#CANADA

ਕੈਨੇਡਾ ‘ਚ ਅੰਤਰਰਾਸ਼ਟਰੀ Student ਹਫ਼ਤੇ ‘ਚ 24 ਘੰਟੇ ਹੀ ਕਰ ਸਕਣਗੇ ਕੰਮ!

-ਸਤੰਬਰ ਤੋਂ ਹੋਵੇਗਾ ਨਵਾਂ ਨਿਯਮ ਲਾਗੂ
– ਕਾਲਜਾਂ ਤੇ ਯੂਨੀਵਰਸਿਟੀਆਂ ਦੇ ਅੰਤਰਰਾਸ਼ਟਰੀ ਵਿਦਿਆਰਥੀਆਂ ‘ਚ ਜ਼ਿਆਦਾਤਰ ਸੀਟਾਂ ਭਾਰਤੀਆਂ ਕੋਲ
ਓਟਾਵਾ, 1 ਮਈ (ਪੰਜਾਬ ਮੇਲ)- ਕੈਨੇਡਾ ‘ਚ ਭਾਰਤੀ ਵਿਦਿਆਰਥੀਆਂ ਸਮੇਤ ਅੰਤਰਰਾਸ਼ਟਰੀ ਵਿਦਿਆਰਥੀ ‘ਤੇ ਲਾਗੂ ਹੋਣ ਵਾਲੇ ਨਵੇਂ ਨਿਯਮ ਅਨੁਸਾਰ ਸਤੰਬਰ ਤੋਂ ਪ੍ਰਤੀ ਹਫ਼ਤੇ ਸਿਰਫ਼ 24 ਘੰਟੇ ਹੀ ਕੈਂਪਸ ਤੋਂ ਬਾਹਰ ਕੰਮ ਕਰ ਸਕਣਗੇ। ਇਮੀਗ੍ਰੇਸ਼ਨ, ਸ਼ਰਨਾਰਥੀ ਅਤੇ ਨਾਗਰਿਕਤਾ ਮੰਤਰੀ ਮਾਰਕ ਮਿਲਰ ਨੇ ਸੋਮਵਾਰ ਨੂੰ ਇੱਕ ਪ੍ਰੈਸ ਬਿਆਨ ਵਿਚ ਕਿਹਾ, ”ਵਿਦਿਆਰਥੀਆਂ ਨੂੰ ਕੈਂਪਸ ਤੋਂ ਬਾਹਰ ਹਫ਼ਤੇ ਵਿਚ 20 ਘੰਟੇ ਤੋਂ ਵੱਧ ਕੰਮ ਕਰਨ ਦੀ ਆਗਿਆ ਦੇਣ ਵਾਲੀ ਅਸਥਾਈ ਨੀਤੀ 30 ਅਪ੍ਰੈਲ, 2024 ਨੂੰ ਖ਼ਤਮ ਹੋ ਜਾਵੇਗੀ ਅਤੇ ਇਸ ਨੂੰ ਅੱਗੇ ਨਹੀਂ ਵਧਾਇਆ ਜਾਵੇਗਾ।”
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਨੇ ਕੋਵਿਡ-19 ਮਹਾਮਾਰੀ ਦੌਰਾਨ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਕੰਮ ਦੇ ਘੰਟਿਆਂ ਦੀ 20 ਘੰਟੇ ਦੀ ਸੀਮਾ ਅਸਥਾਈ ਤੌਰ ‘ਤੇ ਮੁਆਫ਼ ਕਰ ਦਿੱਤੀ ਸੀ, ਤਾਂ ਜੋ ਦੇਸ਼ ਨੂੰ ਦਰਪੇਸ਼ ਮਜ਼ਦੂਰਾਂ ਦੀ ਕਮੀ ਨੂੰ ਦੂਰ ਕੀਤਾ ਜਾ ਸਕੇ। ਰਿਪੋਰਟ ਮੁਤਾਬਕ ਇਸ ਛੋਟ ਦੀ ਮਿਆਦ ਮੰਗਲਵਾਰ ਨੂੰ ਖ਼ਤਮ ਹੋ ਗਈ ਹੈ। ਗੌਰਤਲਬ ਹੈ ਕਿ ਕੈਨੇਡਾ ਭਾਰਤੀ ਵਿਦਿਆਰਥੀਆਂ ਲਈ ਸਭ ਤੋਂ ਵੱਧ ਪੰਸਦੀਦਾ ਥਾਵਾਂ ਵਿਚੋਂ ਇੱਕ ਹੈ। ਕੈਨੇਡੀਅਨ ਬਿਊਰੋ ਫਾਰ ਇੰਟਰਨੈਸ਼ਨਲ ਐਜੂਕੇਸ਼ਨ (ਸੀ.ਬੀ.ਆਈ.ਈ.) ਦੀ 2022 ਦੀ ਰਿਪੋਰਟ ਅਨੁਸਾਰ ਕੈਨੇਡਾ ਵਿਚ 3,19,130 ਭਾਰਤੀ ਵਿਦਿਆਰਥੀ ਸਨ। ਕੈਨੇਡਾ ਵਿਚ ਸਥਿਤ ਕਾਲਜਾਂ ਅਤੇ ਯੂਨੀਵਰਸਿਟੀਆਂ ਦੋਵਾਂ ਵਿਚ ਅੰਤਰਰਾਸ਼ਟਰੀ ਵਿਦਿਆਰਥੀਆਂ ਵਿਚ ਜ਼ਿਆਦਾਤਰ ਸੀਟਾਂ ਭਾਰਤੀਆਂ ਕੋਲ ਹਨ।
ਮਿਲਰ ਨੇ ਕਿਹਾ ਕਿ ਕੈਨੇਡਾ ਆਉਣ ਵਾਲੇ ਵਿਦਿਆਰਥੀਆਂ ਨੂੰ ਇੱਥੇ ਪੜ੍ਹਨ ਲਈ ਜ਼ਰੂਰ ਆਉਣਾ ਚਾਹੀਦਾ ਹੈ। ਮਿਸਰ ਮੁਤਾਬਕ,ਕੈਂਪਸ ਤੋਂ ਬਾਹਰ ਕੰਮ ਕਰਨਾ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਕੰਮ ਦਾ ਤਜ਼ਰਬਾ ਹਾਸਲ ਕਰਨ ਅਤੇ ਉਨ੍ਹਾਂ ਦੇ ਕੁਝ ਖਰਚਿਆਂ ਨੂੰ ਪੂਰਾ ਕਰਨ ਵਿਚ ਮਦਦ ਕਰਦਾ ਹੈ।” ਅਮਰੀਕਾ ਤੇ ਕੈਨੇਡਾ ਵਿਚ ਕੀਤੇ ਗਏ ਤਾਜ਼ਾ ਅਧਿਐਨਾਂ ਨੇ ਦਿਖਾਇਆ ਹੈ ਕਿ ਹਫ਼ਤੇ ਵਿਚ 28 ਘੰਟੇ ਤੋਂ ਵੱਧ ਕੰਮ ਕਰਨ ਵਾਲੇ ਵਿਦਿਆਰਥੀਆਂ ਦੀ ਅਕਾਦਮਿਕ ਕਾਰਗੁਜ਼ਾਰੀ ਵਿਚ ਕਾਫ਼ੀ ਗਿਰਾਵਟ ਆਈ ਹੈ ਅਤੇ ਪ੍ਰਤੀ ਹਫ਼ਤੇ 24 ਘੰਟੇ ਤੋਂ ਵੱਧ ਕੰਮ ਕਰਨਾ ਵਿਦਿਆਰਥੀ ਦੇ ਆਪਣੇ ਪ੍ਰੋਗਰਾਮ ਨੂੰ ਛੱਡ ਦੇਣ ਦੀ ਸੰਭਾਵਨਾ ਨੂੰ ਵਧਾਉਂਦਾ ਹੈ।
ਬਹੁਤੇ ਦੇਸ਼ ਜੋ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਸੁਆਗਤ ਕਰਦੇ ਹਨ, ਉਹ ਉਨ੍ਹਾਂ ਦੀ ਪੜ੍ਹਾਈ ਦੌਰਾਨ ਉਨ੍ਹਾਂ ਦੁਆਰਾ ਕੰਮ ਕਰਨ ਦੇ ਘੰਟਿਆਂ ਦੀ ਗਿਣਤੀ ਦੀ ਸੀਮਾ ਤੈਅ ਕਰਦੇ ਹਨ। ਆਸਟ੍ਰੇਲੀਆ ਨੇ ਹਾਲ ਹੀ ਵਿਚ ਇੱਕ ਵਿਦਿਆਰਥੀ ਨੂੰ ਹਰ 2 ਹਫ਼ਤਿਆਂ ਵਿਚ 48 ਘੰਟੇ ਕੰਮ ਕਰਨ ਦੀ ਇਜਾਜ਼ਤ ਦੇਣ ਲਈ ਆਪਣੀ ਨੀਤੀ ਵਿਚ ਬਦਲਾਅ ਕੀਤਾ ਹੈ। ਯੂ.ਐੱਸ. ਵਿਚ ਵਿਦਿਆਰਥੀਆਂ ਨੂੰ ਕੈਂਪਸ ਤੋਂ ਬਾਹਰ ਕੰਮ ਕਰਨ ਦੀ ਇਜਾਜ਼ਤ ਦੇਣ ਤੋਂ ਪਹਿਲਾਂ ਵਾਧੂ ਮਾਪਦੰਡ ਪੂਰੇ ਕਰਨੇ ਪੈਂਦੇ ਹਨ। ਰਿਪੋਰਟ ਅਨੁਸਾਰ ਨਵੀਂ ਕੰਮ ਸੀਮਾ ਉਦੋਂ ਆਈ ਹੈ, ਜਦੋਂ ਫੈਡਰਲ ਸਰਕਾਰ ਕੈਨੇਡਾ ਵਿਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ ਦੇ ਵਾਧੇ ਨੂੰ ਰੋਕ ਰਹੀ ਹੈ।