– ਸਾਲ 2018 ਤੋਂ ਹੁਣ ਤੱਕ ਇਲਾਜ ਦੀ ਉਡੀਕ ‘ਚ ਮਰਨ ਵਾਲਿਆਂ ਦੀ ਕੁੱਲ ਗਿਣਤੀ 1 ਲੱਖ ਤੋਂ ਟੱਪੀ
ਓਟਵਾ/ਟੋਰਾਂਟੋ, 23 ਦਸੰਬਰ (ਪੰਜਾਬ ਮੇਲ)- ਕੈਨੇਡਾ ਦੇ ਸਰਕਾਰੀ ਸਿਹਤ ਢਾਂਚੇ ਦੀ ਇੱਕ ਬੇਹੱਦ ਚਿੰਤਾਜਨਕ ਤਸਵੀਰ ਸਾਹਮਣੇ ਆਈ ਹੈ। ਇੱਕ ਤਾਜ਼ਾ ਰਿਪੋਰਟ ਅਨੁਸਾਰ, ਅਪ੍ਰੈਲ 2024 ਤੋਂ ਮਾਰਚ 2025 ਦੇ ਵਿਚਕਾਰ ਘੱਟੋ-ਘੱਟ 23,746 ਮਰੀਜ਼ਾਂ ਦੀ ਮੌਤ ਸਰਜਰੀ ਜਾਂ ਟੈਸਟਾਂ ਦੀ ਉਡੀਕ ਕਰਦਿਆਂ ਹੋ ਗਈ। ਇਹ ਅੰਕੜਾ ਪਿਛਲੇ ਸਾਲ ਦੇ ਮੁਕਾਬਲੇ ਤਿੰਨ ਫੀਸਦੀ ਜ਼ਿਆਦਾ ਹੈ ਤੇ ਸਾਲ 2018 ਤੋਂ ਹੁਣ ਤੱਕ ਇਲਾਜ ਦੀ ਉਡੀਕ ‘ਚ ਮਰਨ ਵਾਲਿਆਂ ਦੀ ਕੁੱਲ ਗਿਣਤੀ 1 ਲੱਖ ਨੂੰ ਪਾਰ ਕਰ ਗਈ ਹੈ।
ਸਰੋਤਾਂ ਅਨੁਸਾਰ, ਕੈਨੇਡਾ ਦੇ ਓਨਟਾਰੀਓ ਸੂਬੇ ‘ਚ ਸਭ ਤੋਂ ਵੱਧ 10,634 ਮੌਤਾਂ ਦਰਜ ਕੀਤੀਆਂ ਗਈਆਂ ਹਨ। ਇਸ ਤੋਂ ਬਾਅਦ ਕਿਊਬੈਕ ‘ਚ 6,290 ਅਤੇ ਬ੍ਰਿਟਿਸ਼ ਕੋਲੰਬੀਆ (ਬੀ.ਸੀ.) ‘ਚ 4,620 ਲੋਕਾਂ ਨੇ ਇਲਾਜ ਦੀ ਉਡੀਕ ‘ਚ ਦਮ ਤੋੜਿਆ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਅੰਕੜੇ ਅਜੇ ਵੀ ਪੂਰੇ ਨਹੀਂ ਹਨ, ਕਿਉਂਕਿ ਅਲਬਰਟਾ ਤੇ ਮੈਨੀਟੋਬਾ ਵਰਗੇ ਕਈ ਹਿੱਸਿਆਂ ਨੇ ਪੂਰੀ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ।
ਰਿਪੋਰਟ ‘ਚ ਕਈ ਅਜਿਹੇ ਪਰਿਵਾਰਾਂ ਦਾ ਜ਼ਿਕਰ ਹੈ, ਜਿਨ੍ਹਾਂ ਦੇ ਜੀਅ ਸਿਰਫ ਉਡੀਕ ਸੂਚੀ ਕਾਰਨ ਚੱਲ ਵਸੇ। ਮੈਨੀਟੋਬਾ ਦੀ ਡੈਬੀ ਫਿਊਸਟਰ ਨੂੰ ਦਿਲ ਦੀ ਸਰਜਰੀ ਲਈ ਤਿੰਨ ਹਫ਼ਤਿਆਂ ਦਾ ਸਮਾਂ ਦਿੱਤਾ ਗਿਆ ਸੀ, ਪਰ ਦੋ ਮਹੀਨਿਆਂ ਦੀ ਉਡੀਕ ਤੋਂ ਬਾਅਦ ਉਸਦੀ ਮੌਤ ਹੋ ਗਈ। ਇਸੇ ਤਰ੍ਹਾਂ 19 ਸਾਲਾ ਲੌਰਾ ਹਿਲੀਅਰ ਅਤੇ 16 ਸਾਲਾ ਫਿਨਲੇ ਵੈਨ ਡਰ ਵਰਕਨ ਨੇ ਵੀ ਸਮੇਂ ਸਿਰ ਇਲਾਜ ਨਾ ਮਿਲਣ ਕਾਰਨ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।
ਸਰੋਤ ਦੱਸਦੇ ਹਨ ਕਿ ਕੈਨੇਡਾ ਨੇ ਸਾਲ 2024-25 ਦੌਰਾਨ ਸਿਹਤ ਸੇਵਾਵਾਂ ‘ਤੇ 244 ਅਰਬ ਡਾਲਰ ਦਾ ਰਿਕਾਰਡ ਖ਼ਰਚ ਕੀਤਾ ਹੈ। ਇਸ ਦੇ ਬਾਵਜੂਦ, ਕੈਨੇਡਾ ‘ਚ ਦੂਜੇ ਵਿਕਸਿਤ ਦੇਸ਼ਾਂ ਦੇ ਮੁਕਾਬਲੇ ਡਾਕਟਰਾਂ, ਹਸਪਤਾਲਾਂ ਦੇ ਬੈੱਡਾਂ ਅਤੇ ਐੱਮ.ਆਰ.ਆਈ. ਮਸ਼ੀਨਾਂ ਦੀ ਭਾਰੀ ਕਮੀ ਹੈ। ਰਿਪੋਰਟ ਮੁਤਾਬਕ ਦਿੱਤਾ ਜਾਣ ਵਾਲਾ ਫੰਡ ਸਹੂਲਤਾਂ ਵਿਚ ਤਬਦੀਲ ਨਹੀਂ ਹੋ ਰਿਹਾ।
ਕੈਨੇਡਾ ‘ਚ ਅਪ੍ਰੈਲ 2024 ਤੋਂ ਮਾਰਚ 2025 ਦਰਮਿਆਨ 23,746 ਮਰੀਜ਼ਾਂ ਦੀ ਇਲਾਜ ਉਡੀਕਦਿਆਂ ਹੋਈ ਮੌਤ

