#CANADA

ਕੈਨੇਡਾ ‘ਚ ਗਰਮੀ ਦਾ ਪ੍ਰਕੋਪ ਵਧਿਆ: ਲੋਕਾਂ ਨੇ ਸਮੁੰਦਰ ‘ਚ ਲਗਾਈਆਂ ‘ਡੁੱਬਕੀਆਂ’

 ਵੈਨਕੂਵਰ,20 ਜੂਨ (ਮਲਕੀਤ ਸਿੰਘ/ਪੰਜਾਬ ਮੇਲ)- ਕਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ‘ਚ ਪਿਛਲੇ ਦੋ ਦਿਨਾਂ ਤੋਂ ਗਰਮੀ ਦੇ ਪ੍ਰਕੋਪ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਮੌਸਮ ਵਿਭਾਗ ਦੇ ਮਾਹਰਾਂ ਦੀ ਰਾਇ ਮੁਤਾਬਿਕ ਪਛੜ ਕੇ ਪੈ ਰਹੀ ਗਰਮੀ ਕਾਰਨ ਵੈਨਕੂਵਰ,ਸਰੀ ਅਤੇ ਆਸ-ਪਾਸ ਦੇ ਸ਼ਹਿਰਾਂ ‘ਚ ਬੁੱਧਵਾਰ ਵੱਧ ਤੋਂ ਵੱਧ ਤਾਪਮਾਨ 26 ਸੈਲਸੀਅਸ ਰਿਕਾਰਡ ਕੀਤਾ ਗਿਆ।ਜਦੋਂ ਕਿ ਵੀਰਵਾਰ ਤੀਕ ਇਹ ਤਾਪਮਾਨ ਵੱਧ ਕੇ 29 ਸੈਲਸੀਅਸ ਤੀਕ ਪੁੱਜਣ ਦੀ ਸੰਭਾਵਨਾ ਹੈ।ਮੌਸਮ ਵਿਭਾਗ ਵੱਲੋਂ ਆਮ ਲੋਕਾਂ ਨੂੰ ਮੌਸਮ ਦੇ ਅਚਾਨਕ ਬਦਲਦੇ ਮਿਜਾਜ ਦੇ  ਮੱਦੇਨਜ਼ਰ ਚੁਕੰਨਿਆ ਰਹਿਣ ਦੀ ਸਲਾਹ ਦਿੱਤੀ ਗਈ ਹੈ| ਹੋਰ ਵੇਰਵਿਆਂ ਅਨੁਸਾਰ ਆਉਂਦੇ ਇਕ ਦੋ ਦਿਨਾਂ ਤੀਕ ਮੌਸਮ ਗਰਮ ਰਹਿਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।ਜਦੋਂ ਕਿ ਐਤਵਾਰ ਨੂੰ ਬਦਲਵਾਈ ਹੋਣ ਕਾਰਨ ਤਪਦੇ ਮੌਸਮ ‘ਚ ਕੁਝ ਠੰਡਕ ਆਉਣ ਦੀ ਆਸ ਹੈ। ਦੂਸਰੇ ਪਾਸੇ ਗਰਮੀ ਦੇ ਸਤਾਏ ਬਹੁਗਿਣਤੀ ਲੋਕ ਠੰਡਕ ਦਾ ਆਨੰਦ ਲੈਣ ਲਈ ਵਾਈਟ ਰੌਕ,ਵਾਟਰ ਫਰੰਟ ਅਤੇ ਹੋਰਨਾਂ ਨੇੜਲੇ ਸਮੁੰਦਰੀ ਬੀਚਾ ਦੇ ਠੰਡੇ ਪਾਣੀਆਂ ‘ਚ ‘ਡੁੱਬਕੀਆਂ’ ਲਗਾਉਂਦੇ ਵੀ ਦਿਖਾਈ ਦਿੱਤੇ। ਵੈਨਕੂਵਰ ਦੇ ਡਾਉੂਨਡਾਉੂਨ ਏਰੀਆ ‘ਚ ਵੀ ਗਰਮੀ ਤੋਂ ਅੱਕੇ ਕੁਝ ‘ਪਿਆਕੜ’ ਠੰਡੀਆਂ ਬੀਅਰਾ ਨਾਲ ‘ਆਨੰਦ’ ਮਾਣਦੇ ਵੀ ਨਜ਼ਰੀ ਪਾਏ।