-20 ਜਨਵਰੀ ਤੱਕ ਦਾਖ਼ਲ ਕੀਤੀਆਂ ਜਾਣਗੀਆਂ ਨਾਮਜ਼ਦਗੀਆਂ
* ਹਰੇਕ ਉਮੀਦਵਾਰ ਨੂੰ ਪਾਰਟੀ ਕੋਲ ਜਮ੍ਹਾਂ ਕਰਵਾਉਣੇ ਹੋਣਗੇ 3.5 ਲੱਖ ਡਾਲਰ
ਵੈਨਕੂਵਰ, 11 ਜਨਵਰੀ (ਪੰਜਾਬ ਮੇਲ)- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ 6 ਮਾਰਚ ਨੂੰ ਲਿਬਰਲ ਪਾਰਟੀ ਦੇ ਸੰਸਦੀ ਆਗੂ ਦੇ ਅਹੁਦੇ ਤੋਂ ਮੁਸਤਫੀ ਹੋਣ ਦੇ ਐਲਾਨ ਤੋਂ ਬਾਅਦ ਨਵੇਂ ਆਗੂ ਦੀ ਚੋਣ ਲਈ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਪਾਰਟੀ ਦੇ ਬੋਰਡ ਆਫ ਡਾਇਰੈਕਟਰਜ਼ ਦੀ ਮੀਟਿੰਗ ਵਿਚ ਫੈਸਲਾ ਲਿਆ ਗਿਆ ਹੈ ਕਿ ਨਵੇਂ ਆਗੂ ਦੀ ਚੋਣ 9 ਮਾਰਚ ਨੂੰ ਹੋਵੇਗੀ, ਜਿਸ ਲਈ ਨਾਮਜ਼ਦਗੀਆਂ ਦਾਖ਼ਲ ਕਰਨ ਦਾ ਆਖਰੀ ਦਿਨ 23 ਜਨਵਰੀ ਤੈਅ ਕੀਤਾ ਗਿਆ ਹੈ। ਇਸ ਅਹੁਦੇ ਲਈ ਚੋਣ ਮੈਦਾਨ ਵਿਚ ਕੁੱਦਣ ਦੇ ਚਾਹਵਾਨ ਆਗੂਆਂ ਨੂੰ 3.5 ਲੱਖ ਡਾਲਰ (ਪ੍ਰਤੀ ਉਮੀਦਵਾਰ) ਪਾਰਟੀ ਕੋਲ ਜਮ੍ਹਾਂ ਕਰਵਾਉਣੇ ਹੋਣਗੇ।
ਪਾਰਟੀ ਆਗੂ ਬਣਨ ਵਾਲਿਆਂ ਦੀ ਦੌੜ ਵਿਚ ਬੈਂਕ ਆਫ ਕੈਨੇਡਾ ਦੇ ਸਾਬਕਾ ਗਵਰਨਰ ਮਾਰਕ ਕਾਰਨੇ ਅਤੇ ਬੀ.ਸੀ. ਦੀ ਸਾਬਕਾ ਮੁੱਖ ਮੰਤਰੀ ਕ੍ਰਿਸਟੀ ਕਲਾਰਕ ਪ੍ਰਮੁੱਖ ਦਾਅਵੇਦਾਰਾਂ ‘ਚ ਸ਼ਾਮਲ ਹਨ। ਉਂਝ, ਸਾਬਕਾ ਵਿੱਤ ਮੰਤਰੀ ਕ੍ਰਿਸਟੀਆ ਫ੍ਰੀਲੈਂਡ, ਚੰਦਰ ਆਰੀਆ ਅਤੇ ਕਿਊਬਕ ਤੋਂ ਸੰਸਦ ਮੈਂਬਰ ਫ਼ਰੈਂਕ ਬੈਲਿਸ ਵੀ ਉਮੀਦਵਾਰੀ ਦਾ ਦਾਅਵਾ ਕਰਨ ਦਾ ਮਨ ਬਣਾ ਰਹੇ ਹਨ। ਪਾਰਟੀ ਦੇ ਨਵੇਂ ਮੈਂਬਰ ਬਣਨ ਦੇ ਚਾਹਵਾਨ ਵਿਅਕਤੀ 27 ਜਨਵਰੀ ਤੱਕ ਅਰਜ਼ੀਆਂ ਦੇ ਸਕਦੇ ਹਨ। ਮੈਂਬਰਾਂ ਨੂੰ ਵੋਟ ਦਾ ਅਧਿਕਾਰ ਦੇਣ ਦੀਆਂ ਸ਼ਰਤਾਂ ਪਹਿਲਾਂ ਨਾਲੋਂ ਸਖ਼ਤ ਕੀਤੀਆਂ ਜਾ ਰਹੀਆਂ ਹਨ। ਜਾਣਕਾਰੀ ਮੁਤਾਬਕ ਨਵੀਆਂ ਸ਼ਰਤਾਂ ਤਹਿਤ 14 ਸਾਲ ਤੋਂ ਵੱਧ ਉਮਰ ਦਾ ਕੋਈ ਵੀ ਕੈਨੇਡਿਆਈ ਨਾਗਰਿਕ ਜਾਂ ਪੱਕੇ ਰਿਹਾਇਸ਼ੀ ਵਿਅਕਤੀ ਮੈਂਬਰ ਬਣਨ ਤੇ ਆਗੂ ਚੁਣਨ ਲਈ ਵੋਟ ਦਾ ਹੱਕ ਰੱਖਦੇ ਹਨ।
ਚੰਦਰ ਆਰੀਆ ਪ੍ਰਧਾਨ ਮੰਤਰੀ ਦੀ ਦੌੜ ‘ਚ
ਓਟਵਾ: ਕੈਨੇਡਾ ਦੇ ਭਾਰਤੀ ਮੂਲ ਦੇ ਸੰਸਦ ਮੈਂਬਰ ਚੰਦਰ ਆਰੀਆ ਨੇ ਐਲਾਨ ਕੀਤਾ ਹੈ ਕਿ ਉਹ ਵੀ ਲਿਬਰਲ ਪਾਰਟੀ ਦੇ ਨੇਤਾ ਦੇ ਅਹੁਦੇ ਦੀ ਦੌੜ ਵਿਚ ਸ਼ਾਮਲ ਹੋਣਗੇ। ਉਨ੍ਹਾਂ ਵੱਲੋਂ ਦੇਸ਼ ਨੂੰ ਇਕ ਪ੍ਰਭੂਸੱਤਾ ਸੰਪੰਨ ਗਣਰਾਜ ਬਣਾਉਣ, ਸੇਵਾਮੁਕਤੀ ਦੇ ਲਾਭ ਵਧਾਉਣ, ਇਕ ਨਾਗਰਿਕਤਾ ਆਧਾਰਤ ਟੈਕਸ ਪ੍ਰਣਾਲੀ ਅਮਲ ਵਿਚ ਲਿਆਉਣ ਅਤੇ ਫਲਸਤੀਨ ਨੂੰ ਵੱਖਰੇ ਮੁਲਕ ਵਜੋਂ ਮਾਨਤਾ ਦੇਣ ਆਦਿ ਵਾਅਦਿਆਂ ਨਾਲ ਚੋਣ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਕਰਨਾਟਕ ਵਿਚ ਜਨਮੇ ਓਟਵਾ ਦੇ ਸੰਸਦ ਮੈਂਬਰ ਚੰਦਰ ਆਰੀਆ ਵੱਲੋਂ ਇਹ ਐਲਾਨ ਵੀਰਵਾਰ ਸਵੇਰ ‘ਐਕਸ’ ‘ਤੇ ਕੀਤਾ ਗਿਆ। ਆਰੀਆ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਉਹ ਕੈਨੇਡਾ ਨੂੰ ਇਕ ਪ੍ਰਭੂਸੱਤਾ ਸੰਪੰਨ ਦੇਸ਼ ਬਣਾਉਣਾ ਚਾਹੁੰਦੇ ਹਨ, ਇਸ ਵਾਸਤੇ ਰਾਜਸ਼ਾਹੀ ਦੇ ਹੱਥ ਦੇਸ਼ ਦੀ ਵਾਗਡੋਰ ਦੇਣੀ ਬੰਦ ਕਰਨੀ ਪਵੇਗੀ।