– ਮਾਰਕ ਕਾਰਨੀ ਨੇਪੀਅਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਵਜੋਂ ਮੈਦਾਨ ‘ਚ ਉਤਰਨਗੇ
ਮਾਂਟਰੀਅਲ, 26 ਮਾਰਚ (ਪੰਜਾਬ ਮੇਲ)- ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸੰਸਦ ਭੰਗ ਕਰਨ ਤੇ ਦੇਸ਼ ਵਿਚ 28 ਅਪ੍ਰੈਲ ਨੂੰ ਸੰਸਦੀ ਚੋਣਾਂ ਕਰਵਾਉਣ ਦਾ ਐਲਾਨ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮਾਰਕ ਕਾਰਨੇ ਨੇ ਗਵਰਨਰ ਜਨਰਲ ਮੈਰੀ ਸਾਈਮਨ ਨਾਲ ਮੁਲਾਕਾਤ ਕਰ ਕੇ ਲੋਕ ਸਭਾ ਭੰਗ ਕਰਨ ਅਤੇ ਫੌਰੀ ਚੋਣਾਂ ਕਰਵਾਉਣ ਦੀ ਬੇਨਤੀ ਕੀਤੀ ਸੀ।
ਪ੍ਰਧਾਨ ਮੰਤਰੀ ਮਾਰਕ ਕਾਰਨੀ ਓਟਵਾ ਦੇ ਨੇਪੀਅਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਵਜੋਂ ਮੈਦਾਨ ਵਿਚ ਉਤਰਨਗੇ। ਲਿਬਰਲਾਂ ਦਾ ਗੜ੍ਹ ਮੰਨਿਆ ਜਾਂਦਾ ਇਹ ਹਲਕਾ ਲੰਮੇ ਸਮੇਂ ਤੋਂ ਪਾਰਟੀ ਦੇ ਕਬਜ਼ੇ ਹੇਠ ਹੈ। ਇਥੋਂ ਦੇ ਵੋਟਰਾਂ ਨੇ ਭਾਰਤੀ ਮੂਲ ਦੇ ਚੰਦਰ ਆਰੀਆ ਨੂੰ ਤਿੰਨ ਵਾਰ ਜਿਤਾ ਕੇ ਸੰਸਦ ਵਿਚ ਭੇਜਿਆ। ਹਾਲਾਂਕਿ ਕੁਝ ਮਾਮਲਿਆਂ ‘ਤੇ ਆਪਣੀ ਹੀ ਪਾਰਟੀ ਦੀ ਨੁਕਤਾਚੀਨੀ ਕਰਕੇ ਆਰੀਆ ਦਾ ਪੱਤਾ ਕੱਟ ਕੇ ਉਨ੍ਹਾਂ ਦੀ ਥਾਂ ਕਾਰਨੀ ਨੂੰ ਇਸ ਸੁਰੱਖਿਅਤ ਹਲਕੇ ਤੋਂ ਮੈਦਾਨ ਵਿਚ ਉਤਾਰਨ ਦਾ ਫੈਸਲਾ ਕੀਤਾ ਗਿਆ ਹੈ।
ਦੇਸ਼ ਦੀ ਗਵਰਨਰ ਜਨਰਲ ਮੈਰੀ ਸਾਈਮਨ ਨੇ ਲੋਕ ਸਭਾ ਭੰਗ ਕਰਕੇ ਹੰਗਾਮੀ ਚੋਣਾਂ ਕਰਵਾਉਣ ਦੀ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਤਜਵੀਜ਼ ‘ਤੇ ਜਿਵੇਂ ਹੀ ਸਹੀ ਪਾਈ ਤਾਂ ਦੇਸ਼ ਵਿਚ ਸਿਆਸੀ ਹਲਚਲ ਤੇਜ਼ ਹੋ ਗਈ। ਹਰੇਕ ਪਾਰਟੀ ਅਤੇ ਉਸ ਦੇ ਉਮੀਦਵਾਰਾਂ ਦੀਆਂ ਆਈ.ਟੀ. ਟੀਮਾਂ ਨੇ ਮੋਰਚੇ ਸੰਭਾਲਦੇ ਹੋਏ ਹਲਕੇ ਦੇ ਲੋਕਾਂ ਦੇ ਫੋਨ ਨੰਬਰਾਂ, ਈਮੇਲਾਂ ਤੇ ਸੋਸ਼ਲ ਮੀਡੀਆ ਖਾਤਿਆਂ ‘ਤੇ ਆਪਣੇ ਚੋਣ ਵਾਅਦਿਆਂ ਵਾਲੀਆਂ ਪੋਸਟਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ। ਮੰਨਿਆ ਜਾਂਦਾ ਹੈ ਕਿ ਇਸ ਵਾਰ ਦੀ ਚੋਣ ਪਹਿਲੀਆਂ ਚੋਣਾਂ ਤੋਂ ਕੁਝ ਮਹਿੰਗੀ ਹੋਵੇਗੀ, ਪਰ ਲੋਕ ਇਸ ਨੂੰ ਕਿਸ ਤਰ੍ਹਾਂ ਲੈਂਦੇ ਹਨ, ਇਸ ਦਾ ਪਤਾ 28 ਅਪ੍ਰੈਲ ਦੀ ਰਾਤ ਨੂੰ ਹੀ ਲੱਗੇਗਾ।
ਮਾਰਕ ਕਾਰਨੀ ਦੇ ਆਪਣਾ ਅਹੁਦਾ ਸੰਭਾਲਣ ਤੋਂ ਦੋ ਹਫ਼ਤਿਆਂ ਤੋਂ ਵੀ ਘੱਟ ਸਮੇਂ ਬਾਅਦ ਇਨ੍ਹਾਂ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ, ਜਿਨ੍ਹਾਂ ਨੇ ਸੰਯੁਕਤ ਰਾਜ ਅਮਰੀਕਾ ਨਾਲ ਵਧਦੇ ਤਣਾਅ ਦੇ ਸਮੇਂ ਜਸਟਿਨ ਟਰੂਡੋ ਦੀ ਥਾਂ ਲਈ ਸੀ। ਲਿਬਰਲ ਪਾਰਟੀ ਦੇ ਨੇਤਾ ਨੇ ਓਟਾਵਾ ਵਿਚ ਪੱਤਰਕਾਰਾਂ ਨੂੰ ਸੰਸਦ ਭੰਗ ਕਰਨ ਦੀ ਬੇਨਤੀ ਕਰਨ ਲਈ ਗਵਰਨਰ ਜਨਰਲ ਨਾਲ ਮੁਲਾਕਾਤ ਕਰਨ ਤੋਂ ਬਾਅਦ ਕਿਹਾ ਕਿ ਅਸੀਂ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਗੈਰ-ਵਾਜਬ ਵਪਾਰਕ ਕਾਰਵਾਈਆਂ ਅਤੇ ਸਾਡੀ ਪ੍ਰਭੂਸੱਤਾ ਲਈ ਉਨ੍ਹਾਂ ਦੇ ਖਤਰਿਆਂ ਕਾਰਨ ਆਪਣੇ ਜੀਵਨ ਕਾਲ ਦੇ ਸਭ ਤੋਂ ਮਹੱਤਵਪੂਰਨ ਸੰਕਟ ਦਾ ਸਾਹਮਣਾ ਕਰ ਰਹੇ ਹਾਂ।
ਪ੍ਰਧਾਨ ਮੰਤਰੀ ਮਾਰਕ ਕਾਰਨੀ ਦਾ ਕਹਿਣਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਟੈਰਿਫਾਂ ਬਾਰੇ ਦਿੱਤੀਆਂ ਜਾ ਰਹੀਆਂ ਧਮਕੀਆਂ ਤੋਂ ਨਜਿੱਠਣ ਲਈ ਉਨ੍ਹਾਂ ਨੂੰ ਸਪੱਸ਼ਟ ਬਹੁਮਤ ਦੀ ਲੋੜ ਹੈ। ਜ਼ਿਕਰਯੋਗ ਹੈ ਕਿ ਮੌਜੂਦਾ 44ਵੀਂ ਲੋਕ ਸਭਾ ਦੇ 338 ਮੈਂਬਰ ਸਨ, ਜਦਕਿ ਕੁਝ ਸੂਬਿਆਂ ਵਿਚ ਆਬਾਦੀ ਵਧਣ ਕਾਰਨ ਨਵੀਂ ਹੱਦਬੰਦੀ ਕਰਕੇ ਪੰਜ ਸੀਟਾਂ ਦਾ ਵਾਧਾ ਕੀਤਾ ਗਿਆ ਹੈ। 28 ਅਪ੍ਰੈਲ ਨੂੰ ਹੋਣ ਵਾਲੀਆਂ ਚੋਣਾਂ ਦੌਰਾਨ 45ਵੀਂ ਲੋਕ ਸਭਾ ਲਈ 343 ਮੈਂਬਰਾਂ ਦੀ ਚੋਣ ਕੀਤੀ ਜਾਵੇਗੀ ਅਤੇ ਬਹੁਮਤ ਹਾਸਲ ਕਰਨ ਲਈ ਕਿਸੇ ਵੀ ਪਾਰਟੀ ਨੂੰ 172 ਮੈਂਬਰਾਂ ਦੀ ਲੋੜ ਹੋਵੇਗੀ। ਕਾਰਨੇ ਨੇ ਕਿਹਾ, ”ਅਮਰੀਕੀ ਰਾਸ਼ਟਰਪਤੀ ਟਰੰਪ ਦੀਆਂ ਗੈਰ-ਵਾਜਬ ਵਪਾਰਕ ਕਾਰਵਾਈਆਂ ਕਾਰਨ ਸਾਡੀ ਪ੍ਰਭੂਸੱਤਾ ਨੂੰ ਦਰਪੇਸ਼ ਖ਼ਤਰਿਆਂ ਕਰ ਕੇ ਅਸੀਂ ਆਪਣੇ ਜੀਵਨ ਕਾਲ ਦੇ ਸਭ ਤੋਂ ਵੱਡੇ ਸੰਕਟ ਦਾ ਸਾਹਮਣਾ ਕਰ ਰਹੇ ਹਾਂ।” ਉਨ੍ਹਾਂ ਕਿਹਾ, ”ਕੈਨੇਡਾ ਨੂੰ ਸੁਰੱਖਿਅਤ ਕਰਨ ਲਈ ਬਹੁਤ ਕੁਝ ਕਰਨਾ ਬਾਕੀ ਹੈ। ਕੈਨੇਡਾ ਵਿਚ ਨਿਵੇਸ਼ ਕਰਨਾ, ਕੈਨੇਡਾ ਦਾ ਨਿਰਮਾਣ ਕਰਨਾ, ਕੈਨੇਡਾ ਨੂੰ ਇਕਜੁੱਟ ਕਰਨਾ। ਇਸ ਲਈ ਮੈਂ ਆਪਣੇ ਸਾਥੀ ਕੈਨੇਡਿਆਈ ਨਾਗਰਿਕਾਂ ਕੋਲੋਂ ਇੱਕ ਮਜ਼ਬੂਤ ਸਕਾਰਾਤਮਕ ਫ਼ਤਵਾ ਮੰਗ ਰਿਹਾ ਹਾਂ।
ਪਹਿਲਾਂ ਇਹ ਚੋਣ 20 ਅਕਤੂਬਰ ਤੱਕ ਹੋਣੀ ਸੀ, ਪਰ ਮਾਹਰਾਂ ਦਾ ਕਹਿਣਾ ਹੈ ਕਿ ਕਾਰਨੀ ਉਮੀਦ ਕਰ ਰਹੇ ਹਨ ਕਿ ਜਲਦੀ ਵੋਟਿੰਗ ਉਨ੍ਹਾਂ ਦੀ ਲਿਬਰਲ ਪਾਰਟੀ ਨੂੰ ਲਾਭ ਪਹੁੰਚਾਏਗੀ। 2015 ਤੋਂ ਸਰਕਾਰ ‘ਚ ਰਹੀ ਇਸ ਪਾਰਟੀ ਨੂੰ ਜਨਵਰੀ ਵਿਚ ਟਰੂਡੋ ਦੇ ਅਹੁਦਾ ਛੱਡਣ ਦੀ ਯੋਜਨਾ ਦੇ ਐਲਾਨ ਤੋਂ ਬਾਅਦ ਅਤੇ ਟਰੰਪ ਵੱਲੋਂ ਵਾਰ-ਵਾਰ ਧਮਕੀਆਂ ਦੇਣ ਤੋਂ ਬਾਅਦ ਸਮਰਥਨ ਵਿਚ ਵਾਧਾ ਹੋਇਆ ਹੈ।
ਕੈਨੇਡਾ ‘ਚ 28 ਅਪ੍ਰੈਲ ਨੂੰ ਹੋਣਗੀਆਂ ਸੰਸਦੀ ਚੋਣਾਂ
