#PUNJAB

ਕੇਂਦਰ ਸਰਕਾਰ ਨੂੰ ਔਖੀ ਘੜੀ Punjab ਚੇਤੇ ਆਇਆ!

-ਦੇਸ਼ ‘ਚ ਕਣਕ ਦੇ ਭੰਡਾਰ ਹੋਣ ਲੱਗੇ ਊਣੇ
ਚੰਡੀਗੜ੍ਹ, 22 ਜਨਵਰੀ (ਪੰਜਾਬ ਮੇਲ)- ਜਦੋਂ ਦੇਸ਼ ਵਿਚ ਕਣਕ ਦੇ ਭੰਡਾਰ ਊਣੇ ਹੋਣ ਲੱਗੇ ਹਨ ਤਾਂ ਪੰਜਾਬ ਚੇਤੇ ਆਉਣ ਲੱਗਿਆ ਹੈ। ਭਾਰਤ ਸਰਕਾਰ ਨੇ ਪੰਜਾਬ ‘ਤੇ ਆਪਣੀ ਨਜ਼ਰ ਟਿਕਾ ਲਈ ਹੈ ਜਿਥੋਂ ਉਸ ਨੂੰ ਕਣਕ ਦੀ ਐਤਕੀਂ ਬੰਪਰ ਫ਼ਸਲ ਹੋਣ ਦੀ ਆਸ ਹੈ। ਅਗਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕੇਂਦਰ ਸਰਕਾਰ ‘ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ’ ਦੇ ਅਨਾਜ ਵਿਚ ਕੋਈ ਕਮੀ ਨਹੀਂ ਆਉਣ ਦੇਣਾ ਚਾਹੁੰਦੀ। ਕੇਂਦਰ ਨੇ ਪੰਜਾਬ ਸਰਕਾਰ ਤੋਂ ਕਣਕ ਦੀ ਪੈਦਾਵਾਰ ਬਾਰੇ ਅੰਦਾਜ਼ੇ ਲੈਣੇ ਸ਼ੁਰੂ ਕਰ ਦਿੱਤੇ ਹਨ।
ਜਨਵਰੀ ਮਹੀਨੇ ਦੀ ਸ਼ੁਰੂਆਤ ਵਿਚ ਮੁਲਕ ਵਿਚ 163.50 ਲੱਖ ਕਣਕ ਦਾ ਭੰਡਾਰ ਸੀ। ਲੰਘੇ ਛੇ ਵਰ੍ਹਿਆਂ ਦੌਰਾਨ ਇਹ ਸਭ ਤੋਂ ਘੱਟ ਸਟਾਕ ਹੈ। ਸਾਲ 2017 ਵਿਚ 137.50 ਲੱਖ ਟਨ ਕਣਕ ਦਾ ਸਟਾਕ ਸੀ। ਭਾਰਤੀ ਖੁਰਾਕ ਨਿਗਮ ਕੋਲ ਇਸ ਵੇਲੇ ਪੰਜਾਬ ਵਿਚ 23 ਲੱਖ ਟਨ ਕਣਕ ਦਾ ਸਟਾਕ ਹੈ। ਐਤਕੀਂ ਠੰਢਾ ਮੌਸਮ ਚੱਲ ਰਿਹਾ ਹੈ, ਜੋ ਕਣਕ ਦੀ ਪੈਦਾਵਾਰ ਵਿਚ ਚੋਖਾ ਯੋਗਦਾਨ ਪਾਵੇਗਾ। ਕਿਸਾਨਾਂ ਨੂੰ ਚੰਗਾ ਝਾੜ ਮਿਲਣ ਦੀ ਉਮੀਦ ਹੈ। ਵਿਸ਼ਵ ਪੱਧਰ ‘ਤੇ ਕਣਕ ਦੀ ਮੰਗ ਵਧ ਰਹੀ ਹੈ ਪਰ ਭਾਰਤ ਵਿਚ ਪੈਦਾਵਾਰ ਸਥਿਰ ਰਹਿਣ ਦੀ ਸੰਭਾਵਨਾ ਹੈ। ਕੇਂਦਰ ਸਰਕਾਰ ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਵੱਲ ਵੀ ਵੇਖ ਰਹੀ ਹੈ ਪਰ ਕੌਮਾਂਤਰੀ ਹਲਕੇ ਪੰਜਾਬ ‘ਤੇ ਨਜ਼ਰਾਂ ਲਾ ਕੇ ਬੈਠੇ ਹਨ। ਐਤਕੀਂ ਕਣਕ ਹੇਠਲਾ ਰਕਬਾ 32 ਲੱਖ ਹੈਕਟੇਅਰ ਨੂੰ ਪਾਰ ਕਰ ਗਿਆ ਹੈ। ਹਾਲਾਂਕਿ ਇਸ ਵਾਰ ਝੋਨੇ ਦੀ ਵਾਢੀ ਕਾਫੀ ਪਛੜ ਗਈ ਸੀ। ਇਸ ਵਾਰ ਕਣਕ ਹੇਠਲਾ ਰਕਬਾ ਪਿਛਲੇ ਵਰ੍ਹੇ ਦੇ ਮੁਕਾਬਲੇ ਘੱਟ ਵੀ ਹੈ। ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦਾ ਕਹਿਣਾ ਸੀ ਕਿ ਮੌਸਮ ਇਸ ਵਾਰ ਕਣਕ ਦੀ ਫ਼ਸਲ ਦੇ ਅਨੁਕੂਲ ਹੈ, ਜਿਸ ਕਰਕੇ ਕਣਕ ਦਾ ਝਾੜ ਵਧੇਗਾ ਅਤੇ ਪੰਜਾਬ ਦੀ ਸਮੁੱਚੀ ਪੈਦਾਵਾਰ ਵੀ ਵਧੇਗੀ। ਖੇਤੀ ਮਹਿਕਮੇ ਦੇ ਅਧਿਕਾਰੀ ਦੱਸਦੇ ਹਨ ਕਿ ਪੰਜਾਬ ਵਿਚ ਕਣਕ ਹੇਠ ਰਕਬਾ 34.80 ਲੱਖ ਹੈਕਟੇਅਰ ਹੈ, ਜਦੋਂ ਕਿ ਪਿਛਲੇ ਸਾਲ ਇਹੋ ਰਕਬਾ 35.08 ਲੱਖ ਹੈਕਟੇਅਰ ਸੀ। ਪਿਛਲੇ ਸਾਲ ਕਣਕ ਦੀ ਪੈਦਾਵਾਰ 164.75 ਲੱਖ ਟਨ ਰਹੀ ਸੀ। ਇਸ ਵਾਰ ਪੈਦਾਵਾਰ ਪਿਛਲੇ ਸਾਲ ਦੇ ਅੰਕੜੇ ਨੂੰ ਪਾਰ ਕਰਨ ਦੀ ਸੰਭਾਵਨਾ ਹੈ। ਖੇਤੀ ਮਹਿਕਮੇ ਦੇ ਡਾਇਰੈਕਟਰ ਜਸਵੰਤ ਸਿੰਘ ਦਾ ਕਹਿਣਾ ਸੀ ਕਿ ਕਣਕ ਦੀ ਪੈਦਾਵਾਰ ਦਾ ਸਹੀ ਅੰਦਾਜ਼ਾ ਇਸ ਮਹੀਨੇ ਦੇ ਅਖ਼ੀਰ ‘ਤੇ ਲੱਗ ਜਾਵੇਗਾ ਅਤੇ ਆਸਟਰੇਲੀਆ, ਅਮਰੀਕਾ ਆਦਿ ਦੀਆਂ ਕਈ ਕੌਮਾਂਤਰੀ ਖੁਰਾਕ ਏਜੰਸੀਆਂ ਇਥੇ ਕਣਕ ਦੀ ਪੈਦਾਵਾਰ ‘ਤੇ ਨਜ਼ਰ ਰੱਖ ਰਹੀਆਂ ਹਨ।