ਕੌਮੀ ਰਾਜਧਾਨੀ ਗੈਸ ਚੈਂਬਰ ਵਿੱਚ ਤਬਦੀਲ
ਨਵੀਂ ਦਿੱਲੀ, 8 ਨਵੰਬਰ (ਪੰਜਾਬ ਮੇਲ)- ਕੇਂਦਰ ਸਰਕਾਰ ਨੇ ਖਿੱਤੇ ਵਿਚ ਹਵਾ ਦੀ ਗੁਣਵੱਤਾ ਨੂੰ ਲੈ ਕੇ ਜਾਰੀ ਸੰਕਟ ਦਰਮਿਆਨ ਦਿੱਲੀ ਤੇ ਕੌਮੀ ਰਾਜਧਾਨੀ ਖੇਤਰ ਵਿੱਚ ਸਾਰੇ ਸਰਕਾਰੀ ਪ੍ਰਾਜੈਕਟਾਂ ਨਾਲ ਜੁੜੇ ਨਿਰਮਾਣ ਕਾਰਜਾਂ ਅਤੇ ਪ੍ਰਦੂਸ਼ਣ ਫੈਲਾਉਣ ਵਾਲੇ ਟਰੱਕਾਂ ਤੇ ਵਪਾਰਕ ਚਾਰ ਪਹੀਆ ਵਾਹਨਾਂ ‘ਤੇ ਰੋਕ ਲਾ ਦਿੱਤੀ ਹੈ। ਇਹ ਸਾਰੇ ਉਪਰਾਲੇ ਕੇਂਦਰ ਸਰਕਾਰ ਦੇ ਹਵਾ ਪ੍ਰਦੂਸ਼ਣ ਨੂੰ ਨੱਥ ਪਾਉਣ ਦੀ ਯੋਜਨਾ ਦੇ ਫਾਈਨਲ ਪੜਾਅ ਸਟੇਜ-4 ਵਿਚ ਸ਼ਾਮਲ ਉਪਰਾਲਿਆਂ ਦਾ ਹਿੱਸਾ ਹਨ। ਤਿੰਨ ਦਿਨ ਪਹਿਲਾਂ ਕੌਮੀ ਰਾਜਧਾਨੀ ਵਿਚ ਹਵਾ ਗੁਣਵੱਤਾ ਇੰਡੈਕਸ ਦੇ 450 ਦੇ ਅੰਕੜੇ ਨੂੰ ਟੱਪਣ ਮਗਰੋਂ ਇਹ ਯੋਜਨਾ ਅਮਲ ਵਿਚ ਲਿਆਂਦੀ ਗਈ ਸੀ। ਹਵਾ ਗੁਣਵੱਤਾ ਦੇ ਮਾੜੇ ਤੋਂ ਬਹੁਤ ਮਾੜੇ ਅਤੇ ਮਗਰੋਂ ਬੇਹੱਦ ਮਾੜੇ ਵਰਗ ਵਿਚ ਪੁੱਜਣ ਕਰਕੇ ਆਸਮਾਨ ਵਿਚ ਚੜ੍ਹੇ ਗੁਬਾਰ ਕਰਕੇ ਕੌਮੀ ਰਾਜਧਾਨੀ ਵਿਚ ਲੋਕਾਂ ਦਾ ਸਾਹ ਲੈਣਾ ਔਖਾ ਹੋ ਗਿਆ ਹੈ। ਕੌਮੀ ਰਾਜਧਾਨੀ ਗੈਸ ਚੈਂਬਰ ਵਿਚ ਤਬਦੀਲ ਹੋਣ ਲੱਗੀ ਹੈ। ਲੋਕਾਂ ਨੂੰ ਜ਼ਰੂਰੀ ਕੰਮਾਂ ਤੋਂ ਬਿਨਾਂ ਘਰਾਂ ਵਿਚ ਹੀ ਰਹਿਣ ਦੀ ਸਲਾਹ ਦਿੱਤੀ ਗਈ ਹੈ। ਸਰਕਾਰੀ ਤੇ ਪ੍ਰਾਈਵੇਟ ਦਫ਼ਤਰਾਂ ਦੇ 50 ਫੀਸਦੀ ਸਟਾਫ਼ ਨੂੰ ਘਰੋਂ ਕੰਮ ਕਰਨ ਦੀ ਹਦਾਇਤ ਸਣੇ ਹੋਰ ਸਾਰੇ ਹੰਗਾਮੀ ਉਪਰਾਲਿਆਂ ਨੂੰ ਅਮਲ ਵਿਚ ਲਿਆਂਦਾ ਗਿਆ ਹੈ।
ਗਰੇਡਿਡ ਰਿਸਪੌਂਸ ਐਕਸ਼ਨ ਪਲਾਨ ਦੀ ਫਾਈਨਲ ਸਟੇਜ (ਚੌਥੇ ਪੜਾਅ) ਤਹਿਤ ਸਿਰਫ਼ ਸੀ.ਐੱਨ.ਜੀ., ਬਿਜਲਈ ਤੇ ਬੀ.ਐੱਸ. 6 ਨੇਮਾਂ ਦੀ ਪਾਲਣਾ ਕਰਨ ਵਾਲੇ ਹੋਰਨਾਂ ਰਾਜਾਂ ਤੋਂ ਆਉਣ ਵਾਲੇ ਵਾਹਨਾਂ ਨੂੰ ਦਿੱਲੀ ਵਿਚ ਦਾਖ਼ਲ ਹੋਣ ਦੀ ਇਜਾਜ਼ਤ ਹੈ। ਹਾਲਾਂਕਿ ਜ਼ਰੂਰੀ ਸੇਵਾਵਾਂ ਵਿਚ ਲੱਗੇ ਵਾਹਨਾਂ ਨੂੰ ਇਸ ਤੋਂ ਛੋਟ ਹੈ। ਸੀ.ਏ.ਕਿਊ.ਐੱਮ. ਨੇ ਵੀਰਵਾਰ ਨੂੰ ਸਾਰੀਆਂ ਗੈਰਜ਼ਰੂਰੀ ਉਸਾਰੀ ਸਰਗਰਮੀਆਂ ਤੇ ਕੁਝ ਖਾਸ ਵਰਗ ਦੇ ਵਾਹਨਾਂ ‘ਤੇ ਰੋਕ ਲਾ ਦਿੱਤੀ ਸੀ।
ਹਵਾ ਗੁਣਵੱਤਾ ਨਾਲ ਜੁੜਿਆ ਇਹ ਸੰਕਟ ਸਿਰਫ਼ ਦਿੱਲੀ ਤੱਕ ਸੀਮਤ ਨਹੀਂ ਹੈ। ਦਿੱਲੀ ਨਾਲ ਲੱਗਦੇ ਗੁਆਂਢੀ ਰਾਜਾਂ ਹਰਿਆਣਾ, ਰਾਜਸਥਾਨ ਤੇ ਉੱਤਰ ਪ੍ਰਦੇਸ਼ ਦੇ ਕਈ ਸ਼ਹਿਰਾਂ ਵਿਚ ਹਵਾ ਜ਼ਹਿਰੀਲੀ ਹੋਣ ਦੀਆਂ ਰਿਪੋਰਟਾਂ ਹਨ।
ਇਸ ਦੌਰਾਨ ਦਿੱਲੀ ਵਿਚਲੇ ਡਾਕਟਰਾਂ ਨੇ ਲੋਕਾਂ ਨੂੰ ਚਤਾਵਨੀ ਦਿੱਤੀ ਹੈ ਕਿ ਹਵਾ ਪ੍ਰਦੂਸ਼ਣ ਨਾ ਸਿਰਫ਼ ਉਨ੍ਹਾਂ ਦੇ ਫੇਫੜਿਆਂ ਬਲਕਿ ਸਰੀਰ ਦੇ ਕਈ ਪ੍ਰਮੁੱਖ ਅੰਗਾਂ ਜਿਵੇਂ ਦਿਲ ਤੇ ਦਿਮਾਗ ਨੂੰ ਵੀ ਅਸਰ ਅੰਦਾਜ਼ ਕਰ ਸਕਦਾ ਹੈ।