#PUNJAB

ਕੈਂਸਰ ਕਾਰਨ ਇਕਲੌਤਾ ਪੁੱਤ ਗਵਾ ਚੁੱਕੇ ਨੇਤਰਹੀਣ ਦੀ ਡਾ. ਐੱਸ.ਪੀ. ਓਬਰਾਏ ਨੇ ਫੜੀ ਬਾਂਹ

ਸ੍ਰੀ ਮੁਕਤਸਰ ਸਾਹਿਬ, 15 ਮਈ (ਪੰਜਾਬ ਮੇਲ)- ਡਾ. ਐੱਸ.ਪੀ. ਸਿੰਘ ਓਬਰਾਏ ਵਲੋਂ ਮਾਨਵਤਾ ਦੀ ਭਲਾਈ ਵਾਸਤੇ ਬਿਨਾਂ ਕਿਸੇ ਵੀ ਤਰ੍ਹਾਂ ਦੇ ਭੇਦਭਾਵ ਤੋਂ ਸੇਵਾ ਲਗਾਤਾਰ ਜਾਰੀ ਹੈ। ਜਦੋਂ ਮਾਨਵਤਾ ‘ਤੇ ਕਿਸੇ ਵੀ ਤਰ੍ਹਾਂ ਦੀ ਮੁਸੀਬਤ ਆਉਂਦੀ ਹੈ, ਤਾਂ ਡਾ. ਓਬਰਾਏ ਉੱਥੇ ਮਸੀਹਾ ਬਣ ਕੇ ਪਹੁੰਚਦੇ ਹਨ। ਅਰਵਿੰਦਰ ਪਾਲ ਸਿੰਘ ਚਾਹਲ ਜ਼ਿਲ੍ਹਾ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਪਿੰਡ ਚੱਕ ਕਾਲੇ ਵਾਲਾ ਦਾ ਗਰੀਬ ਘਰ ਦਾ ਇਕਲੌਤਾ ਕਮਾਊਂ ਨੌਜਵਾਨ ਜੋ ਕੁੱਝ ਸਮਾਂ ਪਹਿਲਾਂ ਕੈਂਸਰ ਦੀ ਬਿਮਾਰੀ ਨਾਲ ਮਰ ਗਿਆ ਸੀ। ਜਿਸ ਦਾ ਬਜ਼ੁਰਗ ਬਾਪ ਵੀ ਨੇਤਰਹੀਣ ਹੈ ਅਤੇ ਮਾਂ ਵੀ ਬੀਮਾਰੀਆਂ ਤੋਂ ਪੀੜਤ ਹੈ। ਅਜਿਹੀ ਸਥਿਤੀ ਵਿਚ ਪਰਿਵਾਰ ਦਾ ਬਹੁਤ ਹੀ ਬੁਰਾ ਹਾਲ ਹੋ ਗਿਆ ਸੀ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਕਾਈ ਸ੍ਰੀ ਮੁਕਤਸਰ ਸਾਹਿਬ ਟੀਮ ਦੇ ਇਹ ਕੇਸ ਧਿਆਨ ਵਿਚ ਆਉਣ ਉਪਰੰਤ ਡਾਕਟਰ ਐੱਸ.ਪੀ. ਸਿੰਘ ਉਬਰਾਏ ਕੋਲ ਭੇਜਿਆ ਗਿਆ ਸੀ, ਤਾਂ ਡਾ. ਓਬਰਾਏ ਵੱਲੋਂ ਤਰੁੰਤ ਪਾਸ ਕਰਨ ਉਪਰੰਤ ਲਾਈਫ ਟਾਈਮ ਪੈਨਸ਼ਨ ਬੰਨ੍ਹੀਂ ਗਈ ਹੈ। ਰਾਸ਼ੀ ਹਰ ਮਹੀਨੇ ਪਰਿਵਾਰ ਨੂੰ ਭੇਜੀ ਜਾਂਦੀ ਹੈ, ਜਾਂ ਮੁਕਤਸਰ ਸਾਹਿਬ ਟੀਮ ਵਲੋਂ ਘਰ ਜਾ ਕੇ ਦਿੱਤੀ ਜਾਂਦੀ ਹੈ, ਤਾਂ ਜੋ ਇਹ ਆਪਣਾ ਪਾਲਣ-ਪੋਸ਼ਣ ਕਰ ਸਕਣ। ਇਸ ਪਰਿਵਾਰ ਵੱਲੋਂ ਡਾ. ਓਬਰਾਏ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸੁਖਬੀਰ ਸਿੰਘ ਜੈਲਦਾਰ, ਜਸਬੀਰ ਸਿੰਘ ਰਿਟਾਇਰਡ ਏ.ਐੱਸ.ਆਈ. ਆਦਿ ਹਾਜ਼ਰ ਸਨ।