#PUNJAB

ਕੇਂਦਰ ਤੇ ਕਿਸਾਨਾਂ ਵਿਚਾਲੇ ਦੂਜੇ ਗੇੜ ਦੀ ਮੀਟਿੰਗ ਅੱਜ

ਚੰਡੀਗੜ੍ਹ,  12 ਫਰਵਰੀ (ਪੰਜਾਬ ਮੇਲ)- ਕੇਂਦਰੀ ਵਜ਼ੀਰਾਂ ਦੀ ਤਿੰਨ ਮੈਂਬਰੀ ਟੀਮ ਭਲਕੇ 12 ਫਰਵਰੀ ਨੂੰ ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਆਗੂਆਂ ਨਾਲ ਦੂਜੇ ਗੇੜ ਦੀ ਗੱਲਬਾਤ ਕਰੇਗੀ ਅਤੇ ਇਸ ਮੀਟਿੰਗ ਵਿਚ ਕੇਂਦਰੀ ਟੀਮ 13 ਫਰਵਰੀ ਦੇ ਪ੍ਰੋੋਗਰਾਮ ‘ਦਿੱਲੀ ਚੱਲੋ’ ਨੂੰ ਮੁਲਤਵੀ ਕਰਨ ਵਾਸਤੇ ਦਬਾਅ ਬਣਾਏਗੀ। ਕੇਂਦਰੀ ਮੰਤਰੀ ਪਿਊਸ਼ ਗੋਇਲ, ਕੈਬਨਿਟ ਮੰਤਰੀ ਨਿੱਤਿਆਨੰਦ ਰਾਏ ਅਤੇ ਵਜ਼ੀਰ ਅਰਜੁਨ ਮੁੰਡਾ 12 ਫਰਵਰੀ ਨੂੰ ਚੰਡੀਗੜ੍ਹ ’ਚ ਸ਼ਾਮ ਪੰਜ ਵਜੇ ਕਿਸਾਨ ਆਗੂਆਂ ਨਾਲ ਮੀਟਿੰਗ ਕਰਨਗੇ।

ਕੇਂਦਰੀ ਟੀਮ ਨੇ ਇਸ ਤੋਂ ਪਹਿਲਾਂ ਕਿਸਾਨ ਆਗੂਆਂ ਨਾਲ ਲੰਘੇ ਵੀਰਵਾਰ ਮੀਟਿੰਗ ਕੀਤੀ ਸੀ ਜਿਸ ’ਚ ਕਰੀਬ ਪੰਜ ਮੰਗਾਂ ’ਤੇ ਸਹਿਮਤੀ ਬਣੀ ਸੀ। ਇਸ ਮੀਟਿੰਗ ’ਚ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਸ਼ਮੂਲੀਅਤ ਕੀਤੀ ਸੀ ਪ੍ਰੰਤੂ ਦੂਜੀ ਮੀਟਿੰਗ ਵਿਚ ਮੁੱਖ ਮੰਤਰੀ ਦੀ ਹਾਜ਼ਰੀ ਹਾਲੇ ਯਕੀਨੀ ਨਹੀਂ ਜਾਪ ਰਹੀ ਹੈ ਕਿਉਂਕਿ ਉਹ ਉਸ ਦਿਨ ਅਯੁੱਧਿਆ ਜਾ ਰਹੇ ਹਨ। ‘ਦਿੱਲੀ ਚੱਲੋ’ ਦੀ ਤਿਆਰੀ ਵਿੱਚ ਜੁਟੀਆਂ ਕਿਸਾਨ ਧਿਰਾਂ ਇਸ ਗੱਲੋਂ ਖਫ਼ਾ ਹਨ ਕਿ ਇੱਕ ਪਾਸੇ ਕੇਂਦਰ ਸਰਕਾਰ ਗੱਲਬਾਤ ਕਰ ਰਹੀ ਹੈ ਤੇ ਦੂਸਰੇ ਪਾਸੇ ਕਿਸਾਨਾਂ ਦੇ ਰਾਹ ਰੋਕਣ ਵਾਸਤੇ ਜੰਗੀ ਪੱਧਰ ’ਤੇ ਇੰਤਜ਼ਾਮ ਕੀਤੇ ਜਾ ਰਹੇ ਹਨ। ਭਲਕ ਦੀ ਮੀਟਿੰਗ ਵਿੱਚ ਹਰਿਆਣਾ ਦੀਆਂ ਸੜਕਾਂ ’ਤੇ ਖੜ੍ਹੀਆਂ ਕੀਤੀਆਂ ਕੰਕਰੀਟ ਦੀਆਂ ਦੀਵਾਰਾਂ, ਕੰਡਿਆਲੀ ਤਾਰ ਅਤੇ ਕੰਕਰੀਟ ਸਲੈਬਾਂ ਦੇ ਮਸਲੇ ਦੀ ਗੂੰਜ ਪਏਗੀ। ਪੰਜਾਬ-ਹਰਿਆਣਾ ਹੱਦ ਪੂਰੀ ਤਰ੍ਹਾਂ ਸੀਲ ਕੀਤੀ ਗਈ ਹੈ। ਹਰਿਆਣਾ ਦੇ 12 ਜ਼ਿਲ੍ਹਿਆਂ ਵਿੱਚ ਦਫਾ 144 ਲਗਾ ਦਿੱਤੀ ਹੈ ਜਦਕਿ ਸੱਤ ਜ਼ਿਲ੍ਹਿਆਂ ਵਿਚ ਇੰਟਰਨੈੱਟ ਬੰਦ ਕੀਤਾ ਜਾਣਾ ਹੈ। ਹਰ ਛੋਟੇ-ਵੱਡੇ ਰਾਹ ਬੰਦ ਕੀਤੇ ਜਾਣ ਕਰਕੇ ਰਾਹਗੀਰਾਂ ਲਈ ਵੱਡੀ ਮੁਸ਼ਕਲ ਬਣ ਗਈ ਹੈ।

ਕੇਂਦਰੀ ਟੀਮ ਲਈ ਭਲਕ ਦੀ ਮੀਟਿੰਗ ਪ੍ਰੀਖਿਆ ਬਣੇਗੀ ਕਿਉਂਕਿ ਜੇਕਰ ਇਸ ਵਿੱਚ ਗੱਲਬਾਤ ਕਿਸੇ ਸਿਰੇ ਨਾ ਲੱਗੀ ਤਾਂ ਅਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਿਸਾਨਾਂ ਦੇ ਰਾਹ ਜਬਰੀ ਰੋਕੇ ਜਾਣ ’ਤੇ ਕੋਈ ਅਣਸੁਖਾਵੀਂ ਘਟਨਾ ਵੀ ਵਾਪਰ ਸਕਦੀ ਹੈ। ਕਿਸਾਨ ਆਗੂ ਆਖ ਰਹੇ ਹਨ ਕਿ ਜੇਕਰ ਕਿਸਾਨਾਂ ’ਤੇ ਕੋਈ ਜਬਰ ਹੁੰਦਾ ਹੈ ਤਾਂ ਬਾਕੀ ਕਿਸਾਨ ਧਿਰਾਂ ਵੀ ਹਮਾਇਤ ਵਿੱਚ ਕੁੱਦ ਪੈਣਗੀਆਂ। ਦੋਵੇਂ ਕਿਸਾਨ ਫੋਰਮਾਂ ਨੇ ਕੇਂਦਰੀ ਟੀਮ ਨੂੰ 17 ਮੰਗਾਂ ਦਾ ਚਾਰਟਰ ਪਹਿਲਾਂ ਹੀ ਦਿੱਤਾ ਹੋਇਆ ਹੈ। ਪਤਾ ਲੱਗਾ ਹੈ ਕਿ ਪੰਜ ਮੰਗਾਂ ’ਤੇ ਪਹਿਲਾਂ ਹੀ ਸਹਿਮਤੀ ਬਣ ਚੁੱਕੀ ਹੈ।