#EUROPE

ਕੈਨੇਡਾ ਤੋਂ ਬਾਅਦ ਹੁਣ ਲੰਡਨ ਅਸੈਂਬਲੀ ‘ਚ ਹਿੰਦੂ ਫੋਬੀਆ ਖ਼ਿਲਾਫ਼ ਮਤਾ ਪੇਸ਼

ਲੰਡਨ, 8 ਨਵੰਬਰ (ਪੰਜਾਬ ਮੇਲ)- ਕੈਨੇਡਾ ਦੀ ਸੰਸਦ ‘ਚ ਹਿੰਦੂ ਫੋਬੀਆ ਖ਼ਿਲਾਫ਼ ਪਟੀਸ਼ਨ ਦਾਇਰ ਕੀਤੇ ਜਾਣ ਤੋਂ ਅਗਲੇ ਹੀ ਦਿਨ ਬਰੰਟ ਅਤੇ ਹੈਰੋ ਦੇ ਵਿਧਾਇਕ ਕੇਰੂਪੇਸ਼ ਹਿਰਾਨੀ ਨੇ ਲੰਡਨ ਅਸੈਂਬਲੀ ‘ਚ ਹਿੰਦੂ ਫੋਬੀਆ ਖ਼ਿਲਾਫ਼ ਮਤਾ ਪੇਸ਼ ਕੀਤਾ ਹੈ। ਸਦਨ ‘ਚ ਆਪਣੇ ਸੰਬੋਧਨ ਦੌਰਾਨ ਹਿਰਾਨੀ ਨੇ ਕਿਹਾ ਕਿ ਇੰਗਲੈਂਡ ਅਤੇ ਵੇਲਜ਼ ‘ਚ ਅਪਰਾਧ ਸਰਵੇਖਣ ਦੇ ਨਤੀਜਿਆਂ ਮੁਤਾਬਕ ਹਿੰਦੂ ਧਾਰਮਿਕ ਤੌਰ ‘ਤੇ ਨਿਸ਼ਾਨਾ ਬਣਾਉਣ ਵਾਲਾ ਦੂਜਾ ਸਭ ਤੋਂ ਵੱਡਾ ਭਾਈਚਾਰਾ ਹੈ ਅਤੇ ਪੁਲਸ ਵੀ ਹਿੰਦੂਆਂ ਖ਼ਿਲਾਫ਼ ਨਫਰਤੀ ਅਪਰਾਧਾਂ ਦੀਆਂ ਘਟਨਾਵਾਂ ਨੂੰ ਗੰਭੀਰਤਾ ਨਾਲ ਨਹੀਂ ਲੈਂਦੀ।
ਇਸ ਲਈ ਲੰਡਨ ਅਸੈਂਬਲੀ ਨੇ ਇਸ ਦਿਸ਼ਾ ਵਿਚ ਗੰਭੀਰਤਾ ਨਾਲ ਸੋਚਣਾ ਸ਼ੁਰੂ ਕਰ ਦਿੱਤਾ ਹੈ ਅਤੇ ਅਸੈਂਬਲੀ ਵੱਲੋਂ ਕਿਹਾ ਗਿਆ ਹੈ ਕਿ ਮੈਟਰੋਪੋਲੀਟਨ ਪੁਲਿਸ ਨੂੰ ਇਸ ਮਾਮਲੇ ਵਿਚ ਕਮਿਊਨਿਟੀ ਲੀਡਰਾਂ ਨਾਲ ਮਿਲ ਕੇ ਕੰਮ ਕਰਨਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਨੂੰ ਨਫ਼ਰਤੀ ਅਪਰਾਧਾਂ ਵਿਰੁੱਧ ਸ਼ਿਕਾਇਤ ਕਰਨ ਲਈ ਜਾਗਰੂਕ ਕੀਤਾ ਜਾ ਸਕੇ।
ਆਪਣੇ ਪ੍ਰਸਤਾਵ ਵਿਚ ਹਿਰਾਨੀ ਨੇ ਕਿਹਾ ਕਿ ਲੰਡਨ ਵਿਚ ਹਿੰਦੂ ਫੋਬੀਆ ਲਈ ਕੋਈ ਥਾਂ ਨਹੀਂ ਹੈ ਪਰ ਇਸ ਦੇ ਬਾਵਜੂਦ ਪਿਛਲੇ ਕੁਝ ਮਹੀਨਿਆਂ ‘ਚ ਹਿੰਦੂਆਂ ਵਿਰੁੱਧ ਅਪਰਾਧ ਦੀਆਂ ਘਟਨਾਵਾਂ ਵਿਚ ਵਾਧਾ ਹੋਇਆ ਹੈ। ਅਸੈਂਬਲੀ ਵਿਚ ਇਹ ਵੀ ਚਰਚਾ ਕੀਤੀ ਗਈ ਕਿ ਲੰਡਨ ਦੇ ਗ੍ਰਹਿ ਵਿਭਾਗ ਅਨੁਸਾਰ, 2022-23 ਵਿਚ ਹਿੰਦੂਆਂ ਵਿਰੁੱਧ ਅਪਰਾਧ ਦੀਆਂ 291 ਘਟਨਾਵਾਂ ਦਰਜ ਕੀਤੀਆਂ ਗਈਆਂ ਹਨ ਅਤੇ ਇਹ ਇੰਗਲੈਂਡ ਅਤੇ ਵੇਲਜ਼ ਵਿਚ ਅਪਰਾਧ ਦੀਆਂ ਕੁੱਲ ਘਟਨਾਵਾਂ ਦਾ 3 ਫੀਸਦੀ ਬਣਦੀ ਹੈ।