-ਤਿੰਨ ਤੋਂ ਚਾਰ ਮਹੀਨਿਆਂ ‘ਚ ਯੋਜਨਾ ਸ਼ੁਰੂ ਹੋਣ ਦੀ ਆਸ
ਨਵੀਂ ਦਿੱਲੀ, 4 ਦਸੰਬਰ (ਪੰਜਾਬ ਮੇਲ)- ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ (ਐੱਮ.ਓ.ਆਰ.ਟੀ.ਐੱਚ.) ਨੇ ਤਿੰਨ ਤੋਂ ਚਾਰ ਮਹੀਨਿਆਂ ‘ਚ ਦੇਸ਼ ਭਰ ਵਿਚ ਸੜਕ ਦੁਰਘਟਨਾ ਦੇ ਪੀੜਤਾਂ ਲਈ ਕੈਸ਼ਲੈੱਸ ਇਲਾਜ ਦੀ ਸਹੂਲਤ ਸ਼ੁਰੂ ਕਰਨ ਦੀ ਯੋਜਨਾ ਬਣਾਈ ਹੈ। ਰੋਡ ਟਰਾਂਸਪੋਰਟ ਅਤੇ ਹਾਈਵੇਜ਼ ਸਕੱਤਰ ਅਨੁਰਾਗ ਜੈਨ ਨੇ ਇੰਸਟੀਚਿਊਟ ਆਫ ਰੋਡ ਟ੍ਰੈਫਿਕ ਐਜੂਕੇਸ਼ਨ (ਆਈ.ਆਰ.ਟੀ.ਈ.) ਵੱਲੋਂ ਕਰਵਾਏ ਸਮਾਗਮ ਦਾ ਉਦਘਾਟਨ ਕਰਦੇ ਹੋਏ ਕਿਹਾ ਕਿ ਭਾਰਤ ਵਿਚ ਦੁਨੀਆਂ ਵਿਚ ਸੜਕ ਦੁਰਘਟਨਾਵਾਂ ਵਿਚ ਸਭ ਤੋਂ ਵੱਧ ਮੌਤਾਂ ਹੁੰਦੀਆਂ ਹਨ। ਹਾਦਸੇ ਵਿਚ ਜ਼ਖਮੀ ਹੋਏ ਪੀੜਤਾਂ ਲਈ ਮੁਫਤ ਅਤੇ ਨਕਦ ਰਹਿਤ ਡਾਕਟਰੀ ਇਲਾਜ ਸੋਧੇ ਹੋਏ ਮੋਟਰ ਵਹੀਕਲ ਐਕਟ 2019 (ਐੱਮ.ਵੀ.ਏ.2019) ਦਾ ਹਿੱਸਾ ਹੈ। ਕੁਝ ਰਾਜਾਂ ਨੇ ਇਸ ਨੂੰ ਲਾਗੂ ਕੀਤਾ ਹੈ ਪਰ ਹੁਣ ਸੜਕ ਮੰਤਰਾਲਾ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨਾਲ ਮਿਲ ਕੇ ਇਸ ਨੂੰ ਦੇਸ਼ ਭਰ ‘ਚ ਪੂਰੀ ਤਰ੍ਹਾਂ ਲਾਗੂ ਕਰੇਗਾ। ਉਨ੍ਹਾਂ ਕਿਹਾ ਕਿ ਇਹ ਸਹੂਲਤ ਤਿੰਨ ਤੋਂ ਚਾਰ ਮਹੀਨਿਆਂ ਵਿਚ ਸ਼ੁਰੂ ਕਰ ਦਿੱਤੀ ਜਾਵੇਗੀ।