ਓਟਾਵਾ, 31 ਜਨਵਰੀ (ਪੰਜਾਬ ਮੇਲ)- ਕੈਨੇਡਾ ਵਿਚ ਪੀ.ਆਰ. (ਸਥਾਈ ਨਿਵਾਸ) ਪਾਉਣ ਦੇ ਚਾਹਵਾਨ ਭਾਰਤੀਆਂ ਲਈ ਚੰਗੀ ਖ਼ਬਰ ਹੈ। ਕੈਨੇਡਾ ਨੇ ਸਥਾਈ ਨਿਵਾਸ (ਪੀ.ਆਰ.) ਲਈ ਇੱਕ ਨਵੇਂ ਪਾਇਲਟ ਪ੍ਰੋਗਰਾਮ ਦੀ ਸ਼ੁਰੂਆਤੀ ਤਾਰੀਖ਼ ਦਾ ਐਲਾਨ ਕਰ ਦਿੱਤਾ ਹੈ। ਇਮੀਗ੍ਰੇਸ਼ਨ, ਰਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ (ਆਈ.ਆਰ.ਸੀ.ਸੀ.) ਨੇ ਐਲਾਨ ਕੀਤਾ ਹੈ ਕਿ ਹੋਮ ਕੇਅਰ ਵਰਕਰਾਂ ਲਈ ਨਵਾਂ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ 31 ਮਾਰਚ, 2025 ਨੂੰ ਖੁੱਲ੍ਹੇਗਾ। ਇਨ੍ਹਾਂ ਨਵੇਂ ਪਾਇਲਟ ਪ੍ਰੋਗਰਾਮਾਂ ਨੂੰ ਆਈ.ਆਰ.ਸੀ.ਸੀ. ਦੁਆਰਾ ਸਮੂਹਿਕ ਤੌਰ ‘ਤੇ ਕੈਨੇਡਾ ਦਾ ‘ਹੋਮ ਕੇਅਰ ਵਰਕਰ ਇਮੀਗ੍ਰੇਸ਼ਨ ਪਾਇਲਟ’ ਕਿਹਾ ਜਾਂਦਾ ਹੈ। ਸੀ.ਆਈ.ਸੀ. ਨਿਊਜ਼ ਦੀ ਰਿਪੋਰਟ ਅਨੁਸਾਰ ਇਹ ਪਾਇਲਟ ਪ੍ਰੋਗਰਾਮ ਦੇਖਭਾਲ ਕਰਮਚਾਰੀਆਂ ਲਈ ਪਿਛਲੇ ਸਥਾਈ ਨਿਵਾਸ (ਪੀ.ਆਰ.) ਮਾਰਗਾਂ ਦੀ ਥਾਂ ਲੈਣਗੇ, ਜਿਨ੍ਹਾਂ ਦੀ ਮਿਆਦ ਖਤਮ ਹੋ ਗਈ ਹੈ।
ਇਨ੍ਹਾਂ ਨਵੇਂ ਪਾਇਲਟ ਪ੍ਰੋਗਰਾਮਾਂ ਲਈ ਯੋਗ ਹੋਣ ਲਈ ਵਿਦੇਸ਼ੀ ਨਾਗਰਿਕਾਂ ਕੋਲ ਕੈਨੇਡੀਅਨ ਲੈਂਗੂਏਜ ਬੈਂਚਮਾਰਕ (ਸੀ.ਐੱਲ.ਬੀ.) ਸਕੇਲ ‘ਤੇ ਚੌਥੇ ਪੱਧਰ ਦੇ ਬਰਾਬਰ ਅਧਿਕਾਰਤ ਭਾਸ਼ਾ ਦੀ ਯੋਗਤਾ ਹੋਣੀ ਚਾਹੀਦੀ ਹੈ। ਉਨ੍ਹਾਂ ਕੋਲ ਕੈਨੇਡੀਅਨ ਹਾਈ ਸਕੂਲ ਡਿਪਲੋਮਾ ਦੇ ਬਰਾਬਰ ਯੋਗਤਾ ਹੋਣੀ ਚਾਹੀਦੀ ਹੈ। ਵਿਦੇਸ਼ੀ ਨਾਗਰਿਕਾਂ ਕੋਲ ਹਾਲ ਹੀ ਵਿਚ ਅਤੇ ਸੰਬੰਧਿਤ ਕੰਮ ਦਾ ਤਜ਼ਰਬਾ ਹੋਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਘਰੇਲੂ ਦੇਖਭਾਲ ਦੀ ਨੌਕਰੀ ਲਈ ਪੂਰੇ ਸਮੇਂ ਦੀ ਨੌਕਰੀ ਦੀ ਪੇਸ਼ਕਸ਼ ਪ੍ਰਾਪਤ ਹੋਣੀ ਚਾਹੀਦੀ ਹੈ। ਰਿਪੋਰਟ ਅਨੁਸਾਰ ਪਿਛਲੇ ਹੋਮ ਕੇਅਰ ਵਰਕਰ ਇਮੀਗ੍ਰੇਸ਼ਨ ਪ੍ਰੋਗਰਾਮ ਵਿਚ ਉਮੀਦਵਾਰਾਂ ਨੂੰ 16 ਜੂਨ, 2024 ਤੱਕ ਸਥਾਈ ਨਿਵਾਸ ਲਈ ਯੋਗ ਹੋਣ ਲਈ ਸਿਰਫ 6 ਮਹੀਨਿਆਂ ਦਾ ਤਜਰਬਾ ਹੋਣਾ ਜ਼ਰੂਰੀ ਸੀ। ਆਈ.ਆਰ.ਸੀ.ਸੀ. ਨੇ ਅਜੇ ਤੱਕ ਹੋਰ ਵੇਰਵਿਆਂ ਅਤੇ ਯੋਗਤਾ ਜ਼ਰੂਰਤਾਂ ਦਾ ਐਲਾਨ ਨਹੀਂ ਕੀਤਾ ਹੈ।
ਆਈ.ਆਰ.ਸੀ.ਸੀ. ਅਨੁਸਾਰ 2025-2027 ਦੀ ਮਿਆਦ ਲਈ ਇਸਦੀ ਸੰਘੀ ਆਰਥਿਕ ਪਾਇਲਟ ਸ਼੍ਰੇਣੀ ਤਹਿਤ ਲਗਭਗ 10,920 ਨਵੇਂ ਇਮੀਗ੍ਰੇਸ਼ਨ ਦਾਖਲਾ ਸਥਾਨ ਅਲਾਟ ਕੀਤੇ ਜਾਣਗੇ। ਹੋਮ ਕੇਅਰ ਵਰਕਰ ਪ੍ਰੋਗਰਾਮ ਲਈ ਥਾਵਾਂ ਦੀ ਸਹੀ ਗਿਣਤੀ ਅਜੇ ਉਪਲਬਧ ਨਹੀਂ ਹੈ, ਪਰ ਮਾਹਰਾਂ ਦਾ ਅੰਦਾਜ਼ਾ ਹੈ ਕਿ ਇਹ ਪਿਛਲੇ ਪ੍ਰੋਗਰਾਮਾਂ ਨਾਲੋਂ ਲਗਭਗ ਦੁੱਗਣੀ ਹੋਵੇਗੀ। ਇਸ ਨਵੇਂ ਪ੍ਰੋਗਰਾਮ ਨੂੰ ਸ਼ੁਰੂ ਕਰਨ ਲਈ ਪਹਿਲਾਂ ਦੇ ਪ੍ਰੋਗਰਾਮਾਂ ਨੂੰ ਬੰਦ ਕਰ ਦਿੱਤਾ ਗਿਆ ਸੀ, ਜੋ ਲਗਭਗ 5,500 ਪੀ.ਆਰ. ਸਪਾਟ ਪ੍ਰਦਾਨ ਕੀਤੇ ਸਨ। ਜ਼ਿਕਰਯੋਗ ਹੈ ਕਿ ਆਈ.ਆਰ.ਸੀ.ਸੀ. ਨੇ ਸਭ ਤੋਂ ਪਹਿਲਾਂ 3 ਜੂਨ, 2024 ਨੂੰ ਘਰੇਲੂ ਦੇਖਭਾਲ ਕਰਮਚਾਰੀਆਂ ਲਈ ਨਵਾਂ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਖੋਲ੍ਹਣ ਦੇ ਆਪਣੇ ਇਰਾਦੇ ਦਾ ਐਲਾਨ ਕੀਤਾ ਸੀ। ਕੁਝ ਦਿਨਾਂ ਬਾਅਦ 17 ਜੂਨ, 2024 ਨੂੰ ਇਮੀਗ੍ਰੇਸ਼ਨ ਵਿਭਾਗ ਨੇ ਹੋਮ ਚਾਈਲਡ ਕੇਅਰ ਪ੍ਰੋਵਾਈਡਰ ਪਾਇਲਟ ਅਤੇ ਹੋਮ ਸਪੋਰਟ ਵਰਕਰ ਪਾਇਲਟ ਨੂੰ ਬੰਦ ਕਰ ਦਿੱਤਾ। ਨਵਾਂ ਹੋਮ ਕੇਅਰ ਵਰਕਰ ਇਮੀਗ੍ਰੇਸ਼ਨ ਪਾਇਲਟ ਪਿਛਲੇ ਕੇਅਰਰ ਇਮੀਗ੍ਰੇਸ਼ਨ ਰੂਟਾਂ ਦੀ ਥਾਂ ਲਵੇਗਾ।
ਕੈਨੇਡਾ ‘ਚ ਪੀ.ਆਰ. ਲਈ ਨਵੇਂ ਪਾਇਲਟ ਪ੍ਰੋਗਰਾਮ ਦੀ ਤਾਰੀਖ਼ ਦਾ ਐਲਾਨ
