– ਨੀਤੀਗਤ ਤਬਦੀਲੀਆਂ ਨਾਲ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਰਹੇ ਹਨ ਕੌਮਾਂਤਰੀ ਵਿਦਿਆਰਥੀ
– ਰਾਸ਼ਟਰੀ ਮੁੱਦਿਆਂ ਲਈ ਜ਼ਿੰਮੇਵਾਰ ਠਹਿਰਾਏ ਜਾ ਰਹੇ ਹਨ ਵਿਦਿਆਰਥੀ
ਟੋਰਾਂਟੋ, 24 ਦਸੰਬਰ (ਪੰਜਾਬ ਮੇਲ)- ਕੈਨੇਡਾ ‘ਚ ਕੌਮਾਂਤਰੀ ਵਿਦਿਆਰਥੀਆਂ ਲਈ ਨਿੱਤ ਨਵੇਂ ਨਿਯਮਾਂ ਦਾ ਐਲਾਨ ਮੁਸੀਬਤ ਬਣ ਗਿਆ ਹੈ। ਸਟੱਡੀ ਪਰਮਿਟਾਂ ਦੀ ਗਿਣਤੀ ਵਿਚ ਕਮੀ ਅਤੇ ਵਰਕ ਪਰਮਿਟਾਂ ਦੇ ਨਵੇਂ ਨਿਯਮ ਉਨ੍ਹਾਂ ਨੂੰ ਬੇਰੁਜ਼ਗਾਰੀ ਵੱਲ ਧੱਕ ਰਹੇ ਹਨ, ਜਿਸ ਕਾਰਨ ਉਹ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਰਹੇ ਹਨ। ਇਕ ਮੀਡੀਆ ਰਿਪੋਰਟ ਮੁਤਾਬਕ ਕੌਮਾਂਤਰੀ ਵਿਦਿਆਰਥੀਆਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਕੈਨੇਡਾ ਵਿਚ ਨੀਤੀਗਤ ਤਬਦੀਲੀਆਂ ਨੇ ਉਨ੍ਹਾਂ ਦੀ ਮਾਨਸਿਕ ਸਿਹਤ ‘ਤੇ ਮਾੜਾ ਅਸਰ ਪਾਇਆ ਹੈ।
ਵਿਦਿਆਰਥੀਆਂ ਦਾ ਕਹਿਣਾ ਹੈ ਕਿ ਕੈਨੇਡਾ ‘ਚ ਕੌਮਾਂਤਰੀ ਵਿਦਿਆਰਥੀਆਂ ਨੂੰ ਪਹਿਲਾਂ ਤੋਂ ਮੌਜੂਦ ਰਾਸ਼ਟਰੀ ਮੁੱਦਿਆਂ ਲਈ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਦੀਆਂ ਸਹੂਲਤਾਂ ‘ਚ ਕਟੌਤੀ ਕੀਤੀ ਜਾ ਰਹੀ ਹੈ। ਕੈਨੇਡਾ ਵਿਚ ਰਿਹਾਇਸ਼ੀ ਕਿਰਾਇਆ ‘ਚ ਵਾਧੇ ਤੇ ਮਹਿੰਗਾਈ ਲਈ ਕੌਮਾਂਤਰੀ ਵਿਦਿਰਥੀਆਂ ਨੂੰ ਵੀ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ, ਜਦਕਿ ਅਸਲੀਅਤ ਇਹ ਹੈ ਕਿ ਇਹ ਸਮੱਸਿਆ ਬਹੁਤ ਪੁਰਾਣੀ ਹੈ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਵਾਟਰਲੂ ਯੂਨੀਵਰਸਿਟੀ ਵੱਲੋਂ ਹਾਲ ਹੀ ਵਿਚ ਕੀਤੇ ਗਏ ਇਕ ਤਾਜ਼ਾ ਅਧਿਐਨ ਮੁਤਾਬਕ, ਕੌਮਾਂਤਰੀ ਵਿਦਿਆਰਥੀਆਂ ਨੂੰ ਚੰਗੀ ਰਿਹਾਇਸ਼ ਲੱਭਣ ਵਿਚ ਕਈ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਨਾਲ ਦੀ ਨਾਲ ਉਨ੍ਹਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਲੋੜੀਂਦੇ ਵੱਖ-ਵੱਖ ਬਦਲ ਨਹੀਂ ਹੁੰਦੇ ਹਨ। ਨੀਤੀਗਤ ਤਬਦੀਲੀਆਂ ਕਾਰਨ ਬੇਯਕੀਨੀ ਕੌਮਾਂਤਰੀ ਵਿਦਿਆਰਥੀਆਂ ‘ਤੇ ਵੀ ਭਾਰੀ ਪੈ ਰਹੀ ਹੈ।
ਰਿਪਰੋਟ ਮੁਤਾਬਕ ਵਧਦੀ ਅਪ੍ਰਵਾਸ ਵਿਰੋਧੀ ਬਿਆਨਬਾਜ਼ੀ ਦੀਆਂ ਖਬਰਾਂ ਵਿਚਾਲੇ ਇਕ ਲੋਕਪ੍ਰਿਯ ਅਧਿਐਨ ਸਥਾਨ ਵਜੋਂ ਕੈਨੇਡਾ ਦੀ ਸਾਖ ਵੀ ਦਾਅ ‘ਤੇ ਲੱਗੀ ਹੋਈ ਹੈ। ਕੈਨੇਡਾ ਵਿਚ ਕੌਮਾਂਤਰੀ ਵਿਦਿਆਰਥੀ ਭਾਈਚਾਰੇ ਦੇ ਕਈ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਨਸਲਵਾਦ ਦਾ ਸਾਹਮਣਾ ਕਰਨਾ ਪੈਂਦਾ ਹੈ।
ਦੱਸਿਆ ਜਾਂਦਾ ਹੈ ਕਿ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਨੂੰ ਹੋਰ ਘੱਟ ਕਰਨ ਦੀ ਯੋਜਨਾ ਦੇ ਐਲਾਨ ਤੋਂ ਪਹਿਲਾਂ ਹੀ ਕਈ ਰਿਪੋਰਟਾਂ ਨੇ ਸੁਝਾਅ ਦਿੱਤਾ ਸੀ ਕਿ 2024 ਦੇ ਅਖੀਰ ਤੱਕ ਕੈਨੇਡਾ ਵਿਚ ਅਧਿਐਨ ਪਰਮਿਟ ਬਿਨੈਕਾਰਾਂ ਵਿਚ 50 ਫੀਸਦੀ ਤੋਂ ਵੱਧ ਦੀ ਗਿਰਾਵਟ ਆਏਗੀ।
ਜ਼ਿਆਦਾ ਕਿਰਾਏ ਅਤੇ ਮਹਿੰਗੇ ਕਰਿਆਨੇ ਦੇ ਸਾਮਾਨ ਦੇ ਨਾਲ-ਨਾਲ ਸਭ ਕੁਝ ਬਹੁਤ ਮਹਿੰਗਾ ਹੋ ਰਿਹਾ ਹੈ। ਇੰਨਾ ਹੀ ਨਹੀਂ, ਕੈਨੇਡਾ ਵਿਚ ਲੇਬਰ ਮਾਰਕੀਟ ਵਿਚ ਕਮੀ ਕਾਰਨ ਕੌਮਾਂਤਰੀ ਵਿਦਿਆਰਥੀਆਂ ਉੱਤੇ ਵੀ ਬੇਰੁਜ਼ਗਾਰੀ ਦਾ ਅਸਰ ਪੈ ਰਿਹਾ ਹੈ। ਇਕ ਹੋਰ ਵਿਦਿਆਰਥੀ ਨੇ ਦੱਸਿਆ ਕਿ ਉਸ ਨੇ ਕੈਨੇਡਾ ਨੂੰ ਇਸ ਲਈ ਚੁਣਿਆ ਕਿਉਂਕਿ ਇਹ ਦੂਜੇ ਦੇਸ਼ਾਂ ਨਾਲੋਂ ਸਸਤਾ ਹੈ ਅਤੇ ਪੀ.ਆਰ. ਪ੍ਰਕਿਰਿਆ ਸੌਖੀ ਹੈ, ਪਰ ਹੁਣ ਉਨ੍ਹਾਂ ਦੀ ਸੋਚ ਬਦਲ ਗਈ ਹੈ, ਇੱਥੇ ਪੀ.ਆਰ. ਪ੍ਰਾਪਤ ਕਰਨਾ ਹੁਣ ਸੌਖਾ ਨਹੀਂ ਹੈ ਅਤੇ ਇੱਥੇ ਨੌਕਰੀਆਂ ਵੀ ਨਹੀਂ ਹਨ।