#INDIA

ਕੇਜਰੀਵਾਲ ਦੇ ਪੀ.ਏ. ਵੱਲੋਂ ਰਾਜ ਸਭਾ ਮੈਂਬਰ ਨਾਲ ਦੁਰਵਿਹਾਰ ਕਰਨ ‘ਤੇ ਸਖਤ ਕਾਰਵਾਈ ਹੋਵੇਗੀ: ਸੰਜੇ ਸਿੰਘ

ਮੁੱਖ ਮੰਤਰੀ ਰਿਹਾਇਸ਼ ਵਿਚ ਸਵਾਤੀ ਮਾਲੀਵਾਲ ਨਾਲ ਕੀਤੀ ਸੀ ਬਦਸਲੂਕੀ; ਪੁਲਿਸ ਥਾਣੇ ‘ਚ ਸ਼ਿਕਾਇਤ ਦਰਜ ਕਰਵਾਈ
ਨਵੀਂ ਦਿੱਲੀ, 14 ਮਈ (ਪੰਜਾਬ ਮੇਲ)- ‘ਆਪ’ ਆਗੂ ਸੰਜੇ ਸਿੰਘ ਨੇ ਅੱਜ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਿੱਜੀ ਸਹਾਇਕ (ਪੀ.ਏ.) ਵਿਭਵ ਕੁਮਾਰ ਵੱਲੋਂ ਮੁੱਖ ਮੰਤਰੀ ਦੀ ਰਿਹਾਇਸ਼ ‘ਤੇ ‘ਆਪ’ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨਾਲ ਦੁਰਵਿਹਾਰ ਕਰਨ ਦੇ ਮਾਮਲੇ ‘ਤੇ ‘ਆਪ’ ਸੁਪਰੀਮੋ ਸਖ਼ਤ ਕਾਰਵਾਈ ਕਰਨਗੇ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਸ ਘਟਨਾ ਨੂੰ ਨਿੰਦਾਯੋਗ ਦੱਸਿਆ। ਦੱਸਣਾ ਬਣਦਾ ਹੈ ਕਿ ਬੀਤੇ ਕੱਲ੍ਹ ਸਵਾਤੀ ਮਾਲੀਵਾਲ ਅਰਵਿੰਦ ਕੇਜਰੀਵਾਲ ਨੂੰ ਉਨ੍ਹਾਂ ਦੀ ਰਿਹਾਇਸ਼ ‘ਤੇ ਮਿਲਣ ਗਏ ਸਨ। ਜਦੋਂ ਉਹ ਡਰਾਇੰਗ ਰੂਮ ਵਿਚ ਉਨ੍ਹਾਂ ਨੂੰ ਮਿਲਣ ਲਈ ਇੰਤਜ਼ਾਰ ਕਰ ਰਹੇ ਸਨ, ਤਾਂ ਵਿਭਵ ਕੁਮਾਰ ਨੇ ਉਸ ਨਾਲ ਦੁਰਵਿਹਾਰ ਕੀਤਾ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸਵਾਤੀ ਮਾਲੀਵਾਲ ਸੋਮਵਾਰ ਨੂੰ ਸਿਵਲ ਲਾਈਨ ਪੁਲਿਸ ਸਟੇਸ਼ਨ ਗਏ ਸਨ, ਜਿਨ੍ਹਾਂ ਨੇ ਦੋਸ਼ ਲਾਇਆ ਸੀ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਿੱਜੀ ਸਟਾਫ਼ ਦੇ ਮੈਂਬਰ ਨੇ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ‘ਤੇ ਉਨ੍ਹਾਂ ਨਾਲ ਕੁੱਟਮਾਰ ਕੀਤੀ।