#CANADA

ਕੈਨੇਡਾ ‘ਚ 133 ਕਰੋੜ ਰੁਪਏ ਦੇ ਨਸ਼ੀਲੇ ਪਦਾਰਥਾਂ ਦੀ smuggling ਦੇ ਦੋਸ਼ ‘ਚ 3 ਪੰਜਾਬੀ arrest

ਟੋਰਾਂਟੋ, 7 ਫਰਵਰੀ (ਪੰਜਾਬ ਮੇਲ)- ਕੈਨੇਡਾ ‘ਚ ਭਾਰਤੀ ਮੂਲ ਦੇ ਤਿੰਨ ਪੰਜਾਬੀ ਵਿਅਕਤੀਆਂ ਨੂੰ ਨਸ਼ਾ ਤਸਕਰੀ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਤਿੰਨਾਂ ‘ਤੇ 133 ਕਰੋੜ ਰੁਪਏ ਦੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦਾ ਦੋਸ਼ ਹੈ। ਇਹ ਲੋਕ ਮੈਕਸੀਕੋ ਤੋਂ ਡਰੱਗਜ਼ ਖਰੀਦ ਕੇ ਕੈਨੇਡਾ ਅਤੇ ਅਮਰੀਕਾ ਪਹੁੰਚਾਉਂਦੇ ਸਨ। ਜਾਣਕਾਰੀ ਮੁਤਾਬਕ ਕੈਨੇਡਾ ਦੀ ਪੁਲਿਸ ਅਤੇ ਅਮਰੀਕਾ ਦੀ ਜਾਂਚ ਏਜੰਸੀ ਐੱਫ.ਬੀ.ਆਈ. ਨਸ਼ਾ ਤਸਕਰਾਂ ਨੂੰ ਫੜਨ ਲਈ ‘ਡੈੱਡ ਹੈਂਡ ਆਪਰੇਸ਼ਨ’ ਚਲਾ ਰਹੀ ਹੈ। ਇਸ ਤਹਿਤ ਆਯੂਸ਼ ਸ਼ਰਮਾ, ਗੁਰਅਮ੍ਰਿਤ ਸਿੱਧੂ ਅਤੇ ਸ਼ੁਭਮ ਕੁਮਾਰ ਨੂੰ 2 ਜਨਵਰੀ ਨੂੰ ਕੈਨੇਡਾ ‘ਚ ਗ੍ਰਿਫਤਾਰ ਕੀਤਾ ਗਿਆ ਸੀ। ਹੁਣ ਉਨ੍ਹਾਂ ਨੂੰ ਅਮਰੀਕਾ ਹਵਾਲੇ ਕੀਤਾ ਜਾਵੇਗਾ।
ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਅਮਰੀਕੀ ਵਕੀਲ ਮਾਰਟਿਨ ਐਸਟਰਾਡਾ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਸਾਰੇ ਲੋਕ ਡਰੱਗ ਤਸਕਰੀ ਰੈਕੇਟ ਨਾਲ ਜੁੜੇ ਹੋਏ ਹਨ। ਉਹ ਮੈਕਸੀਕਨ ਡੀਲਰਾਂ ਤੋਂ ਨਸ਼ੇ ਖਰੀਦਦੇ ਸਨ। ਅਮਰੀਕਾ ਦੇ ਲਾਸ ਏਂਜਲਸ ਸਥਿਤ ਡਿਸਟ੍ਰੀਬਿਊਟਰ ਅਤੇ ਬ੍ਰੋਕਰ ਇਸ ਨੂੰ ਕੈਨੇਡੀਅਨ ਟਰੱਕ ਡਰਾਈਵਰਾਂ ਤੱਕ ਪਹੁੰਚਾਉਂਦੇ ਸਨ। ਇਸ ਤਰ੍ਹਾਂ ਕੈਨੇਡਾ ਅਤੇ ਅਮਰੀਕਾ ਵਿਚ ਮੈਕਸੀਕਨ ਨਸ਼ੇ ਵੇਚੇ ਜਾ ਰਹੇ ਸਨ।
ਜਾਣਕਾਰੀ ਅਨੁਸਾਰ 25 ਸਾਲਾ ਆਯੂਸ਼ ਅਤੇ 29 ਸਾਲਾ ਸੁਭਮ ਕੈਨੇਡਾ ਵਿਚ ਟਰੱਕ ਡਰਾਈਵਰ ਸਨ। ਉਹ ਮੈਕਸੀਕੋ ਤੋਂ ਕੈਨੇਡਾ ਰਾਹੀਂ ਅਮਰੀਕਾ ਆ ਕੇ ਨਸ਼ੇ ਵੇਚਦੇ ਸਨ। ਜਦੋਂਕਿ 60 ਸਾਲਾ ਗੁਰਅੰਮ੍ਰਿਤ ਮੈਕਸੀਕੋ ਤੋਂ ਨਸ਼ਾ ਖਰੀਦਦਾ ਸੀ। ਨਸ਼ਿਆਂ ਦੀ ਸਮੁੱਚੀ ਢੋਆ-ਢੁਆਈ ਗੁਰਅੰਮ੍ਰਿਤ ਦੀ ਨਿਗਰਾਨੀ ਹੇਠ ਹੁੰਦੀ ਸੀ। ਉਹ ‘ਬਾਦਸ਼ਾਹ’ ਵਜੋਂ ਜਾਣਿਆ ਜਾਂਦਾ ਸੀ।
ਗ੍ਰਿਫ਼ਤਾਰੀ ਦੌਰਾਨ ਪੁਲਿਸ ਨੇ ਭਾਰਤੀ ਮੂਲ ਦੇ ਤਿੰਨ ਵਿਅਕਤੀਆਂ ਕੋਲੋਂ 9 ਲੱਖ 40 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ 70 ਕਿਲੋ ਕੋਕੀਨ ਅਤੇ 4 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ 31 ਜਨਵਰੀ ਨੂੰ ਬ੍ਰਿਟੇਨ ਦੀ ਇਕ ਅਦਾਲਤ ਨੇ ਇਕ ਭਾਰਤੀ ਜੋੜੇ ਨੂੰ 33 ਸਾਲ ਦੀ ਸਜ਼ਾ ਸੁਣਾਈ ਸੀ। ਇਸ ਜੋੜੇ ‘ਤੇ ਨਸ਼ਾ ਤਸਕਰੀ ਦਾ ਦੋਸ਼ ਸੀ।