#INDIA

ਕੇਜਰੀਵਾਲ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਕੀਤੀ ਟਿੱਪਣੀ ਮਾਮਲੇ ‘ਚ ਅਮਰੀਕੀ ਸਫ਼ੀਰ ਤਲਬ

ਨਵੀਂ ਦਿੱਲੀ, 28 ਮਾਰਚ (ਪੰਜਾਬ ਮੇਲ)- ਅਮਰੀਕੀ ਵਿਦੇਸ਼ ਵਿਭਾਗ ਦੇ ਤਰਜਮਾਨ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਕੀਤੀਆਂ ਟਿੱਪਣੀਆਂ ਤੋਂ ਇਕ ਦਿਨ ਮਗਰੋਂ ਭਾਰਤ ਨੇ ਸੀਨੀਅਰ ਅਮਰੀਕੀ ਸਫ਼ੀਰ ਨੂੰ ਤਲਬ ਕਰਕੇ ਸਖ਼ਤ ਰੋਸ ਜਤਾਇਆ ਹੈ। ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਨੇ ਅਮਰੀਕੀ ਮਿਸ਼ਨ ਵਿਚ ਕਾਰਜਕਾਰੀ ਡਿਪਟੀ ਚੀਫ਼ ਗਲੋਰੀਆ ਬਾਰਬੇਨਾ ਨੂੰ ਆਪਣੇ ਸਾਊਥ ਬਲਾਕ ਸਥਿਤ ਦਫ਼ਤਰ ਵਿਚ ਸੱਦਿਆ। ਇਹ ਮੀਟਿੰਗ ਅੱਧੇ ਘੰਟੇ ਦੇ ਕਰੀਬ ਚੱਲੀ। ਚੇਤੇ ਰਹੇ ਕਿ ਅਮਰੀਕੀ ਵਿਦੇਸ਼ ਵਿਭਾਗ ਦੇ ਅਧਿਕਾਰੀ ਨੇ ਕਿਹਾ ਸੀ ਕਿ ਉਹ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਨੂੰ ਨੇੜਿਓਂ ਵਾਚ ਰਹੇ ਹਨ ਤੇ ਕੇਜਰੀਵਾਲ ਨੂੰ ਨਿਰਪੱਖ ਤੇ ਪਾਰਦਰਸ਼ੀ ਕਾਨੂੰਨੀ ਪ੍ਰਕਿਰਿਆ ਤੇ ਸੁਣਵਾਈ ਦਾ ਮੌਕਾ ਮਿਲਣਾ ਚਾਹੀਦਾ ਹੈ। ਵਿਦੇਸ਼ ਮੰਤਰਾਲੇ ਨੇ ਮਗਰੋਂ ਇਕ ਬਿਆਨ ਵਿਚ ਕਿਹਾ, ”ਅਸੀਂ ਅਮਰੀਕੀ ਵਿਦੇਸ਼ ਵਿਭਾਗ ਦੇ ਤਰਜਮਾਨ ਵੱਲੋਂ ਭਾਰਤ ‘ਚ ਕੁਝ ਕਾਨੂੰਨੀ ਕਾਰਵਾਈਆਂ ਨੂੰ ਲੈ ਕੇ ਕੀਤੀਆਂ ਟਿੱਪਣੀਆਂ ‘ਤੇ ਸਖ਼ਤ ਇਤਰਾਜ਼ ਜਤਾਇਆ ਹੈ।” ਬਿਆਨ ਵਿਚ ਕਿਹਾ ਗਿਆ, ”ਕੂਟਨੀਤੀ ‘ਚ ਦੇਸ਼ਾਂ ਤੋਂ ਇਹ ਆਸ ਕੀਤੀ ਜਾਂਦੀ ਹੈ ਕਿ ਉਹ ਦੂਜਿਆਂ ਦੀ ਪ੍ਰਭੂਸੱਤਾ ਤੇ ਅੰਦਰੂਨੀ ਮਾਮਲਿਆਂ ਦਾ ਸਤਿਕਾਰ ਕਰਨਗੇ। ਇਕ ਦੂਜੇ ਦਾ ਸਹਿਯੋਗ ਕਰਨ ਵਾਲੀਆਂ ਜਮਹੂਰੀਅਤਾਂ ਹੋਣ ਦੇ ਨਾਤੇ ਇਹ ਜ਼ਿੰਮੇਵਾਰੀ ਹੋਰ ਵੀ ਵਧ ਜਾਂਦੀ ਹੈ। ਨਹੀਂ ਤਾਂ ਇਹ ਗ਼ੈਰ-ਸਿਹਤਮੰਦ ਮਿਸਾਲਾਂ ਨੂੰ ਸਥਾਪਤ ਕਰ ਸਕਦਾ ਹੈ।” ਭਾਰਤ ਦੀ ਜਮਹੂਰੀ ਪ੍ਰਕਿਰਿਆ ”ਨਿਰਪੱਖ ਨਿਆਂਪਾਲਿਕਾ ‘ਤੇ ਆਧਾਰਿਤ ਹੈ, ਜੋ ਉਦੇਸ਼ਪੂਰਨ ਤੇ ਸਮੇਂ ਸਿਰ ਨਤੀਜਿਆਂ ਲਈ ਵਚਨਬੱਧ ਹੈ।” ਜਰਮਨੀ ਮਗਰੋਂ ਅਮਰੀਕਾ ਨੇ ਇਸ ਮਾਮਲੇ ਵਿਚ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ।