ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਆਈ.ਜੀ. ਉਮਰਾਨੰਗਲ ਨੂੰ ਢੁੱਕਵੀਂ ਸੁਰੱਖਿਆ ਦੇਣ ਦੀ ਸਿਫਾਰਸ਼

355
Share

ਚੰਡੀਗੜ੍ਹ, 15 ਸਤੰਬਰ (ਪੰਜਾਬ ਮੇਲ)- ਕੇਂਦਰੀ ਗ੍ਰਹਿ ਮੰਤਰਾਲੇ ਨੇ ਮੁਅੱਤਲੀ ਅਧੀਨ ਚੱਲ ਰਹੇ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਨੂੰ ਢੁੱਕਵੀਂ ਸੁਰੱਖਿਆ ਦੇਣ ਦੀ ਸਿਫਾਰਸ਼ ਕੀਤੀ ਹੈ। ਉਮਰਾਨੰਗਲ ਕੋਟਕਪੂਰਾ ਅਤੇ ਬਹਿਬਲ ਗੋਲੀ ਕਾਂਡ ਮਾਮਲੇ ਦੇ ਕਥਿਤ ਤੌਰ ’ਤੇ ਮੁੱਖ ਦੋਸ਼ੀ ਦੱਸੇ ਜਾ ਰਹੇ ਹਨ, ਜਿਨ੍ਹਾਂ ਹੁਣ ਕੇਂਦਰ ਸਰਕਾਰ ਤੋਂ ਸੁਰੱਖਿਆ ਦੀ ਮੰਗ ਕੀਤੀ ਹੈ। ਪੁਲਿਸ ਅਧਿਕਾਰੀ ਨੇ ਕੇਂਦਰ ਸਰਕਾਰ ਨੂੰ ਲਿਖੇ ਪੱਤਰ ’ਚ ਗਰਮ ਖ਼ਿਆਲੀ ਸਿੱਖਾਂ ਤੋਂ ਆਪਣੀ ਜਾਨ ਨੂੰ ਖਤਰਾ ਦੱਸਿਆ ਹੈ। ਗ੍ਰਹਿ ਮੰਤਰਾਲੇ ਵੱਲੋਂ ਉਮਰਾਨੰਗਲ ਦੀ ਸੁਰੱਖਿਆ ਦਾ ਮਾਮਲਾ ਕੇਂਦਰੀ ਸੁਰੱਖਿਆ ਏਜੰਸੀਆਂ ਨਾਲ ਵਿਚਾਰਿਆ ਗਿਆ ਹੈ, ਜਿਨ੍ਹਾਂ ਦੀ ਰਿਪੋਰਟ ਮੁਤਾਬਕ ਪੰਜਾਬ ’ਚ ਕਾਲੇ ਦੌਰ ਦੌਰਾਨ ਉਮਰਾਨੰਗਲ ਦਾ ਪਰਿਵਾਰ ਖਾੜਕੂਆਂ ਦੇ ਨਿਸ਼ਾਨੇ ’ਤੇ ਸੀ। ਉਮਰਾਨੰਗਲ ਦੇ ਪਿਤਾ 1987 ’ਚ ਭਿੰਡਰਾਂਵਾਲਾ ਟਾਈਗਰ ਫੋਰਸ ਦੇ ਖਾੜਕੂਆਂ ਹੱਥੋਂ ਮਾਰੇ ਗਏ ਸਨ ਅਤੇ 1988 ’ਚ ਉਮਰਾਨੰਗਲ ਦੇ ਜੱਦੀ ਘਰ ’ਤੇ ਵੀ ਹਮਲਾ ਹੋਇਆ ਸੀ। ਗ੍ਰਹਿ ਮੰਤਰਾਲੇ ਨੇ ਕਿਹਾ ਹੈ ਕਿ ਕੋਟਕਪੂਰਾ ਅਤੇ ਬਹਿਬਲ ਗੋਲੀ ਕਾਂਡ ’ਚ ਮੁੱਖ ਦੋਸ਼ੀ ਹੋਣ ਕਰਕੇ ਉਮਰਾਨੰਗਲ ਨੂੰ ਦੇਸ਼ ਅਤੇ ਵਿਦੇਸ਼ ’ਚ ਬੈਠੇ ਸਿੱਖ ਗਰਮ ਖ਼ਿਆਲੀਆਂ ਤੋਂ ਖ਼ਤਰਾ ਹੈ। ਸਿੱਖਸ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਵੱਲੋਂ ਉਮਰਾਨੰਗਲ ਅਤੇ ਹੋਰ ਪੁਲਿਸ ਅਫਸਰਾਂ ਨੂੰ ਸਿੱਖਾਂ ’ਤੇ ਜ਼ਿਆਦਤੀਆਂ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਗ੍ਰਹਿ ਮੰਤਰਾਲੇ ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਕਿਹਾ ਹੈ ਕਿ ਪਰਮਰਾਜ ਸਿੰਘ ਉਮਰਾਨੰਗਲ ਅਤੇ ਉਸ ਦੇ ਪਰਿਵਾਰ ਨੂੰ ਖ਼ਤਰੇ ਦੀ ਗੰਭੀਰਤਾ ਨੂੰ ਦੇਖਦਿਆਂ ਢੁੱਕਵੀਂ ਸੁਰੱਖਿਆ ਮੁਹੱਈਆ ਕਰਾਈ ਜਾਵੇ।

Share