ਟੋਰਾਂਟੋ, 14 ਜਨਵਰੀ (ਪੰਜਾਬ ਮੇਲ)-ਕੈਨੇਡਾ ਦੇ ਪੀਲ ਖੇਤਰ ਵਿਚ ਪੁਲਿਸ ਨੇ ਦੇਸ਼ ਵਿਚ ਸੋਨੇ ਦੀ ਸਭ ਤੋਂ ਵੱਡੀ ਚੋਰੀ ਨਾਲ ਸਬੰਧਤ ਇਕ ਜਣੇ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਪ੍ਰਾਜੈਕਟ 24ਕੇ ਸਬੰਧੀ ਜਾਂਚ ਵਿਚ ਲੋੜੀਂਦਾ ਸੀ। ਇਹ ਮਾਮਲਾ 2.2 ਕਰੋੜ ਡਾਲਰ ਤੋਂ ਵੱਧ ਮੁੱਲ ਦੀਆਂ ਸੋਨੇ ਦੀਆਂ ਬਾਰਾਂ ਦੀ ਚੋਰੀ ਨਾਲ ਸਬੰਧਤ ਹੈ। ਇਹ ਦੇਸ਼ ਦੇ ਇਤਿਹਾਸ ਵਿਚ ਸੋਨੇ ਦੀ ਸਭ ਤੋਂ ਵੱਡੀ ਚੋਰੀ ਹੈ। ਪੀਲ ਖੇਤਰੀ ਪੁਲਿਸ ਦੀ ਵੈੱਬਸਾਈਟ ‘ਤੇ ਕਿਹਾ ਗਿਆ ਹੈ ਕਿ 43 ਸਾਲਾ ਅਰਸਲਾਨ ਚੌਧਰੀ ਨੂੰ ਸੋਮਵਾਰ ਨੂੰ ਟੋਰਾਂਟੋ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਸ ਵੇਲੇ ਗ੍ਰਿਫਤਾਰ ਕੀਤਾ ਗਿਆ, ਜਦੋਂ ਉਹ ਦੁਬਈ, ਸੰਯੁਕਤ ਅਰਬ ਅਮੀਰਾਤ ਤੋਂ ਇੱਕ ਉਡਾਣ ਰਾਹੀਂ ਇੱਥੇ ਆਇਆ। ਪੁਲਿਸ ਨੇ ਕਿਹਾ ਹੈ ਕਿ ਚੌਧਰੀ ਦਾ ਕੋਈ ਪੱਕਾ ਪਤਾ ਨਹੀਂ ਹੈ। ਪਹਿਲਾਂ ਰਿਪੋਰਟ ਵਿਚ ਕਿਹਾ ਗਿਆ ਸੀ ਕਿ ਉਹ ਮਿਸੀਸਾਗਾ ਨਾਲ ਸਬੰਧਤ ਹੈ। ਉਸ ‘ਤੇ $5,000 ਤੋਂ ਵੱਧ ਦੀ ਚੋਰੀ, ਜਾਇਦਾਦ ‘ਤੇ ਕਬਜ਼ਾ ਕਰਨ ਅਤੇ ਇੱਕ ਹੋਰ ਜਣੇ ਨਾਲ ਵਾਰਦਾਤ ਦੀ ਸਾਜ਼ਿਸ਼ ਰਚਣ ਦੇ ਦੋਸ਼ ਲਗਾਏ ਗਏ ਹਨ। ਚੌਧਰੀ ਨੂੰ ਬਰੈਂਪਟਨ ਵਿਚ ਓਨਟਾਰੀਓ ਕੋਰਟ ਆਫ਼ ਜਸਟਿਸ ਵਿਚ ਪੇਸ਼ ਕੀਤਾ ਗਿਆ।
ਇਹ ਮਾਮਲਾ 17 ਅਪ੍ਰੈਲ, 2023 ਦਾ ਹੈ, ਜਦੋਂ ਸਵਿਟਜ਼ਰਲੈਂਡ ਦੇ ਜ਼ਿਊਰਿਕ ਤੋਂ ਇੱਕ ਉਡਾਣ ਟੋਰਾਂਟੋ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਸਾਮਾਨ ਲੈ ਕੇ ਉਤਰੀ, ਜਿਸ ਵਿਚ 400 ਕਿਲੋ ਦੇ .9999-ਸ਼ੁੱਧ ਸੋਨੇ ਦੀ ਖੇਪ ਸੀ। ਇਸ ਵਿਚ 6,600 ਸੋਨੇ ਦੀਆਂ ਬਾਰਾਂ ਸਨ, ਜਿਨ੍ਹਾਂ ਦਾ ਮੁੱਲ $20 ਮਿਲੀਅਨ ਤੋਂ ਵੱਧ ਸੀ। ਇਸ ਖੇਪ ਨੂੰ ਹਵਾਈ ਅੱਡੇ ‘ਤੇ ਉਤਾਰਿਆ ਗਿਆ ਸੀ ਅਤੇ ਇੱਕ ਵੱਖਰੇ ਸਥਾਨ ‘ਤੇ ਲਿਜਾਇਆ ਗਿਆ ਸੀ ਪਰ ਕੁਝ ਘੰਟਿਆਂ ਬਾਅਦ ਹੀ ਇਸ ਸਾਮਾਨ ਦੇ ਗਾਇਬ ਹੋਣ ਦੀ ਰਿਪੋਰਟ ਮਿਲੀ।
ਪੁਲਿਸ ਨੇ ਚੋਰੀ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਤੇ ਇਸ ਮਾਮਲੇ ਵਿਚ ਦਸ ਵਿਅਕਤੀਆਂ ਦੀ ਪਛਾਣ ਕੀਤੀ, ਜਿਨ੍ਹਾਂ ਨੂੰ ਵਾਰੰਟ ਜਾਰੀ ਕੀਤੇ ਗਏ ਤੇ 21 ਤੋਂ ਵੱਧ ਦੋਸ਼ ਲਗਾਏ ਗਏ।
ਇਸ ਮਾਮਲੇ ਵਿਚ ਦੋ ਵਿਅਕਤੀ ਹਾਲੇ ਵੀ ਫਰਾਰ ਹਨ, ਜਿਨ੍ਹਾਂ ਵਿਚ ਬਰੈਂਪਟਨ ਤੋਂ 33 ਸਾਲਾ ਸਿਮਰਨ ਪ੍ਰੀਤ ਪਨੇਸਰ ਸ਼ਾਮਲ ਹੈ, ਜੋ ਏਅਰ ਕੈਨੇਡਾ ਦਾ ਸਾਬਕਾ ਕਰਮਚਾਰੀ ਸੀ। ਪਨੇਸਰ ਭਾਰਤ ਵਿਚ ਰਹਿ ਰਿਹਾ ਮੰਨਿਆ ਜਾਂਦਾ ਹੈ।
ਇਸ ਮਾਮਲੇ ਦਾ ਇਕ ਹੋਰ ਮੁਲਜ਼ਮ 36 ਸਾਲਾ ਪ੍ਰਸਾਥ ਪਰਮਾਲਿੰਗਮ ਹੈ, ਜੋ ਬਰੈਂਪਟਨ ਦਾ ਰਹਿਣ ਵਾਲਾ ਹੈ।
ਜ਼ਿਕਰਯੋਗ ਹੈ ਕਿ ਕੈਨੇਡਾ ਦੇ ਇਤਿਹਾਸ ਦੀ ਸਭ ਤੋਂ ਵੱਡੀ ਸੋਨੇ ਦੀ ਚੋਰੀ ਦਾ ਮਸ਼ਕੂਕ ਸਿਮਰਨ ਪ੍ਰੀਤ ਪਨੇਸਰ ਚੰਡੀਗੜ੍ਹ ਦੇ ਬਾਹਰਵਾਰ ਆਪਣੇ ਪਰਿਵਾਰ ਨਾਲ ਰਹਿ ਰਿਹਾ ਸੀ। ਪਨੇਸਰ 2.2 ਕਰੋੜ ਕੈਨੇਡੀਅਨ ਡਾਲਰ (ਕਰੀਬ 135 ਕਰੋੜ ਰੁਪਏ) ਮੁੱਲ ਦੀਆਂ ਸੋਨੇ ਦੀਆਂ ਬਾਰਜ਼ ਦੀ ਚੋਰੀ ਵਿਚ ਸ਼ਾਮਲ ਸੀ। ਪਨੇਸਰ ਏਅਰ ਕੈਨੇਡਾ ਦਾ ਸਾਬਕਾ ਮੈਨੇਜਰ ਹੈ। ਕੈਨੇਡੀਅਨ ਪੁਲਿਸ ਵੱਲੋਂ ਉਸ ਦੀ ਭਾਲ ਕੀਤੀ ਜਾ ਰਹੀ ਸੀ। ਹੁਣ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਪਨੇਸਰ ਆਪਣੇ ਪਰਿਵਾਰ ਨਾਲ ਚੰਡੀਗੜ੍ਹ ਨਜ਼ਦੀਕ ਰਹਿ ਰਿਹਾ ਸੀ।
‘ਦਿ ਫਿਫਥ ਅਸਟੇਟ ਵੱਲੋਂ ਕੀਤੀ ਗਈ ਸਾਂਝੀ ਜਾਂਚ ਤੋਂ ਪਤਾ ਲੱਗਾ ਹੈ ਕਿ ਸਿਮਰਨ ਪ੍ਰੀਤ ਪਨੇਸਰ ਚੰਡੀਗੜ੍ਹ ਦੇ ਬਾਹਰਵਾਰ ਆਪਣੇ ਪਰਿਵਾਰ ਨਾਲ ਕਿਰਾਏ ਦੇ ਮਕਾਨ ਵਿਚ ਰਹਿ ਰਿਹਾ ਸੀ। ਪਨੇਸਰ ਦੀ ਪਤਨੀ ਪ੍ਰੀਤੀ ਪਨੇਸਰ ਸਾਬਕਾ ਮਿਸ ਇੰਡੀਆ ਯੂਗਾਂਡਾ, ਗਾਇਕਾ ਅਤੇ ਅਦਾਕਾਰਾ ਹੈ।
ਕੈਨੇਡਾ ‘ਚ ਸੋਨੇ ਦੀ ਸਭ ਤੋਂ ਵੱਡੀ ਚੋਰੀ ਨਾਲ ਸਬੰਧਤ 1 ਵਿਅਕਤੀ ਟੋਰਾਂਟੋ ਹਵਾਈ ਅੱਡੇ ‘ਤੇ ਗ੍ਰਿਫ਼ਤਾਰ

