#CANADA

ਕੈਨੇਡਾ ਤੇ ਅਮਰੀਕਾ ਦੀ ਸਰਹੱਦ ਦੀ ਗਸ਼ਤ ਵਧਾਈ; ਫੜੋ-ਫੜੀ ਹੋਈ ਤੇਜ਼

ਟੋਰਾਂਟੋ, 6 ਫਰਵਰੀ (ਪੰਜਾਬ ਮੇਲ)- ਕੈਨੇਡਾ ਅਤੇ ਅਮਰੀਕਾ ਸਰਹੱਦ ‘ਤੇ ਹੁੰਦੀ ਨਸ਼ਿਆਂ ਅਤੇ ਮਨੁੱਖਾਂ ਦੀ ਤਸਕਰੀ ਰੋਕਣ ਲਈ ਦੋਵਾਂ ਦੇਸ਼ਾਂ ਵਿਚਕਾਰ ਗੱਲ ਵਪਾਰਕ ਜੰਗ ਅਤੇ ਰੋਕਾਂ ਲਗਾਉਣ ਤੱਕ ਪੁੱਜੀ ਹੋਈ ਹੈ। ਅਜਿਹੇ ‘ਚ ਕੈਨੇਡਾ ਵਾਲੇ ਪਾਸੇ ਕੈਨੇਡਾ ਬਾਰਡਰ ਸਰਵਿਸਜ਼ ਏਜੰਸੀ ਅਤੇ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਵੱਲੋਂ ਸਾਂਝੇ ਤੌਰ ‘ਤੇ ਬਾਰਡਰ ਦੀ ਗਸ਼ਤ ਵਧਾਈ ਗਈ ਹੈ। ਇਸ ਦੌਰਾਨ ਪਤਾ ਲੱਗ ਰਿਹਾ ਹੈ ਕਿ ਸਰਹੱਦ ਦੇ ਲਾਗੇ ਵਾਲੇ ਘਰਾਂ ‘ਚ ਰਹਿ ਰਹੇ ਅਮਰੀਕਨਾਂ ਅਤੇ ਕੈਨੇਡੀਅਨਾਂ ਨੇ ਵੀ ਕੈਨੇਡਾ ਤੋਂ ਅਮਰੀਕਾ ਜਾਂ ਅਮਰੀਕਾ ਤੋਂ ਕੈਨੇਡਾ ‘ਚ ਦਾਖਲ ਹੋਣ ਵਾਲੇ ਜਾਅਲੀ ਪ੍ਰਵਾਸੀਆਂ ਅਤੇ ਉਨ੍ਹਾਂ ਨੂੰ ਲੰਘਾਉਣ ਲਈ ਏਜੰਟਾਂ ਵੱਲੋਂ ਵਰਤੇ ਜਾਂਦੇ ਵਾਹਨਾਂ ਦੀਆਂ ਵੀਡੀਓਜ਼ ਅਤੇ ਤਸਵੀਰਾਂ ਪੁਲਿਸ ਨੂੰ ਸੌਂਪੀਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਸਬੂਤਾਂ ਨਾਲ ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਵਾਸਤੇ ਗੈਰ-ਕਾਨੂੰਨੀ ਵਿਦੇਸ਼ੀਆਂ ਦੀ ਪਛਾਣ ਕਰਨਾ ਅਤੇ ਉਨ੍ਹਾਂ ਨੂੰ ਡਿਪੋਰਟ ਕਰਨਾ ਸੌਖਾ ਹੋ ਜਾਂਦਾ ਹੈ।
ਬੀਤੇ ਹਫ਼ਤੇ ਇਕ ਵਾਹਨ ‘ਚ ਅਮਰੀਕਾ ਤੋਂ ਕੈਨੇਡਾ ‘ਚ ਲੰਘ ਰਹੇ 5 ਵਿਅਕਤੀਆਂ ਨੂੰ ਕੈਨੇਡਾ ਵਾਲੇ ਪਾਸੇ ਪੁੱਜ ਜਾਣ ਤੋਂ ਬਾਅਦ ਹਿਰਾਸਤ ‘ਚ ਲਿਆ ਗਿਆ ਸੀ ਅਤੇ ਸਰੱਹਦ ਨਾਲ ਰਹਿੰਦੇ ਇਕ ਪਰਿਵਾਰ ਵੱਲੋਂ ਦਿੱਤੇ ਗਏ ਵੀਡੀਓ ਦੇ ਆਧਾਰ ‘ਤੇ ਉਨ੍ਹਾਂ ਨੂੰ ਕੁਝ ਘੰਟਿਆਂ ‘ਚ ਹੀ ਅਮਰੀਕੀ ਅਧਿਕਾਰੀਆਂ ਨੂੰ ਸੌਂਪਣਾ ਸੰਭਵ ਹੋਇਆ ਸੀ। ਕੈਨੇਡਾ ਅਤੇ ਅਮਰੀਕਾ ਵਿਚਕਾਰ ਲਗਭਗ 8900 ਕਿਲੋਮੀਟਰ ਲੰਬੀ ਜ਼ਮੀਨੀ ਸਰਹੱਦ ਹੈ, ਜਿਸ ਉਪਰ ਬੀਤੇ ਸਾਰੇ ਸਮਿਆਂ ਦੇ ਮੁਕਾਬਲੇ ਮੌਜੂਦਾ ਦੌਰ ‘ਚ ਪਹਿਰੇਦਾਰੀ ਵਧਾਈ ਗਈ ਹੈ, ਕਿਉਂਕਿ ਜਾਅਲੀ ਤੌਰ ‘ਤੇ ਦਾਖਲ ਹੋਣ ਵਾਲੇ ਭਾਰਤੀਆਂ ਸਮੇਤ ਪਾਕਿਸਤਾਨੀਆਂ, ਮੈਕਸੀਕੋ, ਅਫਰੀਕੀਆਂ ਅਤੇ ਦੱਖਣੀ ਅਮਰੀਕੀ ਦੇਸ਼ਾਂ ਦੇ ਲੋਕਾਂ ਵੱਲੋਂ ਵੀਰਾਨ ਪਏ ਜਾਂ ਸੰਘਣੀ ਆਬਾਦੀ ਵਾਲੇ ਇਲਾਕਿਆਂ ਰਾਹੀਂ ਲੁਕ-ਛਿਪ ਕੇ ਇਕ ਤੋਂ ਦੂਜੇ ਦੇਸ਼ ‘ਚ ਵੜਨ ਦੀ ਤਾਕ ‘ਚ ਰਿਹਾ ਜਾਂਦਾ ਹੈ। ਇਨ੍ਹੀਂ ਦਿਨੀਂ ਸਰਦੀ ਬਹੁਤ ਪੈ ਰਹੀ ਹੈ, ਜਿਸ ਕਰਕੇ ਕਿਊਬਕ, ਓਨਟਾਰੀਓ (ਨਿਆਗਰਾ ਤੇ ਕਿੰਗਸਟਨ ਇਲਾਕੇ), ਮੈਨੀਟੋਬਾ, ਸਸਕੈਚਵਾਨ, ਅਲਬਰਟਾ ਅਤੇ ਬ੍ਰਿਟਿਸ਼ ਕੋਲੰਬੀਆ ਨਾਲ ਲੱਗਦੇ ਅਮਰੀਕਾ ਦੇ ਸਰਹੱਦੀ ਖਿੱਤਿਆਂ ਉਪਰ ਸੁਰੱਖਿਆ ਬਲਾਂ ਵੱਲੋਂ ਜ਼ਮੀਨੀ, ਹਵਾਈ ਤੇ ਜਲ ਸਾਧਨਾਂ ਰਾਹੀਂ ਵਿਸ਼ੇਸ਼ ਨਜ਼ਰਸਾਨੀ ਬਣਾ ਕੇ ਰੱਖੀ ਜਾਂਦੀ ਹੈ ਤਾਂ ਕਿ ਬਰਫ਼ੀਲੇ ਮੌਸਮ ‘ਚ ਸਰਹੱਦ ਪਾਰ ਕਰਦਿਆਂ ਲੋਕ ਆਪਣੀ ਜਾਨ ਖ਼ਤਰੇ ‘ਚ ਨਾ ਪਾਉਣ। ਜ਼ਿਕਰਯੋਗ ਹੈ ਕਿ ਬੀਤੇ ਕੁਝ ਸਾਲਾਂ ਦੌਰਾਨ ਕੈਨੇਡਾ ਸਰਕਾਰ ਵੱਲੋਂ ਲਾਗੂ ਰੱਖੀ ਗਈ ਆਪਣੀ ਬੇਲਗਾਮ ਵੀਜ਼ਾ ਅਤੇ ਇਮੀਗ੍ਰੇਸ਼ਨ ਨੀਤੀ ਕਾਰਨ ਦੇਸ਼ ਦੇ ਅੰਦਰ ਬਦਤਰ ਹੋਏ ਹਾਲਾਤ ਤੋਂ ਸਥਾਨਕ ਲੋਕਾਂ ਦਾ ਅਤੇ ਅਮਰੀਕਾ ‘ਚ ਨਵੇਂ ਬਣੇ ਟਰੰਪ ਪ੍ਰਸ਼ਾਸਨ ਦੇ ਭਾਰੀ ਦਬਾਅ ਹੈ। ਉਸ ਦਬਾਅ ਨੂੰ ਮਹਿਸੂਸ ਕਰਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਨ੍ਹਾਂ ਦੇ ਮੰਤਰੀਆਂ ਵੱਲੋਂ ਸੰਭਲ ਕੇ ਕਦਮ ਰੱਖਣੇ ਜਾਰੀ ਹਨ।