#CANADA

ਕੈਨੇਡਾ ‘ਚ ਕੌਮਾਂਤਰੀ ਵਿਦਿਆਰਥੀਆਂ ‘ਤੇ ਲਾਈਆਂ ਜਾ ਰਹੀਆਂ ਪਾਬੰਦੀਆਂ ਹੋ ਰਹੀਆਂ ਸਖਤ

-ਗ੍ਰੈਜੂਏਸ਼ਨ ਤੋਂ ਬਾਅਦ ਕੀਤੀ ਜਾਣ ਵਾਲੀ ਉਚੇਰੀ ਸਿੱਖਿਆ ਵਾਲੇ ਕਿੱਤੇ ਨਾਲ ਸਬੰਧਤ ਹੀ ਮਿਲੇਗਾ ਵਰਕ ਪਰਮਿਟ
ਵੈਨਕੂਵਰ, 18 ਮਈ (ਪੰਜਾਬ ਮੇਲ)- ਕੈਨੇਡਾ ਦੇ ਆਵਾਸ ਵਿਭਾਗ ਵਲੋਂ ਕੌਮਾਂਤਰੀ ਵਿਦਿਆਰਥੀਆਂ ‘ਤੇ ਲਾਈਆਂ ਜਾ ਰਹੀਆਂ ਪਾਬੰਦੀਆਂ ਨੂੰ ਹੋਰ ਸਖ਼ਤ ਕਰਦੇ ਹੋਏ ਹੁਣ ਉਨ੍ਹਾਂ ਨੂੰ ਪੋਸਟ ਗ੍ਰੈਜੂਏਸ਼ਨ ਦੌਰਾਨ ਮਿਲਣ ਵਾਲਾ ਓਪਨ ਵਰਕ ਪਰਮਿਟ ਸਿਰਫ਼ ਉਸੇ ਕਿੱਤੇ ਨਾਲ ਸਬੰਧਤ ਹੋਵੇਗਾ, ਜਿਸ ਵਿਚ ਉਹ ਉਚੇਰੀ ਸਿੱਖਿਆ ਗ੍ਰਹਿਣ ਕਰ ਰਹੇ ਹੋਣਗੇ।
ਆਵਾਸ ਮੰਤਰੀ ਮਾਈ ਮਿਲਰ ਨੇ ਇਸ ਵੱਲ ਇਸ਼ਾਰਾ ਦੋ ਹਫ਼ਤੇ ਪਹਿਲਾਂ ਕਰ ਦਿੱਤਾ ਸੀ। ਉਦੋਂ ਤੋਂ ਹੋਰ ਵਿਚਾਰਾਂ ਕੀਤੇ ਜਾਣ ਤੋਂ ਬਾਅਦ ਇਹ ਫੈਸਲਾ ਲੈ ਲਿਆ ਗਿਆ ਹੈ, ਜਿਸ ਦਾ ਐਲਾਨ ਕਿਸੇ ਵੇਲੇ ਵੀ ਕੀਤਾ ਜਾ ਸਕਦਾ ਹੈ। ਮੰਤਰੀ ਨੇ ਅੱਜ ਇਸ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਦੇਸ਼ ਵਿਚ ਆਏ ਹੋਏ ਵਿਦੇਸ਼ੀ ਲੋਕਾਂ ਨੂੰ ਪੱਕਾ ਕਰਨ ਨੂੰ ਪਹਿਲ ਦਿੱਤੀ ਜਾਵੇਗੀ। ਇਨ੍ਹਾਂ ਵਿਚ ਜ਼ਿਆਦਾਤਰ ਸਿਹਤ ਸੇਵਾਵਾਂ, ਵਪਾਰ, ਟਰਾਂਸਪੋਰਟ, ਖੇਤੀ ਤੇ ਬੁਨਿਆਦੀ ਸੇਵਾਵਾਂ ਵਿਚ ਕੰਮ ਕਰਦੇ ਲੋਕ ਸ਼ਾਮਲ ਹੋਣਗੇ। ਉਨ੍ਹਾਂ ਦੱਸਿਆ ਕਿ ਸੈਕੰਡਰੀ ਤੋਂ ਬਾਅਦ ਇੱਥੇ ਉਚੇਰੀ ਸਿੱਖਿਆ ਦੀ ਪੜ੍ਹਾਈ ਕਰਨ ਲਈ ਆਉਣ ਵਾਲੇ ਵਿਦੇਸ਼ੀ ਵਿਦਿਆਰਥੀਆਂ ਨੂੰ ਦਸ ਸਾਲਾਂ ਤੋਂ ਦਿੱਤੀ ਜਾ ਰਹੀ ਕੋਈ ਵੀ ਕੰਮ ਕਰਨ ਦੀ ਆਗਿਆ (ਓਪਨ ਵਰਕ ਪਰਮਿਟ) ‘ਤੇ ਪਹਿਲਾਂ ਹੀ ਪਾਬੰਦੀ ਲਗਾ ਦਿੱਤੀ ਗਈ ਹੈ।