#CANADA

ਕੈਨੇਡਾ ਦਾ ਪੀ.ਐੱਮ. ਬਣਨ ਦੀ ਦੌੜ ‘ਚ 2 ਭਾਰਤੀ ਵੀ ਸ਼ਾਮਲ

ਟੋਰਾਂਟੋ, 7 ਜਨਵਰੀ (ਪੰਜਾਬ ਮੇਲ)- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੱਤਾਧਾਰੀ ਲਿਬਰਲ ਪਾਰਟੀ ਦੇ ਨੇਤਾ ਅਤੇ ਪੀ.ਐੱਮ. ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਸੋਮਵਾਰ ਨੂੰ ਟਰੂਡੋ ਨੇ ਆਪਣੇ ਅਸਤੀਫੇ ਦਾ ਐਲਾਨ ਕਰਦਿਆਂ ਕਿਹਾ ਕਿ ਪਾਰਟੀ ਦਾ ਨਵਾਂ ਆਗੂ ਚੁਣੇ ਜਾਣ ਤੋਂ ਬਾਅਦ ਉਹ ਪ੍ਰਧਾਨ ਮੰਤਰੀ ਦਾ ਅਹੁਦਾ ਛੱਡ ਦੇਣਗੇ। ਲਿਬਰਲ ਪਾਰਟੀ ਦਾ ਨਵਾਂ ਆਗੂ ਚੁਣਨ ਦੀ ਦੌੜ ਸ਼ੁਰੂ ਹੋ ਗਈ ਹੈ। ਲਿਬਰਲ ਪਾਰਟੀ ਦੇ ਨਵੇਂ ਨੇਤਾ ਲਈ ਕਈ ਨਾਂ ਸਾਹਮਣੇ ਆਏ ਹਨ। ਇਨ੍ਹਾਂ ਨਾਵਾਂ ‘ਚ ਭਾਰਤੀ ਮੂਲ ਦੇ ਦੋ ਸਿਆਸਤਦਾਨ ਵੀ ਹਨ, ਜਿਨ੍ਹਾਂ ਵਿਚੋਂ ਇੱਕ ਕੈਨੇਡਾ ਦਾ ਨਵਾਂ ਪ੍ਰਧਾਨ ਮੰਤਰੀ ਬਣ ਸਕਦਾ ਹੈ। ਇਸ ਵਿਚ ਇੱਕ ਨਾਮ ਅਨੀਤਾ ਆਨੰਦ ਦਾ ਹੈ ਅਤੇ ਦੂਜਾ ਜਾਰਜ ਚਾਹਲ ਦਾ ਹੈ। ਇਨ੍ਹਾਂ ਤੋਂ ਇਲਾਵਾ ਕ੍ਰਿਸਟੀਆ ਫ੍ਰੀਲੈਂਡ, ਮਾਰਕ ਕਾਰਨੇ, ਡੋਮਿਨਿਕ ਲੇਬਲੈਂਕ, ਮੇਲਾਨੀਆ ਜੋਲੀ, ਫ੍ਰੈਂਕੋਇਸ-ਫਿਲਿਪ ਸ਼ੈਂਪੇਨ, ਕ੍ਰਿਸਟੀ ਕਲਾਰਕ, ਅਨੀਤਾ ਆਨੰਦ ਅਤੇ ਜਾਰਜ ਚਾਹਲ ਸ਼ਾਮਲ ਹਨ। ਇਨ੍ਹਾਂ ਵਿਚੋਂ ਇੱਕ ਨੂੰ ਲਿਬਰਲ ਪਾਰਟੀ ਦਾ ਆਗੂ ਚੁਣੇ ਜਾਣ ਦੀ ਉਮੀਦ ਹੈ।
ਕੈਨੇਡਾ ਦੇ ਪ੍ਰਧਾਨ ਮੰਤਰੀ ਬਣਨ ਦੀ ਦੌੜ ਵਿਚ ਭਾਰਤੀ ਮੂਲ ਦੇ ਦੋ ਸੰਸਦ ਮੈਂਬਰ ਹਨ। ਇਨ੍ਹਾਂ ਵਿਚੋਂ ਇੱਕ ਸਾਬਕਾ ਰੱਖਿਆ ਮੰਤਰੀ ਅਤੇ ਮੌਜੂਦਾ ਟਰਾਂਸਪੋਰਟ ਤੇ ਅੰਦਰੂਨੀ ਵਪਾਰ ਮੰਤਰੀ ਅਨੀਤਾ ਆਨੰਦ ਹਨ। ਅਨੀਤਾ ਦੇ ਮਾਤਾ-ਪਿਤਾ ਭਾਰਤ ਦੇ ਤਾਮਿਲਨਾਡੂ ਅਤੇ ਪੰਜਾਬ ਨਾਲ ਸਬੰਧਤ ਹਨ। ਅਨੀਤਾ ਦਾ ਜਨਮ 1967 ਵਿਚ ਨੋਵਾ ਸਕੋਸ਼ੀਆ ਵਿਚ ਭਾਰਤੀ ਮਾਪਿਆਂ ਘਰ ਹੋਇਆ, ਜੋ ਦੋਵੇਂ ਮੈਡੀਕਲ ਪੇਸ਼ੇਵਰ ਸਨ। ਉਸ ਦੀ ਮਾਤਾ ਸਰੋਜ ਪੰਜਾਬ ਤੋਂ ਅਤੇ ਪਿਤਾ ਐੱਸ.ਵੀ. ਆਨੰਦ ਤਾਮਿਲਨਾਡੂ ਦਾ ਰਹਿਣ ਵਾਲਾ ਸੀ। ਆਨੰਦ ਨੂੰ ਰਾਜਨੀਤੀ ਦਾ ਕਾਫੀ ਤਜ਼ਰਬਾ ਹੈ। ਉਸਨੇ ਕੋਵਿਡ ਮਹਾਮਾਰੀ ਦੌਰਾਨ ਬਹੁਤ ਵਧੀਆ ਕੰਮ ਕੀਤਾ। ਇਸ ਨਾਲ ਉਸ ਨੂੰ ਕਾਫੀ ਪ੍ਰਸਿੱਧੀ ਮਿਲੀ ਸੀ। ਭਾਰਤੀ ਮੂਲ ਦੇ ਲੋਕਾਂ ਵਿਚ ਵੀ ਉਨ੍ਹਾਂ ਦੀ ਚੰਗੀ ਛਵੀ ਮੰਨੀ ਜਾਂਦੀ ਹੈ। ਭਾਰਤੀ ਮੂਲ ਦੇ ਇੱਕ ਹੋਰ ਆਗੂ ਅਲਬਰਟਾ ਦੇ ਲਿਬਰਲ ਐੱਮ.ਪੀ. ਜਾਰਜ ਚਾਹਲ ਵੀ ਕੈਨੇਡਾ ਦੇ ਪ੍ਰਧਾਨ ਮੰਤਰੀ ਬਣ ਸਕਦੇ ਹਨ। ਚਾਹਲ ਨੇ ਵੀ ਪਿਛਲੇ ਹਫ਼ਤੇ ਆਪਣੇ ਕਾਕਸ ਸਾਥੀਆਂ ਨੂੰ ਪੱਤਰ ਲਿਖ ਕੇ ਇਹ ਬੇਨਤੀ ਕੀਤੀ ਹੈ। ਇੱਕ ਵਕੀਲ ਅਤੇ ਕਮਿਊਨਿਟੀ ਲੀਡਰ ਵਜੋਂ ਚਾਹਲ ਨੇ ਕੈਲਗਰੀ ਸਿਟੀ ਕੌਂਸਲਰ ਵਜੋਂ ਵੱਖ-ਵੱਖ ਕਮੇਟੀਆਂ ਵਿਚ ਕੰਮ ਕੀਤਾ ਹੈ। ਉਹ ਕੁਦਰਤੀ ਸਰੋਤਾਂ ਬਾਰੇ ਸਥਾਈ ਕਮੇਟੀ ਅਤੇ ਸਿੱਖ ਕਾਕਸ ਦੇ ਚੇਅਰਮੈਨ ਵੀ ਹਨ। ਚਾਹਲ ਪਿਛਲੇ ਕੁਝ ਸਮੇਂ ਤੋਂ ਟਰੂਡੋ ਦੀ ਆਲੋਚਨਾ ਕਰਦੇ ਰਹੇ ਹਨ।
ਉਪ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਰਹਿ ਚੁੱਕੀ ਕ੍ਰਿਸਟੀਆ ਫ੍ਰੀਲੈਂਡ ਨੂੰ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਲਈ ਸਭ ਤੋਂ ਅੱਗੇ ਮੰਨਿਆ ਜਾ ਰਿਹਾ ਹੈ। ਉਸਦਾ ਅੰਤਰਰਾਸ਼ਟਰੀ ਤਜ਼ਰਬਾ ਅਤੇ ਆਰਥਿਕ ਮੁਹਾਰਤ ਉਸਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਮਜ਼ਬੂਤ ਦਾਅਵੇਦਾਰ ਬਣਾਉਂਦੀ ਹੈ। ਬੈਂਕ ਆਫ ਕੈਨੇਡਾ ਅਤੇ ਬੈਂਕ ਆਫ ਇੰਗਲੈਂਡ ਦੇ ਸਾਬਕਾ ਗਵਰਨਰ ਮਾਰਕ ਕਾਰਨੇ ਵੀ ਇਸ ਅਹੁਦੇ ਲਈ ਮਜ਼ਬੂਤ ਦਾਅਵੇਦਾਰ ਹਨ। ਉਨ੍ਹਾਂ ਦੀ ਵਿੱਤੀ ਮੁਹਾਰਤ ਅਤੇ ਆਰਥਿਕ ਮੁਹਾਰਤ ਉਨ੍ਹਾਂ ਲਈ ਲਾਹੇਵੰਦ ਹੋ ਸਕਦੀ ਹੈ। ਲਿਬਰਲ ਕੈਬਨਿਟ ਦੇ ਸੀਨੀਅਰ ਮੰਤਰੀ ਅਤੇ ਟਰੂਡੋ ਦੇ ਕਰੀਬੀ ਡੋਮਿਨਿਕ ਲੇਬਲੈਂਕ ਦੇ ਨਾਂ ਦੀ ਵੀ ਚਰਚਾ ਹੋ ਰਹੀ ਹੈ। ਫ੍ਰੀਲੈਂਡ ਦੇ ਅਸਤੀਫੇ ਤੋਂ ਬਾਅਦ ਉਹ ਮੌਜੂਦਾ ਵਿੱਤ ਮੰਤਰੀ ਹਨ। ਵਿਦੇਸ਼ ਮੰਤਰੀ ਮੇਲਾਨੀਆ ਜੋਲੀ ਵੀ ਪ੍ਰਮੁੱਖ ਦਾਅਵੇਦਾਰ ਹਨ। ਇੱਕ ਹੋਰ ਨਾਮ ਫ੍ਰਾਂਕੋਇਸ-ਫਿਲਿਪ ਸ਼ੈਂਪੇਨ ਹੈ, ਜੋ ਇੱਕ ਵਪਾਰਕ ਅਤੇ ਅੰਤਰਰਾਸ਼ਟਰੀ ਮਾਹਰ ਹੈ। ਇਨ੍ਹਾਂ ਤੋਂ ਇਲਾਵਾ ਬ੍ਰਿਟਿਸ਼ ਕੋਲੰਬੀਆ ਦੀ ਸਾਬਕਾ ਪ੍ਰੀਮੀਅਰ ਕ੍ਰਿਸਟੀ ਕਲਾਰਕ ਨੇ ਵੀ ਟਰੂਡੋ ਤੋਂ ਬਾਅਦ ਪਾਰਟੀ ਦੀ ਅਗਵਾਈ ਕਰਨ ਦੀ ਇੱਛਾ ਪ੍ਰਗਟਾਈ ਹੈ।