ਲੰਡਨ, 23 ਨਵੰਬਰ (ਪੰਜਾਬ ਮੇਲ)- ਜਰਨਲ ਕਲੀਨਿਕਲ ਇਨਵੈਸਟੀਗੇਸ਼ਨ ਵਿਚ ਪ੍ਰਕਾਸ਼ਿਤ ਖੋਜ ਵਿਚ ਦੱਸਿਆ ਗਿਆ ਹੈ ਕਿ ਗੰਭੀਰ ਕੋਵਿਡ ਸੰਕਰਮਣ ਦਾ ਇੱਕ ਸੰਭਾਵੀ ਲਾਭ ਇਹ ਹੈ ਕਿ ਇਹ ਕੈਂਸਰ ਪ੍ਰਭਾਵਿਤ ਸੈੱਲਾਂ ਨੂੰ ਫੈਲਣ ਤੋਂ ਰੋਕਣ ਵਿਚ ਮਦਦ ਕਰ ਸਕਦਾ ਹੈ। ਚੂਹਿਆਂ ‘ਤੇ ਕੀਤੀ ਖੋਜ ਤੋਂ ਮਿਲੀ ਇਸ ਹੈਰਾਨੀਜਨਕ ਜਾਣਕਾਰੀ ਨਾਲ ਕੈਂਸਰ ਦੇ ਇਲਾਜ ਲਈ ਨਵੇਂ ਰਾਹ ਖੁੱਲ੍ਹ ਸਕਦੇ ਹਨ। ਖੋਜ ਵਿਚ ਇਮਿਊਨ ਸਿਸਟਮ ਅਤੇ ਕੈਂਸਰ ਸੈੱਲਾਂ ਵਿਚਕਾਰ ਇੱਕ ਗੁੰਝਲਦਾਰ ਸਬੰਧ ਦਾ ਜ਼ਿਕਰ ਕੀਤਾ ਗਿਆ ਹੈ, ਹਾਲਾਂਕਿ ਇਸਦਾ ਮਤਲਬ ਇਹ ਨਹੀਂ ਹੈ ਕਿ ਲੋਕ ਇਹ ਮੰਨ ਲੈਣ ਕਿ ਕੋਵਿਡ ਕੈਂਸਰ ਤੋਂ ਬਚਾਅ ਸਕਦਾ ਹੈ। ਖੋਜ ‘ਮੋਨੋਸਾਈਟਸ’ ਨਾਮਕ ਇਕ ਤਰ੍ਹਾਂ ਦੇ ਖੂਨ ਦੇ ਸੈੱਲ (ਰੈਂਡ ਬਲੱਡ ਸੈੱਲ) ‘ਤੇ ਕੇਂਦਰਿਤ ਸੀ। ਇਹ ਇਮਿਊਨ ਸੈੱਲ ਸਰੀਰ ਨੂੰ ਇਨਫੈਕਸ਼ਨ ਅਤੇ ਹੋਰ ਖਤਰਿਆਂ ਤੋਂ ਬਚਾਉਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ।
ਹਾਲਾਂਕਿ, ਕੈਂਸਰ ਦੇ ਮਰੀਜ਼ਾਂ ਵਿਚ, ਕਦੇ-ਕਦੇ ਟਿਊਮਰ ਸੈੱਲ ਮੋਨੋਸਾਈਟ ਸੈੱਲਾਂ ਨੂੰ ਆਪਣੀ ਲਪੇਟ ਲੈ ਕੇ ਉਨ੍ਹਾਂ ਨੂੰ ਕੈਂਸਰ ਦੇ ਵਿਕਾਸ ਲਈ ਅਨੁਕੂਲ ਬਣਾ ਦਿੰਦੇ ਹਨ। ਫਿਰ ਇਹ ਸੈੱਲ ਟਿਊਮਰ ਨੂੰ ਇਮਿਊਨ ਸਿਸਟਮ ਤੋਂ ਬਚਾਉਂਦੇ ਹਨ, ਜਿਸ ਕਾਰਨ ਟਿਊਮਰ ਫੈਲਣਾ ਸ਼ੁਰੂ ਹੋ ਜਾਂਦਾ ਹੈ। ਖੋਜਕਰਤਾਵਾਂ ਨੇ ਪਾਇਆ ਕਿ ਗੰਭੀਰ ਕੋਵਿਡ ਸੰਕਰਮਣ ਕਾਰਨ ਸਰੀਰ ਵਿਚ ਇੱਕ ਵਿਸ਼ੇਸ਼ ਕਿਸਮ ਦੇ ਮੋਨੋਸਾਈਟ ਸੈੱਲ ਬਣਦੇ ਹਨ, ਜਿਨ੍ਹਾਂ ਵਿਚ ਕੈਂਸਰ ਨਾਲ ਲੜਨ ਦੀ ਸਮਰੱਥਾ ਹੁੰਦੀ ਹੈ। ਇਹ ਮੋਨੋਸਾਈਟ ਸੈੱਲ ਵਿਸ਼ੇਸ਼ ਤੌਰ ‘ਤੇ ਵਾਇਰਸਾਂ ਨਾਲ ਲੜਨ ਦੇ ਸਮਰੱਥ ਹੁੰਦੇ ਹਨ, ਅਤੇ ਇਨ੍ਹਾਂ ਵਿਚ ਕੈਂਸਰ ਸੈੱਲਾਂ ਨਾਲ ਲੜਨ ਦੀ ਤਾਕਤ ਵੀ ਹੁੰਦੀ ਹੈ। ਖੋਜਕਰਤਾਵਾਂ ਨੇ ਪਾਇਆ ਕਿ ਇਨ੍ਹਾਂ ਮੋਨੋਸਾਈਟਸ ਵਿਚ ਇੱਕ ਵਿਸ਼ੇਸ਼ ‘ਰੀਸੈਪਟਰ’ ਹੁੰਦਾ ਹੈ, ਜੋ ਕੋਵਿਡ ਆਰ.ਐੱਨ.ਏ. ਦੇ ਇੱਕ ਖਾਸ ਕ੍ਰਮ ਨਾਲ ਚੰਗੀ ਤਰ੍ਹਾਂ ਜੁੜਿਆ ਹੁੰਦਾ ਹੈ।
ਸ਼ਿਕਾਗੋ ਦੀ ਨਾਰਥਵੈਸਟਰਨ ਯੂਨੀਵਰਸਿਟੀ ਦੀ ਇਸ ਖੋਜ ਵਿਚ ਸ਼ਾਮਲ ਵਿਗਿਆਨੀਆਂ ਵਿਚੋਂ ਇੱਕ ਅੰਕਿਤ ਭਾਰਤ ਨੇ ਇੱਕ ਤਾਲਾ-ਚਾਬੀ ਦੀ ਉਦਾਹਰਣ ਦੇ ਕੇ ਇਸ ਸਬੰਧ ਦੀ ਵਿਆਖਿਆ ਕੀਤੀ ਅਤੇ ਕਿਹਾ ਕਿ ਜੇਕਰ ਮੋਨੋਸਾਈਟ ਨੂੰ ਇੱਕ ਤਾਲਾ ਮੰਨਿਆ ਜਾਵੇ, ਤਾਂ ਉਸ ਨੂੰ ਬੰਦ ਕਰਨ ਲਈ ਕੋਵਿਡ ਆਰ.ਐੱਨ.ਏ. ਸਭ ਤੋਂ ਵਧੀਆ ਚਾਬੀ ਹੋਵੇਗੀ। ਉਨ੍ਹਾਂ ਦੀ ਥਿਊਰੀ ਨੂੰ ਪਰਖਣ ਲਈ, ਖੋਜ ਟੀਮ ਨੇ ਮੇਲਾਨੋਮਾ (ਚਮੜੀ), ਫੇਫੜਿਆਂ, ਛਾਤੀ ਅਤੇ ਅੰਤੜੀਆਂ ਦੇ ਕੈਂਸਰ ਸਮੇਤ ਕਈ ਤਰ੍ਹਾਂ ਦੇ ਕੈਂਸਰਾਂ ਤੋਂ ਪੀੜਤ ਚੂਹਿਆਂ ‘ਤੇ ਪ੍ਰਯੋਗ ਕੀਤੇ। ਉਨ੍ਹਾਂ ਨੇ ਚੂਹਿਆਂ ਨੂੰ ਇੱਕ ਅਜਿਹੀ ਦਵਾਈ ਦਿੱਤੀ, ਜਿਸ ਨਾਲ ਵਿਸ਼ੇਸ਼ ਕਿਸਮ ਦੇ ਮੋਨੋਸਾਈਟਸ ਪੈਦਾ ਹੋਏ। ਇਸ ਪ੍ਰਯੋਗ ਦੇ ਨਤੀਜੇ ਸ਼ਾਨਦਾਰ ਰਹੇ ਅਤੇ ਕੈਂਸਰ ਦੇ ਚਾਰੇ ਪੜਾਵਾਂ ਤੋਂ ਪੀੜਤ ਚੂਹਿਆਂ ਦੇ ਟਿਊਮਰ ਸੁੰਗੜਨ ਲੱਗੇ। ਟਿਊਮਰ ਦੁਆਰਾ ਕੈਂਸਰ-ਅਨੁਕੂਲ ਸੈੱਲਾਂ ਵਿਚ ਬਦਲ ਗਏ ਆਮ ਮੋਨੋਸਾਈਟਸ ਦੇ ਉਲਟ ਇਨ੍ਹਾਂ ਵਿਸ਼ੇਸ਼ ਮੋਨੋਸਾਈਟਸ ਦੇ ਕੈਂਸਰ ਨਾਲ ਲੜਨ ਵਾਲੇ ਗੁਣ ਬਰਕਰਾਰ ਰਹੇ। ਵਿਸ਼ੇਸ਼ ਮੋਨੋਸਾਈਟਸ ਟਿਊਮਰ ਵਾਲੀਆਂ ਥਾਵਾਂ ਤੱਕ ਪਹੁੰਚਣ ਦੇ ਯੋਗ ਸਨ, ਜਿੱਥੇ ਜ਼ਿਆਦਾਤਰ ਇਮਿਊਨ ਸੈੱਲ ਨਹੀਂ ਪਹੁੰਚ ਪਾਉਂਦੇ। ਵਿਸ਼ੇਸ਼ ਮੋਨੋਸਾਈਟਸ ਨੇ ਉਥੇ ਪਹੁੰਚਣ ਤੋਂ ਬਾਅਦ ਕੈਂਸਰ ਨੂੰ ਰੋਕਣ ਵਾਲੇ ਕੁਦਰਤੀ ਸੈੱਲਾਂ ਨੂੰ ਸਰਗਰਮ ਕੀਤਾ। ਇਸ ਤੋਂ ਬਾਅਦ ਇਨ੍ਹਾਂ ਕੁਦਰਤੀ ਸੈੱਲਾਂ ਨੇ ਕੈਂਸਰ ਸੈੱਲਾਂ ‘ਤੇ ਹਮਲਾ ਕਰਦੇ ਹਨ, ਜਿਸ ਨਾਲ ਟਿਊਮਰ ਫੈਲਣ ਤੋਂ ਰੁੱਕ ਗਿਆ।