#Featured

ਕੈਨੇਡਾ ਜਾ ਕੇ ਨੂੰਹ ਨੇ ਪਤੀ ਤੇ ਸਹੁਰੇ ਪਰਿਵਾਰ ਨਾਲ ਰਿਸ਼ਤਾ ਰੱਖਣ ਤੋਂ ਕੀਤਾ ਸਾਫ਼ ਇਨਕਾਰ

-ਠੱਗੀ ਮਾਰਨ ਦੇ ਦੋਸ਼ ਹੇਠ ਕੈਨੇਡਾ ਗਈ ਲੜਕੀ ਤੇ ਉਸ ਦੇ ਮਾਤਾ-ਪਿਤਾ ਖਿਲਾਫ ਮਾਮਲਾ ਦਰਜ
ਜੀਰਾ, 1 ਜੁਲਾਈ (ਪੰਜਾਬ ਮੇਲ)- ਵਿਆਹ ਕਰਵਾ ਕੇ ਕੈਨੇਡਾ ਗਈ ਲੜਕੀ ਵੱਲੋਂ ਆਪਣੇ ਪਤੀ ਤੇ ਸਹੁਰੇ ਪਰਿਵਾਰ ਨਾਲ ਰਿਸ਼ਤਾ ਰੱਖਣ ਤੋਂ ਇਨਕਾਰ ਕਰ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਥਾਣਾ ਸਿਟੀ ਜ਼ੀਰਾ ਦੀ ਪੁਲਿਸ ਨੇ ਕੈਨੇਡਾ ਗਈ ਲੜਕੀ ਅਤੇ ਉਸ ਦੇ ਮਾਤਾ-ਪਿਤਾ ਤੇ ਭਰਾ ਖਿਲਾਫ਼ ਮਾਮਲਾ ਦਰਜ ਕੀਤਾ ਹੈ।
ਇਸ ਦੀ ਜਾਣਕਾਰੀ ਦਿੰਦੇ ਹੋਏ ਏ.ਐੱਸ.ਆਈ. ਰੇਸ਼ਮ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਦਿੱਤੀ ਸ਼ਿਕਾਇਤ ਤੇ ਬਿਆਨਾਂ ਵਿਚ ਅੰਗਰੇਜ ਸਿੰਘ ਪੁੱਤਰ ਇਕਬਾਲ ਸਿੰਘ ਵਾਸੀ ਜੌਹਲ ਨਗਰ ਜ਼ੀਰਾ ਨੇ ਦੋਸ਼ ਲਗਾਉਂਦੇ ਦੱਸਿਆ ਕਿ ਉਸ ਦੇ ਪੁੱਤਰ ਲਵਪ੍ਰੀਤ ਸਿੰਘ ਦਾ ਵਿਆਹ ਸਾਲ 2019 ਵਿਚ ਸੰਦੀਪ ਕੌਰ ਦੇ ਨਾਲ ਹੋਇਆ ਸੀ ਤੇ ਉਨ੍ਹਾ ਵੱਲੋਂ ਸੰਦੀਪ ਕੌਰ ਨੂੰ ਕੈਨੇਡਾ ਭੇਜਣ ਅਤੇ ਵਰਕ ਪਰਮਿਟ ਦਵਾਉਣ ‘ਤੇ 38 ਲੱਖ 48 ਹਜ਼ਾਰ 574 ਰੁਪਏ ਖਰਚ ਕੀਤੇ ਗਏ ਹਨ।
ਪਰ ਇਸ ਤੋਂ ਬਾਅਦ ਸੰਦੀਪ ਕੌਰ ਨੇ ਉਨ੍ਹਾਂ ਨਾਲ ਰਿਸ਼ਤਾ ਰੱਖਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਸੰਦੀਪ ਕੌਰ, ਗੁਰਨਾਮ ਸਿੰਘ, ਪਰਮਜੀਤ ਕੌਰ ਅਤੇ ਹਰਦਿਆਲ ਸਿੰਘ ਵਾਸੀਆਨ ਕੋਟ ਸਦਰ ਖਾਂ ਜ਼ਿਲ੍ਹਾ ਮੋਗਾ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਤੇ ਦੋਸ਼ੀਆਂ ਖਿਲਾਫ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।