#PUNJAB

ਕੇਂਦਰ ਵੱਲੋਂ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦਾ ਅਸਤੀਫਾ ਨਾਮਨਜ਼ੂਰ

-ਬਣੇ ਰਹਿਣਗੇ ਪੰਜਾਬ ਦੇ ਰਾਜਪਾਲ
ਚੰਡੀਗੜ੍ਹ, 13 ਫਰਵਰੀ (ਪੰਜਾਬ ਮੇਲ)- ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸ਼ਕ ਬਨਵਾਰੀ ਲਾਲ ਪੁਰੋਹਿਤ ਦੋਵਾਂ ਅਹੁਦਿਆਂ ‘ਤੇ ਬਣੇ ਰਹਿ ਸਕਦੇ ਹਨ। ਕੇਂਦਰ ਸਰਕਾਰ ਨੇ ਉਨ੍ਹਾਂ ਦਾ ਅਸਤੀਫਾ ਪ੍ਰਵਾਨ ਨਹੀਂ ਕੀਤਾ ਹੈ। ਨਿੱਜੀ ਕਾਰਨਾਂ ਦਾ ਹਵਾਲਾ ਦੇ ਕੇ ਬਨਵਾਰੀ ਲਾਲ ਪੁਰੋਹਿਤ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਭਾਜਪਾ ਪ੍ਰਧਾਨ ਜੇ.ਪੀ. ਨੱਡਾ ਨਾਲ ਨਵੀਂ ਦਿੱਲੀ ਵਿਚ ਮੁਲਾਕਾਤ ਤੋਂ ਬਾਅਦ ਅਸਤੀਫਾ ਦੇ ਦਿੱਤਾ ਸੀ।
ਅਸਤੀਫਾ ਦੇਣ ਤੋਂ ਬਾਅਦ ਪੁਰੋਹਿਤ ਆਪਣੀ ਪਾਰੀ ਕਾਫੀ ਸਰਗਰਮੀ ਨਾਲ ਖੇਡ ਰਹੇ ਹਨ। ਉਨ੍ਹਾਂ ਯੂ.ਟੀ., ਚੰਡੀਗੜ੍ਹ ਵਿਚ ਅਧਿਕਾਰੀਆਂ ਨਾਲ ਨਾ ਸਿਰਫ਼ ਮੁੜ ਮੀਟਿੰਗਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ, ਸਗੋਂ ਜਵਾਬ ਵੀ ਮੰਗਣੇ ਵੀ ਸ਼ੁਰੂ ਕਰ ਦਿੱਤੇ ਹਨ। ਬੀਤੇ ਦਿਨੀਂ ਯੂ.ਟੀ. ਪ੍ਰਸ਼ਾਸਕ ਪੁਰੋਹਿਤ ਨੇ ਨਵੇਂ ਸਲਾਹਕਾਰ ਰਾਜੀਵ ਵਰਮਾ ਨਾਲ ਵੀ ਲੰਬੀ ਮੀਟਿੰਗ ਕੀਤੀ। ਇਸ ਤੋਂ ਬਾਅਦ ਟਰਾਂਸਪੋਰਟ ਵਿਭਾਗ ਵੱਲੋਂ ਅਯੁੱਧਿਆ ਲਈ ਸੀ.ਟੀ.ਯੂ. ਬੱਸ ਸੇਵਾ ਸ਼ੁਰੂ ਕੀਤੀ ਗਈ। ਪੁਰੋਹਿਤ ਨੇ ਅਧਿਕਾਰੀਆਂ ਨਾਲ ਮੀਟਿੰਗਾਂ ਕੀਤੀਆਂ ਅਤੇ ਵੱਖ-ਵੱਖ ਪ੍ਰਾਜੈਕਟਾਂ ਦੀ ਸਮੀਖਿਆ ਰਿਪੋਰਟ ਵੀ ਲਈ।
ਜਿਸ ਤਰ੍ਹਾਂ ਬਨਵਾਰੀ ਲਾਲ ਪੁਰੋਹਿਤ ਨੇ ਅਸਤੀਫਾ ਭੇਜ ਕੇ ਮੁੜ ਆਪਣੇ ਕੰਮ ਵਿਚ ਸਰਗਰਮ ਹੋ ਗਏ ਹਨ, ਉਸ ਤੋਂ ਇਹ ਸੰਕੇਤ ਮਿਲ ਰਿਹਾ ਹੈ ਕਿ ਕੇਂਦਰ ਸਰਕਾਰ ਨੇ ਉਨ੍ਹਾਂ ਨੂੰ ਇਸ ਅਹੁਦੇ ਦੀ ਜ਼ਿੰਮੇਵਾਰੀ ਜਾਰੀ ਰੱਖਣ ਲਈ ਕਿਹਾ ਹੈ। ਇਸ ਦਾ ਇਕ ਕਾਰਨ ਇਹ ਹੈ ਕਿ ਜਲਦ ਹੀ ਲੋਕ ਸਭਾ ਚੋਣਾਂ ਦਾ ਐਲਾਨ ਹੋ ਸਕਦਾ ਹੈ ਅਤੇ ਚੋਣ ਜ਼ਾਬਤਾ ਲਾਗੂ ਹੋਣ ਦੀ ਸੰਭਾਵਨਾ ਹੈ। ਸਿਰਫ਼ ਕੇਂਦਰ ਸਰਕਾਰ ਹੀ ਉਨ੍ਹਾਂ ਨੂੰ ਲੋਕ ਸਭਾ ਚੋਣਾਂ ਤੱਕ ਬਰਕਰਾਰ ਰੱਖ ਸਕਦੀ ਹੈ। ਇਸ ਤੋਂ ਬਾਅਦ ਹੀ ਕੋਈ ਨਵਾਂ ਬਦਲਾਅ ਕੀਤਾ ਜਾ ਸਕਦਾ ਹੈ।