#PUNJAB

ਕੇਂਦਰ ਸਰਕਾਰ ਵੱਲੋਂ Republic Day Parade ‘ਚੋਂ ਪੰਜਾਬ ਦੀ ਝਾਕੀ ਮੁੜ ਬਾਹਰ

ਚੰਡੀਗੜ੍ਹ, 28 ਦਸੰਬਰ (ਪੰਜਾਬ ਮੇਲ)- ਕੇਂਦਰ ਦੀ ਭਾਜਪਾ ਸਰਕਾਰ ਨੇ ਇਕ ਵਾਰ ਫਿਰ ਪੰਜਾਬ ਦੀ ਝਾਕੀ ਨੂੰ ਗਣਤੰਤਰ ਦਿਵਸ ਪਰੇਡ ‘ਚੋਂ ਬਾਹਰ ਕਰ ਦਿੱਤਾ ਹੈ। ਸਾਲ 2017 ਮਗਰੋਂ ਦੂਸਰੀ ਦਫ਼ਾ ਪੰਜਾਬ ਦੀ ਝਾਕੀ ਨੂੰ ਕੌਮੀ ਸਮਾਗਮਾਂ ‘ਚੋਂ ਬਾਹਰ ਰੱਖਿਆ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਦੇ ਇਸ ਫੈਸਲੇ ਨੂੰ ਕੌਮੀ ਤਰਾਨੇ ‘ਚੋਂ ‘ਪੰਜਾਬ’ ਸ਼ਬਦ ਕੱਢਣ ਦੀ ਦਿਸ਼ਾ ਵੱਲ ਪੇਸ਼ਕਦਮੀ ਕਰਾਰ ਦਿੱਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਅਜਿਹੇ ਕਦਮ ਚੁੱਕ ਕੇ ਗੈਰ-ਭਾਜਪਾ ਸ਼ਾਸਿਤ ਰਾਜਾਂ ਨੂੰ ਆਪਣੀ ਵਿਰਾਸਤ ਤੇ ਸੱਭਿਆਚਾਰ ਨੂੰ ਕੌਮੀ ਸਮਾਗਮਾਂ ‘ਚ ਪ੍ਰਦਰਸ਼ਿਤ ਕਰਨ ਤੋਂ ਰੋਕ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਹਕੂਮਤ ਨੇ ਪੰਜਾਬ ਦੇ ਸਵੈਮਾਣ ਨੂੰ ਸੱਟ ਮਾਰਨ ਲਈ ਪੰਜਾਬੀਆਂ ਵੱਲੋਂ ਸੁਤੰਤਰਤਾ ਸੰਗਰਾਮ ਵਿਚ ਦਿੱਤੇ ਲਾਮਿਸਾਲ ਬਲੀਦਾਨ ਦਾ ਨਿਰਾਦਰ ਕੀਤਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਉਹ ਪਿੰਡ ਪਿੰਡ ਤੱਕ ਕੇਂਦਰੀ ਵਤੀਰੇ ਦੀ ਗੱਲ ਲੈ ਕੇ ਜਾਣਗੇ। ਜਿਨ੍ਹਾਂ ਰਾਜਾਂ ਦੀਆਂ ਝਾਕੀਆਂ ਅਗਾਮੀ ਗਣਤੰਤਰ ਦਿਵਸ ਪਰੇਡ ‘ਚ ਸ਼ਾਮਲ ਕੀਤੀਆਂ ਗਈਆਂ ਹਨ, ਉਨ੍ਹਾਂ ਵਿਚ ਹਰਿਆਣਾ, ਰਾਜਸਥਾਨ, ਯੂ.ਪੀ., ਉੱਤਰਾਖੰਡ, ਲੱਦਾਖ, ਤਿਲੰਗਾਨਾ, ਤਾਮਿਲਨਾਡੂ, ਉੜੀਸਾ, ਮਨੀਪੁਰ, ਮਹਾਰਾਸ਼ਟਰ, ਮੱਧ ਪ੍ਰਦੇਸ਼, ਗੋਆ, ਮੇਘਾਲਿਆ, ਕਰਨਾਟਕ, ਝਾਰਖੰਡ, ਗੁਜਰਾਤ, ਛੱਤੀਸਗੜ੍ਹ, ਅਸਾਮ, ਅਰੁਣਾਚਲ ਪ੍ਰਦੇਸ਼ ਤੇ ਆਂਧਰਾ ਪ੍ਰਦੇਸ਼ ਸ਼ਾਮਲ ਹਨ। ਮੁੱਖ ਮੰਤਰੀ ਨੇ ਪੰਜਾਬ ਦੀ ਝਾਕੀ ਨੂੰ ਗਣਤੰਤਰ ਦਿਵਸ ਦੇ ਜਸ਼ਨਾਂ ‘ਚੋਂ ਬਾਹਰ ਕੀਤੇ ਜਾਣ ਵਾਲਾ ਕੇਂਦਰ ਸਰਕਾਰ ਦਾ ਪੱਤਰ ਦਿਖਾਉਂਦਿਆਂ ਕਿਹਾ ਕਿ ਦੂਸਰੀ ਵਾਰ ਹੈ, ਜਦੋਂ ਕੇਂਦਰ ਨੇ ਪੰਜਾਬ ਦੇ ਜ਼ਖ਼ਮਾਂ ‘ਤੇ ਲੂਣ ਛਿੜਕਿਆ ਹੈ ਅਤੇ ਇਹ ਕੇਂਦਰੀ ਫ਼ੈਸਲਾ ਮਹਾਨ ਦੇਸ਼ ਭਗਤਾਂ ਤੇ ਕੌਮੀ ਨਾਇਕਾਂ ਦੇ ਬਲੀਦਾਨ ਖ਼ਿਲਾਫ਼ ਇਕ ਸਾਜ਼ਿਸ਼ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਵੀ ਝਾਕੀਆਂ ਲਈ ਚੁਣੇ ਗਏ ਸੂਬਿਆਂ ਵਿਚੋਂ 90 ਫ਼ੀਸਦੀ ਤੋਂ ਵੱਧ ਭਾਜਪਾ ਸ਼ਾਸਿਤ ਸੂਬੇ ਹਨ, ਜਿਸ ਤੋਂ ਪ੍ਰਤੱਖ ਹੈ ਕਿ ਭਾਜਪਾ ਸਰਕਾਰ ਹੁਣ ਸੁਤੰਤਰਤਾ ਦਿਵਸ ਤੇ ਗਣਤੰਤਰ ਦਿਵਸ ਦੇ ਸਿਆਸੀਕਰਨ ਦੇ ਰਾਹ ਪੈ ਗਈ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਉਹ ਇਹ ਮੁੱਦਾ ਕੇਂਦਰ ਸਰਕਾਰ ਕੋਲ ਉਠਾਉਣਗੇ ਅਤੇ ਜੇ ਕੇਂਦਰ ਵੱਲੋਂ ਗ਼ੌਰ ਨਾ ਕੀਤਾ ਗਿਆ, ਤਾਂ ਪੰਜਾਬ ਸਰਕਾਰ ਵੱਲੋਂ 26 ਜਨਵਰੀ ਨੂੰ ਸੂਬੇ ਭਰ ਵਿਚ ਹੋਣ ਵਾਲੇ ਸਾਰੇ ਸਮਾਗਮਾਂ ਵਿਚ ਇਨ੍ਹਾਂ ਝਾਕੀਆਂ ਨੂੰ ‘ਕੇਂਦਰ ਸਰਕਾਰ ਵੱਲੋਂ ਰੱਦ’ ਦੇ ਬੈਨਰ ਹੇਠ ਸ਼ਾਮਲ ਕੀਤਾ ਜਾਵੇਗਾ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ, ਸੁਨੀਲ ਜਾਖੜ, ਆਰ.ਪੀ. ਸਿੰਘ, ਮਨਜਿੰਦਰ ਸਿਰਸਾ ਸਮੇਤ ਸਾਰੇ ਭਾਜਪਾ ਆਗੂਆਂ ਨੂੰ ਚੁਣੌਤੀ ਦਿੱਤੀ ਕਿ ਉਹ ਹੁਣ ਦੱਸਣ ਕਿ ਕੇਂਦਰ ਸਰਕਾਰ ਪੰਜਾਬ ਨਾਲ ਇੰਨੀ ਵੱਡੀ ਬੇਇਨਸਾਫ਼ੀ ਕਿਉਂ ਕਰ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਮੋਦੀ ਸਰਕਾਰ ਪੰਜਾਬ ਵਿਰੋਧੀ ਮਾਨਸਿਕਤਾ ਰੱਖਦੀ ਹੈ ਅਤੇ ਜੇਕਰ ਕੇਂਦਰ ਸਰਕਾਰ ਦਾ ਵੱਸ ਚੱਲੇ ਤਾਂ ਉਹ ਕੌਮੀ ਤਰਾਨੇ ਵਿਚੋਂ ਵੀ ਪੰਜਾਬ ਦਾ ਨਾਂ ਹਟਾ ਦੇਣਗੇ। ਪੰਜਾਬ ਨਾਲ ਮਤਰੇਈ ਮਾਂ ਵਾਲੇ ਸਲੂਕ ਦੇ ਬਾਵਜੂਦ ਸੂਬੇ ਦੇ ਭਾਜਪਾ ਆਗੂ ਚੁੱਪ ਹਨ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਐਤਕੀਂ ਤਿੰਨ ਵਿਸ਼ੇ ‘ਪੰਜਾਬ-ਸ਼ਹੀਦਾਂ ਅਤੇ ਕੁਰਬਾਨੀਆਂ ਦੀ ਗਾਥਾ’, ‘ਨਾਰੀ ਸ਼ਕਤੀ’ (ਮਾਈ ਭਾਗੋ-ਪਹਿਲੀ ਮਹਾਨ ਸਿੱਖ ਜੰਗਜੂ ਬੀਬੀ) ਅਤੇ ‘ਪੰਜਾਬ ਦੇ ਅਮੀਰ ਸੱਭਿਆਚਾਰ ਦੀ ਪੇਸ਼ਕਾਰੀ’ ਵਿਸ਼ਿਆਂ ਨੂੰ ਝਾਕੀਆਂ ਲਈ ਭੇਜਿਆ ਸੀ। ਮਨਜ਼ੂਰੀ ਲਈ ਇਹ ਵਿਸ਼ੇ ਸਮੇਂ ਸਿਰ ਕੇਂਦਰ ਸਰਕਾਰ ਕੋਲ ਭੇਜ ਦਿੱਤੇ ਗਏ ਸਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਇਨ੍ਹਾਂ ਵਿਸ਼ਿਆਂ ਨੂੰ ਰੱਦ ਕਰ ਕੇ ਸੂਬੇ ਦੇ ਯੋਗਦਾਨ ਨੂੰ ਨਜ਼ਰਅੰਦਾਜ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਉਨ੍ਹਾਂ ਦਿਨਾਂ ਦੌਰਾਨ ਕੀਤਾ ਗਿਆ, ਜਦੋਂ ਸਮੁੱਚੀ ਦੁਨੀਆ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਵੱਲੋਂ ਦਿੱਤੇ ਲਾਮਿਸਾਲ ਬਲੀਦਾਨ ਅੱਗੇ ਸਿਰ ਝੁਕਾ ਰਹੀ ਹੈ।

ਝਾਕੀ ਸ਼ਾਮਲ ਨਾ ਕਰਨਾ ਨਿਰਾਸ਼ਾਜਨਕ: ਜਾਖੜ
ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਗਣਤੰਤਰ ਦਿਵਸ ਪਰੇਡ ਵਿਚ ਪੰਜਾਬ ਦੀ ਝਾਕੀ ਨੂੰ ਥਾਂ ਦਿੱਤੀ ਜਾਣੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਹਰ ਪੰਜਾਬੀ ਚਾਹੁੰਦਾ ਹੈ ਕਿ ਸਾਡੀ ਵਿਰਾਸਤ ਤੇ ਸੱਭਿਆਚਾਰ ਅਤੇ ਗੁਰੂ ਸਾਹਿਬਾਨ ਦਾ ਸਰਬ ਸਾਂਝੀਵਾਲਤਾ ਦਾ ਸੰਦੇਸ਼ ਗਣਤੰਤਰ ਦਿਵਸ ਮੌਕੇ ਪ੍ਰਦਰਸ਼ਿਤ ਕੀਤਾ ਜਾਵੇ। ਪੰਜਾਬ ਦੀ ਝਾਕੀ ਨੂੰ ਸ਼ਾਮਲ ਨਾ ਕਰਨਾ ਸਾਡੇ ਸਾਰਿਆਂ ਲਈ ਨਿਰਾਸ਼ਾਜਨਕ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਇਸ ਮਾਮਲੇ ਨੂੰ ਭੜਕਾਹਟ ਵਜੋਂ ਨਾ ਵਰਤਣ। ਉਨ੍ਹਾਂ ਮੁੱਖ ਮੰਤਰੀ ਵੱਲੋਂ ਵਰਤੀ ਗਈ ਭਾਸ਼ਾ ‘ਤੇ ਵੀ ਇਤਰਾਜ਼ ਜਤਾਇਆ।