ਓਟਾਵਾ/ਨਿਊਯਾਰਕ, 4 ਮਈ (ਪੰਜਾਬ ਮੇਲ)- ਕੈਨੇਡਾ ਵਿੱਚ ਖਾਲਿਸਤਾਨੀ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਮਾਮਲੇ ਵਿੱਚ ਤਿੰਨ ਭਾਰਤੀ ਨਾਗਰਿਕਾਂ ਨੂੰ ਗ੍ਰਿਫਤਾਰ ਕਰਨ ਵਾਲੇ ਕੈਨੇਡੀਅਨ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਦੀ ਜਾਂਚ ਹਾਲੇ ਖਤਮ ਨਹੀਂ ਹੋਈ ਅਤੇ ਇਸ ਕਤਲ ਵਿੱਚ ‘ਹੋਰਾਂ ’ ਨੇ ਭੂਮਿਕਾ ਨਿਭਾਈ ਹੈ। ਐਡਮਿੰਟਨ ਦੇ ਰਹਿਣ ਵਾਲੇ ਕਰਨ ਬਰਾੜ (22), ਕਮਲਪ੍ਰੀਤ ਸਿੰਘ (22) ਅਤੇ ਕਰਨਪ੍ਰੀਤ ਸਿੰਘ (28) ’ਤੇ ਕਤਲ ਅਤੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ ਲਾਏ ਗਏ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਗ੍ਰਿਫਤਾਰ ਕੀਤੇ ਵਿਅਕਤੀ ਇਕ ਕਥਿਤ ਸਮੂਹ ਦੇ ਮੈਂਬਰ ਹਨ, ਜਿਸ ਨੂੰ ਭਾਰਤ ਸਰਕਾਰ ਨੇ ਪਿਛਲੇ ਸਾਲ ਨਿੱਝਰ ਦੀ ਹੱਤਿਆ ਦਾ ਕੰਮ ਸੌਂਪਿਆ ਸੀ। ਨਿੱਝਰ (45) ਦੀ 18 ਜੂਨ, 2023 ਨੂੰ ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿੱਚ ਗੁਰਦੁਆਰੇ ਦੇ ਬਾਹਰ ਹੱਤਿਆ ਕਰ ਦਿੱਤੀ ਗਈ ਸੀ। ਨਿੱਝਰ ਕੈਨੇਡਾ ਦਾ ਨਾਗਰਿਕ ਸੀ। ‘ਇੰਟੈਗਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ’ (ਆਈਐੱਚਆਈਟੀ) ਦੇ ਇੰਚਾਰਜ ਸੁਪਰਡੈਂਟ ਮਨਦੀਪ ਮੂਕਰ ਨੇ ਕਿਹਾ, ‘ਜਾਂਚ ਇੱਥੇ ਖਤਮ ਨਹੀਂ ਹੁੰਦੀ। ਸਾਨੂੰ ਪਤਾ ਹੈ ਕਿ ਇਸ ਕਤਲ ਵਿੱਚ ਕੁਝ ਹੋਰ ਲੋਕਾਂ ਦੀ ਵੀ ਅਹਿਮ ਭੂਮਿਕਾ ਹੈ ਅਤੇ ਅਸੀਂ ਹਰ ਇੱਕ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਾਂਗੇ।’