ਟੋਰਾਂਟੋ, 15 ਦਸੰਬਰ (ਪੰਜਾਬ ਮੇਲ)- ਭਾਰਤੀ ਮੂਲ ਦੇ ਕਾਰੋਬਾਰੀ ਰਣਵੀਰ ਮੰਡ ਦੇ ਕੈਨੇਡਾ ਦੇ ਕੈਲੇਡਨ ‘ਚ ਸਥਿਤ ਘਰ ‘ਤੇ ਗੋਲੀਬਾਰੀ ਹੋਈ ਹੈ। ਘਰ ‘ਤੇ 16 ਗੋਲੀਆਂ ਚਲਾਈਆਂ ਗਈਆਂ, ਜੋ ਕਾਰ, ਗੈਰੇਜ ਅਤੇ ਘਰ ਦੇ ਅੰਦਰ ਰਸੋਈ ਨੂੰ ਲੱਗੀਆਂ। ਇਸ ਗੋਲੀਬਾਰੀ ‘ਚ ਬਦਨਾਮ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਦਾ ਨਾਂ ਸਾਹਮਣੇ ਆਇਆ ਹੈ। ਕਾਰੋਬਾਰੀ ਤੋਂ 2 ਮਿਲੀਅਨ ਡਾਲਰ ਦੀ ਫਿਰੌਤੀ ਮੰਗੀ ਗਈ ਸੀ।
ਫਿਰੌਤੀ ਦੇਣ ਤੋਂ ਇਨਕਾਰ ਕਰਨ ‘ਤੇ ਉਸ ਦੇ ਘਰ ‘ਤੇ ਫਾਇਰਿੰਗ ਕੀਤੀ ਗਈ। ਘਟਨਾ ‘ਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ। ਕੈਨੇਡੀਅਨ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਰਣਵੀਰ ਮੰਡ ਨੇ ਕਿਹਾ ਕਿ ਲਗਭਗ 30 ਸਾਲ ਪਹਿਲਾਂ ਉਹ ਕੈਨੇਡਾ ‘ਚ ਆ ਕੇ ਰਹਿਣ ਲੱਗੇ ਅਤੇ ਇੱਥੇ ਆਪਣਾ ਰੈਸਟੋਰੈਂਟ ਅਤੇ ਇਕ ਕੰਸਟ੍ਰੱਕਸ਼ਨ ਕੰਪਨੀ ਚਲਾਉਂਦੇ ਹਨ। ਲਾਰੈਂਸ ਬਿਸ਼ਨੋਈ ਗੈਂਗ ਨੇ 3 ਮਹੀਨੇ ਪਹਿਲਾਂ ਉਨ੍ਹਾਂ ਕੋਲੋਂ ਫਿਰੌਤੀ ਮੰਗੀ ਸੀ। ਇਨਕਾਰ ਕਰਨ ‘ਤੇ ਇੰਗਲੈਂਡ ਅਤੇ ਇਟਲੀ ਦੇ ਵ੍ਹਟਸਐਪ ਨੰਬਰਾਂ ਤੋਂ ਉਨ੍ਹਾਂ ਨੂੰ ਧਮਕੀ ਭਰੀਆਂ ਕਾਲਾਂ ਆਈਆਂ। ਇਸ ਤੋਂ ਪਹਿਲਾਂ ਕੈਨੇਡਾ ਦੇ ਐਡਮਿੰਟਨ ਸ਼ਹਿਰ ‘ਚ ਸਟੱਡੀ ਵੀਜ਼ਾ ‘ਤੇ ਗਏ ਪੰਜਾਬ ਦੇ 2 ਨੌਜਵਾਨਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਹ ਪੰਜਾਬ ਦੇ ਮਾਨਸਾ ਦੇ ਰਹਿਣ ਵਾਲੇ ਸਨ।
ਕੈਨੇਡਾ ‘ਚ ਪੰਜਾਬੀ ਮੁੰਡਿਆਂ ਦੇ ਕਤਲ ਮਗਰੋਂ ਪੰਜਾਬੀ ਕਾਰੋਬਾਰੀ ਦੇ ਘਰ ‘ਤੇ ਫ਼ਾਇਰਿੰਗ

