#CANADA

ਕੈਨੇਡਾ ਚੋਣਾਂ ਦੇ ਐਲਾਨ ਨਾਲ ਸਿਆਸੀ ਹਲਚਲ ਤੇਜ਼ ਹੋਈ

ਪ੍ਰਧਾਨ ਮੰਤਰੀ ਮਾਰਕ ਕਾਰਨੀ ਲਿਬਰਲਾਂ ਦੇ ਗੜ੍ਹ ਨੇਪੀਅਰ ਹਲਕੇ ਤੋਂ ਲੜਨਗੇ ਚੋਣ
ਵੈਨਕੂਵਰ, 25 ਮਾਰਚ (ਪੰਜਾਬ ਮੇਲ)- ਕੈਨੇਡਾ ‘ਚ 28 ਅਪ੍ਰੈਲ ਨੂੰ ਚੋਣਾਂ ਦੇ ਐਲਾਨ ਮਗਰੋਂ ਦੇਸ਼ ‘ਚ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਪ੍ਰਧਾਨ ਮੰਤਰੀ ਮਾਰਕ ਕਾਰਨੀ ਓਟਵਾ ਦੇ ਨੇਪੀਅਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਵਜੋਂ ਮੈਦਾਨ ਵਿਚ ਉਤਰਨਗੇ। ਲਿਬਰਲਾਂ ਦਾ ਗੜ੍ਹ ਮੰਨਿਆ ਜਾਂਦਾ ਇਹ ਹਲਕਾ ਲੰਮੇ ਸਮੇਂ ਤੋਂ ਪਾਰਟੀ ਦੇ ਕਬਜ਼ੇ ਹੇਠ ਹੈ। ਇਥੋਂ ਦੇ ਵੋਟਰਾਂ ਨੇ ਭਾਰਤੀ ਮੂਲ ਦੇ ਚੰਦਰ ਆਰੀਆ ਨੂੰ ਤਿੰਨ ਵਾਰ ਜਿਤਾ ਕੇ ਸੰਸਦ ਵਿਚ ਭੇਜਿਆ। ਹਾਲਾਂਕਿ ਕੁਝ ਮਾਮਲਿਆਂ ‘ਤੇ ਆਪਣੀ ਹੀ ਪਾਰਟੀ ਦੀ ਨੁਕਤਾਚੀਨੀ ਕਰਕੇ ਆਰੀਆ ਦਾ ਪੱਤਾ ਕੱਟ ਕੇ ਉਨ੍ਹਾਂ ਦੀ ਥਾਂ ਕਾਰਨੀ ਨੂੰ ਇਸ ਸੁਰੱਖਿਅਤ ਹਲਕੇ ਤੋਂ ਮੈਦਾਨ ਵਿਚ ਉਤਾਰਨ ਦਾ ਫੈਸਲਾ ਕੀਤਾ ਗਿਆ ਹੈ।
ਦੇਸ਼ ਦੀ ਗਵਰਨਰ ਜਨਰਲ ਮੈਰੀ ਸਾਈਮਨ ਨੇ ਲੋਕ ਸਭਾ ਭੰਗ ਕਰਕੇ ਹੰਗਾਮੀ ਚੋਣਾਂ ਕਰਵਾਉਣ ਦੀ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਤਜਵੀਜ਼ ‘ਤੇ ਜਿਵੇਂ ਹੀ ਸਹੀ ਪਾਈ ਤਾਂ ਦੇਸ਼ ਵਿਚ ਸਿਆਸੀ ਹਲਚਲ ਤੇਜ਼ ਹੋ ਗਈ। ਹਰੇਕ ਪਾਰਟੀ ਅਤੇ ਉਸ ਦੇ ਉਮੀਦਵਾਰਾਂ ਦੀਆਂ ਆਈ.ਟੀ. ਟੀਮਾਂ ਨੇ ਮੋਰਚੇ ਸੰਭਾਲਦੇ ਹੋਏ ਹਲਕੇ ਦੇ ਲੋਕਾਂ ਦੇ ਫੋਨ ਨੰਬਰਾਂ, ਈਮੇਲਾਂ ਤੇ ਸੋਸ਼ਲ ਮੀਡੀਆ ਖਾਤਿਆਂ ‘ਤੇ ਆਪਣੇ ਚੋਣ ਵਾਅਦਿਆਂ ਵਾਲੀਆਂ ਪੋਸਟਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ। ਬੇਸ਼ੱਕ ਸਾਰੇ ਦੇਸ਼ ਨੂੰ ਠੰਡ ਨੇ ਆਪਣੀ ਜਕੜ ਵਿਚ ਲਿਆ ਹੋਇਆ ਹੈ, ਪਰ ਸੜਕਾਂ ‘ਤੇ ਰੌਣਕ ਪਰਤਣ ਲੱਗੀ ਹੈ। ਰੇਡੀਓ ਅਤੇ ਟੀ.ਵੀ. ਚੈਨਲਾਂ ‘ਤੇ ਮੁੱਖ ਪਾਰਟੀਆਂ ਅਤੇ ਉਮੀਦਵਾਰਾਂ ਦੀ ਚਰਚਾ ਪਹਿਲਾਂ ਨਾਲੋਂ ਵਧ ਗਈ ਹੈ। ਮੰਨਿਆ ਜਾਂਦਾ ਹੈ ਕਿ ਇਸ ਵਾਰ ਦੀ ਚੋਣ ਪਹਿਲੀਆਂ ਚੋਣਾਂ ਤੋਂ ਕੁਝ ਮਹਿੰਗੀ ਹੋਵੇਗੀ, ਪਰ ਲੋਕ ਇਸ ਨੂੰ ਕਿਸ ਤਰ੍ਹਾਂ ਲੈਂਦੇ ਹਨ, ਇਸ ਦਾ ਪਤਾ 28 ਅਪ੍ਰੈਲ ਦੀ ਰਾਤ ਨੂੰ ਹੀ ਲੱਗੇਗਾ।
ਮਾਰਕ ਕਾਰਨੀ ਨੇ 14 ਮਾਰਚ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ‘ਤੇ ਬੈਠਦਿਆਂ ਹੀ ਕਾਰਬਨ ਟੈਕਸ ਹਟਾਉਣ ਸਮੇਤ ਲੋਕਾਂ ਵੱਲੋਂ ਸਾਲਾਂ ਤੋਂ ਕੀਤੀਆਂ ਜਾ ਰਹੀਆਂ ਮੰਗਾਂ ਮੰਨ ਲਈਆਂ ਤਾਂ ਲਿਬਰਲ ਪਾਰਟੀ ਦਾ ਹੇਠਾਂ ਵੱਲ ਜਾ ਰਿਹਾ ਗਰਾਫ ਇਕਦਮ ਵਧ ਗਿਆ ਤੇ ਹਫਤੇ ਬਾਅਦ ਹੋਏ ਸਰਵੇਖਣਾਂ ‘ਚ ਵਿਰੋਧੀ ਪਾਰਟੀ ਕੰਜ਼ਰਵੇਟਿਵ ਨੂੰ ਪਛਾੜ ਦਿੱਤਾ।