#CANADA

ਕੈਨੇਡਾ ‘ਚ ਜਬਰੀ ਵਸੂਲੀ ਮਾਮਲੇ ‘ਚ 5 ਪੰਜਾਬੀਆਂ ਨੂੰ ਜ਼ਮਾਨਤ ਮਿਲਣ ‘ਤੇ ਮਚਿਆ ਬਵਾਲ

-ਜੇਲ੍ਹ ‘ਚੋਂ ਬਾਹਰ ਆਉਂਦੇ ਹੀ ਬਣਾਉਣ ਲੱਗੇ ਰੀਲਜ਼
ਟੋਰਾਂਟੋ, 13 ਫਰਵਰੀ (ਪੰਜਾਬ ਮੇਲ)- ਕੈਨੇਡਾ ਵਿਚ 5 ਪੰਜਾਬੀਆਂ ਨੂੰ ਜਬਰੀ ਵਸੂਲੀ ਦੇ ਮਾਮਲੇ ਵਿਚ ਜ਼ਮਾਨਤ ਦਿੱਤੇ ਜਾਣ ਨੂੰ ਲੈ ਕੇ ਬਵਾਲ ਮਚਿਆ ਹੋਇਆ ਹੈ। ਪੀਲ ਪੁਲਿਸ ਨੇ ਦੱਖਣੀ ਏਸ਼ੀਆਈ ਲੋਕਾਂ ਤੋਂ ਫਿਰੌਤੀ ਵਸੂਲਣ ਦੇ ਦੋਸ਼ ਹੇਠ ਅਰੁਣਦੀਪ ਥਿੰਦ (39), ਗਗਨ ਅਜੀਤ ਸਿੰਘ (23), ਅਨਮੋਲ ਦੀਪ ਸਿੰਘ (23), ਹਸ਼ਮੀਤ ਕੌਰ (25) ਅਤੇ ਲਈਮਨਜੋਤ ਕੌਰ ਨੂੰ ਗ੍ਰਿਫ਼ਤਾਰ ਕੀਤਾ ਸੀ। ਰਿਹਾਈ ਤੋਂ ਬਾਅਦ ਇਹ ਮੁਲਜਮ ਸੋਸ਼ਲ ਮੀਡੀਆ ‘ਤੇ ਰੀਲਜ਼ ਬਣਾ ਰਹੇ ਹਨ, ਜਿਸਦੀ ਸਖ਼ਤ ਨਿੰਦਾ ਹੋ ਰਹੀ ਹੈ। ਹਾਲਾਂਕਿ ਵਿਰੋਧੀ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਅਤੇ ਕੈਨੇਡਾ ‘ਚ ਹੋਣ ਵਾਲੀਆਂ ਚੋਣਾਂ ‘ਚ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਮੁੱਖ ਦਾਅਵੇਦਾਰ ਪਿਯਰੇ ਪੋਇਲਵਰੇ ਨੇ ਟਰੂਡੋ ਸਰਕਾਰ ਦੀ ਅਪਰਾਧੀਆਂ ਨੂੰ ਫੜਨ ਅਤੇ ਛੱਡਣ ਦੀ ਨੀਤੀ ਦੀ ਸਖ਼ਤ ਨਿੰਦਾ ਕੀਤੀ ਹੈ।
ਦੋਸ਼ੀਆਂ ਅਪਰਾਧੀਆਂ ਦੇ ਲਈ ਲਾਜ਼ਮੀ ਘੱਟੋ-ਘੱਟ ਕੈਦ ਦੀ ਸਜ਼ਾ ਨੂੰ ਰੱਦ ਕਰਨ ਨਾਲ ਜਬਰੀ ਵਸੂਲੀ ਕਰਨ ਵਾਲਿਆਂ ਲਈ ਜੇਲ੍ਹ ‘ਚੋਂ ਬਾਹਰ ਨਿਕਲਣਾ ਅਤੇ ਦੁਬਾਰਾ ਅਪਰਾਧ ਕਰਨਾ ਸੌਖਾ ਹੋ ਗਿਆ ਹੈ। ਵੈੱਬਸਾਈਟ ‘ਤੇ ਕਿਹਾ ਗਿਆ ਹੈ ਕਿ ਪਾਰਟੀ ਨੇ ਇਨ੍ਹਾਂ ਘਟਨਾਵਾਂ ਨੂੰ ਰੋਕਣ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਕਈ ਵਾਰ ਜਾਣੂ ਕਰਵਾਇਆ ਹੈ ਪਰ ਇਸ ਦਿਸ਼ਾ ‘ਚ ਕੋਈ ਕਾਰਵਾਈ ਨਹੀਂ ਕੀਤੀ ਗਈ। ਕੰਜ਼ਰਵੇਟਿਵ ਪਾਰਟੀ ਜੇਕਰ ਸੱਤਾ ਵਿਚ ਆਉਂਦੀ ਹੈ, ਤਾਂ ਜਬਰੀ ਵਸੂਲੀ ਕਰਨ ਵਾਲਿਆਂ ਲਈ ਘੱਟੋ-ਘੱਟ ਕੈਦ ਦੀ ਸਜ਼ਾ ਬਹਾਲ ਕੀਤੀ ਜਾਵੇਗੀ। ਇਸ ਵਿਚ ਗਿਰੋਹ, ਹਥਿਆਰਾਂ ਅਤੇ ਸਾੜਫੂਕ ਨਾਲ ਸਬੰਧਤ ਜਬਰੀ ਵਸੂਲੀ ਦੇ ਕੇਸਾਂ ਲਈ ਘੱਟੋ-ਘੱਟ ਜੇਲ੍ਹ ਦੀ ਸਜ਼ਾ ਵੀ ਸ਼ਾਮਲ ਹੈ।
ਕੰਜ਼ਰਵੇਟਿਵ ਪਾਰਟੀ ਨੇ ਜਬਰੀ ਵਸੂਲੀ ਦੇ ਮੁਲਜ਼ਮਾਂ ਨੂੰ ਛੱਡਣ ‘ਤੇ ਕਿਹਾ ਹੈ ਕਿ ਜਸਟਿਨ ਟਰੂਡੋ ਦੇ 8 ਸਾਲਾਂ ਦੇ ਕਾਰਜਕਾਲ ‘ਚ ਪੂਰੇ ਕੈਨੇਡਾ ਭਰ ਵਿਚ ਜਬਰੀ ਵਸੂਲੀ ਦੀ ਦਰ 218‚ ਵੱਧ ਗਈ ਹੈ। ਜਦਕਿ ਕਸਬੇ ਅਤੇ ਸ਼ਹਿਰ ਜੋ ਪਹਿਲਾਂ ਸ਼ਾਂਤਮਈ ਹੁੰਦੇ ਸਨ ਪਰ ਹੁਣ ਇਹ ਵਿਦੇਸ਼ੀ ਗੈਂਗਸਟਰਾਂ ਅਤੇ ਦਹਿਸ਼ਤ ਫੈਲਾਉਣ ਵਾਲਿਆਂ ਦੇ ਨਿਸ਼ਾਨੇ ‘ਤੇ ਹਨ। ਪਾਰਟੀ ਦਾ ਦੋਸ਼ ਹੈ ਕਿ ਨਾਗਰਿਕਾਂ ਨੂੰ ਹਿੰਸਾ ਅਤੇ ਸਾੜਫੂਕ ਦੀਆਂ ਧਮਕੀਆਂ ਦਿੱਤੀ ਜਾ ਰਹੀ ਹਨ। ਪਾਰਟੀ ਦੀ ਵੈੱਬਸਾਈਟ ਦੇ ਅਨੁਸਾਰ ਜਸਟਿਨ ਟਰੂਡੋ ਦੀ ਫੜਨ ਅਤੇ ਛੱਡਣ ਵਾਲੀ ਨਿਆਂ ਪ੍ਰਣਾਲੀ ਠੀਕ ਨਹੀਂ ਹੈ।