#PUNJAB

ਕੈਨੇਡਾ ਗਈ ਪਤਨੀ ਨੇ ਪਤੀ ਨਾਲ ਕੀਤਾ ਧੋਖਾ!

-ਪਾਸਪੋਰਟ ਰੀਨਿਊ ਕਰਵਾਉਣ ਆਈ ਪਤਨੀ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ
ਲੁਧਿਆਣਾ, 14 ਅਕਤੂਬਰ (ਪੰਜਾਬ ਮੇਲ)- ਲੁਧਿਆਣਾ ਜ਼ਿਲ੍ਹੇ ਦੇ ਰਾਏਕੋਟ ਤਹਿਸੀਲ ਅਧੀਨ ਪੈਂਦੇ ਪਿੰਡ ਬੋਪਾਰਾਏ ਖੁਰਦ ਦੇ ਰਹਿਣ ਵਾਲੇ ਹਰਪ੍ਰੀਤ ਸਿੰਘ ਨਾਲ ਕਰੋੜਾਂ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਕੈਨੇਡਾ ਭੇਜਣ ਦੇ ਨਾਂ ‘ਤੇ ਪਤਨੀ ਜਸਪ੍ਰੀਤ ਕੌਰ ਨੇ ਆਪਣੇ ਪਰਿਵਾਰ ਨਾਲ ਮਿਲ ਕੇ ਪਤੀ ਅਤੇ ਸਹੁਰੇ ਪਰਿਵਾਰ ਤੋਂ ਲਗਭਗ 50 ਲੱਖ ਰੁਪਏ ਠੱਗ ਲਏ ਅਤੇ ਕੈਨੇਡਾ ਪਹੁੰਚ ਕੇ ਪਤੀ ਨਾਲ ਸਾਰੇ ਸਬੰਧ ਤੋੜ ਲਏ। ਪੁਲਿਸ ਨੇ ਲੰਮੀ ਕਾਨੂੰਨੀ ਪ੍ਰਕਿਰਿਆ ਤੋਂ ਬਾਅਦ ਆਖ਼ਰਕਾਰ ਪਾਸਪੋਰਟ ਰੀਨਿਊ ਕਰਵਾਉਣ ਲਈ ਭਾਰਤ ਪਰਤੀ ਦੋਸ਼ੀ ਪਤਨੀ ਨੂੰ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕਰ ਲਿਆ ਹੈ।
ਮਾਮਲੇ ਦੀ ਸ਼ੁਰੂਆਤ 2019 ਵਿਚ ਹੋਈ ਸੀ, ਜਦੋਂ ਦੁਬਈ ਵਿਚ ਰੁਜ਼ਗਾਰ ਕਰ ਰਹੇ ਹਰਪ੍ਰੀਤ ਸਿੰਘ ਦਾ ਰਿਸ਼ਤਾ ਸੰਗਰੂਰ ਜ਼ਿਲ੍ਹੇ ਦੇ ਪਿੰਡ ਦੁੱਗਾ ਦੀ ਰਹਿਣ ਵਾਲੀ ਜਸਪ੍ਰੀਤ ਕੌਰ ਨਾਲ ਤੈਅ ਹੋਇਆ ਸੀ। ਜਸਪ੍ਰੀਤ ਨੇ ਆਈਲੈਟਸ ਪਾਸ ਕੀਤੀ ਹੋਈ ਸੀ ਅਤੇ ਉਹ ਕੈਨੇਡਾ ਜਾਣਾ ਚਾਹੁੰਦੀ ਸੀ ਪਰ ਉਸਦਾ ਪਰਿਵਾਰ ਆਰਥਿਕ ਤੌਰ ‘ਤੇ ਕਮਜ਼ੋਰ ਸੀ। ਇਸ ‘ਤੇ ਹਰਪ੍ਰੀਤ ਦੇ ਪਰਿਵਾਰ ਨੇ ਉਸਦੀ ਪੜ੍ਹਾਈ ਅਤੇ ਕੈਨੇਡਾ ਜਾਣ ਦਾ ਸਾਰਾ ਖ਼ਰਚਾ ਚੁੱਕਣ ਦੀ ਸ਼ਰਤ ‘ਤੇ ਵਿਆਹ ਕੀਤਾ ਕਿ ਬਾਅਦ ਵਿਚ ਉਹ ਪਤੀ ਨੂੰ ਵੀ ਸਪਾਂਸਰ ਵੀਜ਼ਾ ਰਾਹੀਂ ਕੈਨੇਡਾ ਬੁਲਾ ਲਵੇਗੀ। ਵਿਆਹ ਤੋਂ ਬਾਅਦ ਜਦੋਂ ਜਸਪ੍ਰੀਤ ਕੈਨੇਡਾ ਚਲੀ ਗਈ, ਤਾਂ ਉਸਨੇ ਪਤੀ ਨਾਲ ਗੱਲਬਾਤ ਕਰਨੋਂ ਇਨਕਾਰ ਕਰ ਦਿੱਤਾ ਅਤੇ ਵਾਪਸ ਆਉਣ ਤੋਂ ਸਾਫ਼ ਮੁੱਕਰ ਗਈ। 6 ਸਾਲ ਪਹਿਲਾਂ ਪੀੜਤ ਪਰਿਵਾਰ ਨੇ ਰਾਏਕੋਟ ਥਾਣੇ ਵਿਚ ਮਾਮਲਾ ਦਰਜ ਕਰਵਾਇਆ ਸੀ। ਹੁਣ ਪੁਲਿਸ ਨੇ ਮੁਲਜ਼ਮ ਜਸਪ੍ਰੀਤ ਕੌਰ ਨੂੰ ਅਦਾਲਤ ਵਿਚ ਪੇਸ਼ ਕਰਕੇ ਦੋ ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਲਿਆ ਹੈ ਅਤੇ ਪੁੱਛਗਿੱਛ ਜਾਰੀ ਹੈ।