#CANADA

ਕੈਨੇਡਾ ‘ਚ ਆਬਾਦੀ ਵਾਧੇ ਨੂੰ ਲੱਗੀਆਂ ਬਰੇਕਾਂ, ਕੱਚਿਆਂ ਦੀ ਗਿਣਤੀ ਵੀ ਘਟਣ ਲੱਗੀ

ਚਾਲੂ ਵਰ੍ਹੇ ਦੀ ਪਹਿਲੀ ਤਿਮਾਹੀ ਦੇ ਅੰਕੜੇ ਜਾਰੀ
ਵੈਨਕੂਵਰ,  19 ਜੂਨ (ਪੰਜਾਬ ਮੇਲ)- ਅੰਕੜਾ ਵਿਭਾਗ ਵੱਲੋਂ ਆਬਾਦੀ ਸਬੰਧੀ ਇਸ ਸਾਲ ਦੀ ਪਹਿਲੀ ਤਿਮਾਹੀ ਦੇ ਜਾਰੀ ਕੀਤੇ ਅੰਕੜਿਆਂ ਤੋਂ ਬਾਅਦ ਆਬਾਦੀ ਵਾਧੇ ਨੂੰ ਬਰੇਕ ਲੱਗਦੀ ਨਜ਼ਰ ਆਈ ਹੈ। ਰਿਪੋਰਟ ਅਨੁਸਾਰ 31 ਮਾਰਚ ਤੱਕ ਕੈਨੇਡਾ ਦੀ ਆਬਾਦੀ 41,548,787 ਹੋ ਗਈ ਹੈ। ਪਿਛਲੇ ਸਮੇਂ ਤੋਂ ਹਰੇਕ ਤਿਮਾਹੀ ਦੇਸ਼ ਦੀ ਆਬਾਦੀ ਵਿਚ ਹੁੰਦੇ ਆ ਰਹੇ ਲੱਖਾਂ ਦੇ ਵਾਧੇ ਦੇ ਮੁਕਾਬਲੇ ਇਸ ਵਾਰ ਸਿਰਫ 20107 ਦਾ ਵਾਧਾ ਦਰਜ ਕੀਤਾ ਗਿਆ।
ਇਸ ਤਿਮਾਹੀ ਦੌਰਾਨ ਬ੍ਰਿਟਿਸ਼ ਕੋਲੰਬੀਆ ਤੇ ਓਨਟਾਰੀਓ ਸਮੇਤ ਬਹੁਤੇ ਸੂਬਿਆਂ ਦੀ ਆਬਾਦੀ ‘ਚ ਗਿਰਾਵਟ ਆਈ ਹੈ, ਜਦੋਂਕਿ ਅਲਬਰਟਾ ਵਿਚ ਵਾਧਾ ਦਰਜ ਹੋਇਆ। ਇਸ ਦਾ ਕਾਰਨ ਆਰਥਿਕਤਾ, ਮੰਦੀ ਦੀ ਮਾਰ ਤੋਂ ਬਚੇ ਰਹਿਣ ਅਤੇ ਘਰਾਂ ਦੀਆਂ ਘੱਟ ਕੀਮਤਾਂ ਕਾਰਨ ਹੋਰ ਸੂਬਿਆਂ ਤੋਂ ਹੋਈ ਹਿਜਰਤ ਸਮਝੀ ਜਾਂਦੀ ਹੈ। ਇਸ ਤੋਂ ਪਹਿਲਾਂ ਸਾਲ 2020 ਕਰੋਨਾ ਮਹਾਮਾਰੀ ਦੌਰਾਨ ਵੀ ਆਬਾਦੀ ਦਾ ਘੱਟ ਵਾਧਾ ਦਰਜ ਕੀਤਾ ਗਿਆ ਸੀ।
ਜਾਰੀ ਅੰਕੜਿਆਂ ਅਨੁਸਾਰ ਇਸ ਤਿਮਾਹੀ ‘ਚ ਕੱਚੇ ਰਿਹਾਇਸ਼ੀਆਂ ਦੀ 2959825 ਗਿਣਤੀ ਵਿਚ ਵੀ 61 ਹਜ਼ਾਰ ਦੀ ਗਿਰਾਵਟ ਦਰਜ ਹੋਈ ਹੈ। ਬੇਸ਼ੱਕ ਸਟੱਡੀ ਵੀਜ਼ੇ ਵਾਲਿਆਂ ਦੀ ਗਿਣਤੀ 53669 ਘਟੀ, ਪਰ ਇਸ ਦੌਰਾਨ ਵਿਦੇਸ਼ਾਂ ‘ਚੋਂ ਪੀ.ਆਰ. ਲੈ ਕੇ ਆਉਣ ਵਾਲਿਆਂ ਦੀ ਗਿਣਤੀ ‘ਚ ਕੁਝ ਵਾਧਾ ਹੋਇਆ ਹੈ। ਬ੍ਰਿਟਿਸ਼ ਕੋਲੰਬੀਆ ਤੇ ਓਨਟਾਰੀਓ ਦੀ ਆਬਾਦੀ ‘ਚ 1951 ਤੋਂ ਬਾਦ ਆਬਾਦੀ ਵਿਚ ਪਹਿਲੀ ਵਾਰ ਐਨੀ ਗਿਰਾਵਟ ਆਈ ਹੈ।