾ ਲਗਵਾਇਆ ਤੇ ਨਾ ਹੀ ਪੈਸੇ ਵਾਪਸ ਕੀਤੇ। ਸ਼ੁਭਮ ਨੇ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ। ਸੈਕਟਰ-34 ਥਾਣਾ ਪੁਲਿਸ ਨੇ ਫਲਾਈਵੇਅ ਕੰਸਲਟੈਂਸੀ ਇਮੀਗ੍ਰੇਸ਼ਨ ਕੰਪਨੀ ਦੇ ਮਾਲਕ ਗੁਰਵਿੰਦਰ ਤੇ ਮੁਲਾਜ਼ਮ ਅਮਿਤ ਤੇ ਰੂਬੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ।
ਸ਼ਿਕਾਇਤਕਰਤਾ ਮਦਨ ਕੁਮਾਰ ਨੇ ਸ਼ਿਕਾਇਤ ‘ਚ ਦੱਸਿਆ ਕਿ ਉਹ ਬੇਟੇ ਸ਼ੁਭਮ ਰੰਗਾ ਨਾਲ 23 ਸਤੰਬਰ 2023 ਨੂੰ ਸੈਕਟਰ-34 ਫਲਾਈਵੇਅ ਕੰਸਲਟੈਂਸੀ ਇਮੀਗ੍ਰੇਸ਼ਨ ਕੰਪਨੀ ‘ਚ ਗਿਆ ਸੀ। ਉਸਦਾ ਬੇਟਾ ਵਰਕ ਪਰਮਿਟ ‘ਤੇ ਕੈਨੇਡਾ ਜਾਣਾ ਚਾਹੁੰਦਾ ਸੀ। ਉਨ੍ਹਾਂ ਦੀ ਮੁਲਾਕਾਤ ਅਮਿਤ ਸ਼ਰਮਾ ਨਾਲ ਹੋਈ। ਉਸ ਨੇ ਭਰੋਸਾ ਦਿੱਤਾ ਕਿ ਉਹ ਸ਼ੁਭਮ ਤੇ ਪਤਨੀ ਪੂਨਮ ਲਈ ਇਕ ਮਹੀਨੇ ‘ਚ ਕੈਨੇਡਾ ਲਈ ਵਰਕ ਪਰਮਿਟ ਦਿਵਾ ਦੇਣਗੇ। ਇਸ ਲਈ ਉਨ੍ਹਾਂ ਨੇ 20 ਲੱਖ ਰੁਪਏ ਦੀ ਮੰਗ ਕੀਤੀ ਤੇ ਰਜਿਸਟ੍ਰੇਸ਼ਨ ਫੀਸ ਵਜੋਂ 5 ਹਜ਼ਾਰ ਰੁਪਏ ਜਮ੍ਹਾਂ ਕਰਵਾਉਣ ਲਈ ਕਿਹਾ, ਜੋ ਉਨ੍ਹਾਂ ਆਨਲਾਈਨ ਅਦਾ ਕਰ ਦਿੱਤੇ।
ਇਕ ਹਫ਼ਤੇ ਬਾਅਦ ਦੁਬਾਰਾ ਉਸ ਨੂੰ 5 ਹਜ਼ਾਰ ਰੁਪਏ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ। ਉਸ ਨੇ 7 ਅਕਤੂਬਰ 2023 ਨੂੰ ਪੈਸੇ ਨਕਦ ਦੇ ਦਿੱਤੇ। ਇਮੀਗ੍ਰੇਸ਼ਨ ਕੰਪਨੀ ਮਾਲਕ ਨੇ 50 ਹਜ਼ਾਰ ਰੁਪਏ ਜਮ੍ਹਾਂ ਕਰਵਾਉਣ ਲਈ ਕਿਹਾ, ਜਿਸ ਤੋਂ ਬਾਅਦ ਦੁਬਾਰਾ 1 ਲੱਖ 15 ਹਜ਼ਾਰ ਰੁਪਏ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ। ਜੋ ਉਸ ਨੇ ਉਕਤ ਵਿਅਕਤੀਆਂ ਵੱਲੋਂ ਦਿੱਤੇ ਆਈ.ਸੀ.ਆਈ.ਸੀ.ਆਈ. ਬੈਂਕ ਖਾਤੇ ‘ਚ ਜਮ੍ਹਾਂ ਕਰਵਾ ਦਿੱਤੇ। ਇਸ ਤੋਂ ਬਾਅਦ ਮੁਲਜ਼ਮਾਂ ਨੇ ਉਸ ਨੂੰ ਨੂੰਹ ਦੀ ਰਜਿਸਟ੍ਰੇਸ਼ਨ ਫੀਸ ਜਮ੍ਹਾਂ ਕਰਵਾਉਣ ਲਈ ਕਿਹਾ, ਜਿਸ ‘ਤੇ ਪੀੜਤ ਨੇ 29 ਦਸੰਬਰ 2023 ਨੂੰ ਗੂਗਲ-ਪੇਅ ਰਾਹੀਂ 5 ਹਜ਼ਾਰ ਰੁਪਏ ਜਮ੍ਹਾਂ ਕਰਵਾ ਦਿੱਤੇ।
6 ਜਨਵਰੀ 2024 ਨੂੰ ਸ਼ਿਕਾਇਤਕਰਤਾ ਨੇ ਆਰ.ਟੀ.ਜੀ.ਐੱਸ. ਜਰੀਏ ਉਪਰੋਕਤ ਬੈਂਕ ਖਾਤੇ ‘ਚ 1 ਲੱਖ 15 ਹਜ਼ਾਰ ਰੁਪਏ ਦਾ ਭੁਗਤਾਨ ਕੀਤਾ। ਬੇਟੇ ਤੇ ਨੂੰਹ ਦੇ ਮੈਡੀਕਲ ਲਈ 22 ਹਜ਼ਾਰ ਰੁਪਏ ਜਮ੍ਹਾਂ ਕਰਵਾਏ। ਸ਼ਿਕਾਇਤਕਰਤਾ ਨੇ ਫਲਾਈਵੇਅ ਕੰਸਲਟੈਂਸੀ ਨੂੰ ਕੁੱਲ 3 ਲੱਖ 12 ਹਜ਼ਾਰ ਰੁਪਏ ਜਮ੍ਹਾਂ ਕਰਵਾ ਦਿੱਤੇ। ਇਸ ਤੋਂ ਬਾਅਦ ਕੰਪਨੀ ਮੁਲਾਜ਼ਮਾਂ ਨੇ ਉਸਦਾ ਫੋਨ ਚੁੱਕਣਾ ਬੰਦ ਕਰ ਦਿੱਤਾ। ਗੁਰਵਿੰਦਰ ਸਿੰਘ ਦੇ ਮੋਬਾਈਲ ‘ਤੇ ਕਈ ਵਾਰ ਕਾਲ ਕੀਤੀ ਤੇ ਵਾਰ-ਵਾਰ ਬੇਨਤੀ ਕਰਨ ‘ਤੇ ਉਸ ਨੇ 26 ਜੁਲਾਈ ਨੂੰ ਵਾਅਦਾ ਕੀਤਾ ਕਿ ਉਹ ਇਕ ਮਹੀਨੇ ਅੰਦਰ-ਅੰਦਰ ਸਾਰੇ ਪੈਸੇ ਵਾਪਸ ਕਰ ਦੇਵੇਗਾ। 26 ਜੁਲਾਈ ਨੂੰ ਵੀ ਸ਼ਿਕਾਇਤਕਰਤਾ ਨੂੰ 45 ਹਜ਼ਾਰ 500 ਰੁਪਏ ਦੇ ਦਿੱਤੇ ਗਏ ਸਨ ਪਰ ਬਾਕੀ 2 ਲੱਖ 66 ਹਜ਼ਾਰ 500 ਰੁਪਏ ਦੀ ਅਦਾਇਗੀ ਨਹੀਂ ਕੀਤੀ ਗਈ। ਉਸ ਨੇ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ।