#INDIA

ਕੇਜਰੀਵਾਲ ਛੇਤੀ ਖ਼ਾਲੀ ਕਰਨਗੇ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼

‘ਆਪ’ ਮੁਖੀ ਲਈ ਉਨ੍ਹਾਂ ਦੇ ਵਿਧਾਨ ਸਭਾ ਹਲਕੇ ਨਵੀਂ ਦਿੱਲੀ ‘ਚ ਘਰ ਦੀ ਤਲਾਸ਼ ‘ਜ਼ੋਰਦਾਰ’ ਢੰਗ ਨਾਲ ਜਾਰੀ
ਨਵੀਂ ਦਿੱਲੀ, 28 ਸਤੰਬਰ (ਪੰਜਾਬ ਮੇਲ)- ਆਮ ਆਦਮੀ ਪਾਰਟੀ (ਆਪ) ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਛੇਤੀ ਹੀ ਦਿੱਲੀ ਦੇ ਸਿਵਲ ਲਾਈਨਜ਼ ਇਲਾਕੇ ਵਿਚ ਸਥਿਤ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਖ਼ਾਲੀ ਕਰ ਦੇਣਗੇ। ਪਾਰਟੀ ਮੁਤਾਬਕ ਉਹ ਵਿਧਾਨ ਸਭਾ ਦੇ ਨਵੀਂ ਦਿੱਲੀ ਹਲਕੇ ਵਿਚ ਆਪਣੇ ਲਈ ਕੋਈ ਰਿਹਾਇਸ਼ ਦੇਖ ਰਹੇ ਹਨ, ਕਿਉਂਕਿ ਉਹ ਇਸੇ ਹਲਕੇ ਤੋਂ ਵਿਧਾਇਕ ਹਨ।
‘ਆਪ’ ਨੇ ਇਕ ਬਿਆਨ ਵਿਚ ਕਿਹਾ ਕਿ ਪਾਰਟੀ ਮੁਖੀ ਦੀ ਨਵੀਂ ਰਿਹਾਇਸ਼ ਲਈ ਨਵੀਂ ਦਿੱਲੀ ਹਲਕੇ ਵਿਚ ‘ਜ਼ੋਰਦਾਰ’ ਢੰਗ ਨਾਲ ਭਾਲ ਜਾਰੀ ਹੈ। ਬਿਆਨ ਵਿਚ ਕਿਹਾ ਗਿਆ ਹੈ, ”ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਛੇਤੀ ਹੀ ਮੁੱਖ ਮੰਤਰੀ ਦੀ ਰਿਹਾਇਸ਼ ਖ਼ਾਲੀ ਕਰ ਦੇਣਗੇ ਅਤੇ ਉਨ੍ਹਾਂ ਲਈ ਨਵੇਂ ਘਰ ਦੀ ਭਾਲ ਤੇਜ਼ ਕਰ ਦਿੱਤੀ ਗਈ ਹੈ। ਬਹੁਤ ਸਾਰੇ ਵਿਧਾਇਕ, ਕੌਂਸਲਰ, ਪਾਰਟੀ ਵਰਕਰ ਅਤੇ ਆਮ ਲੋਕ ਉਨ੍ਹਾਂ ਨੂੰ ਆਪਣੇ ਘਰਾਂ ਵਿਚ ਰਹਿਣ ਦੇ ਸੱਦੇ ਦੇ ਰਹੇ ਹਨ।”
ਬਿਆਨ ਮੁਤਾਬਕ, ”ਅਰਵਿੰਦ ਕੇਜਰੀਵਾਲ ਕੋਈ ਅਜਿਹੀ ਥਾਂ ਤਲਾਸ਼ ਰਹੇ ਹਨ, ਜਿਸ ਸਬੰਧੀ ਕੋਈ ਝਗੜਾ-ਵਿਵਾਦ ਨਾ ਹੋਵੇ ਅਤੇ ਉਥੇ ਰਹਿਣ ਸਬੰਧੀ ਕੋਈ ਸਮੱਸਿਆ ਨਾ ਹੋਵੇ।”
ਗ਼ੌਰਤਲਬ ਹੈ ਕਿ ਕੇਜਰੀਵਾਲ ਨੇ ਬੀਤੀ 17 ਸਤੰਬਰ ਨੂੰ ਦਿੱਲੀ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ ਅਤੇ ਉਨ੍ਹਾਂ ਤੋਂ ਬਾਅਦ ਪਾਰਟੀ ਦੀ ਸੀਨੀਅਰ ਆਗੂ ਆਤਿਸ਼ੀ ਨੂੰ ਦਿੱਲੀ ਦੀ ਨਵੀਂ ਮੁੱਖ ਮੰਤਰੀ ਬਣਾਇਆ ਗਿਆ ਸੀ।