ਦੀਰ ਅਲ-ਬਲਾਹ (ਫਲਸਤੀਨ), 25 ਦਸੰਬਰ (ਪੰਜਾਬ ਮੇਲ)- ਕੇਂਦਰੀ ਗਾਜ਼ਾ ਵਿੱਚ ਇਜ਼ਰਾਇਲੀ ਹਮਲੇ ਵਿੱਚ ਘੱਟੋ-ਘੱਟ 70 ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ ਗਾਜ਼ਾ ਪੱਟੀ ‘ਚ ਸ਼ੁੱਕਰਵਾਰ ਅਤੇ ਸ਼ਨਿਚਰਵਾਰ ਨੂੰ ਹੋਈਆਂ ਝੜਪਾਂ ‘ਚ ਘੱਟੋ-ਘੱਟ 15 ਇਜ਼ਰਾਇਲੀ ਫੌਜੀ ਮਾਰੇ ਗਏ। ਦੀਰ ਅਲ-ਬਲਾਹ ਦੇ ਪੂਰਬ ਵਿਚ ਅਲ ਮਗ਼ਾਜੀ ਸ਼ਰਨਾਰਥੀ ਕੈਂਪ ‘ਤੇ ਹਮਲੇ ਤੋਂ ਬਾਅਦ ਐਸੋਸੀਏਟਿਡ ਪ੍ਰੈੱਸ ਦੇ ਪੱਤਰਕਾਰਾਂ ਨੇ ਡਰੇ ਹੋਏ ਫਿਲਸਤੀਨੀਆਂ ਨੂੰ ਨਵਜੰਮੇ ਬੱਚੇ ਸਮੇਤ ਮ੍ਰਿਤਕਾਂ ਅਤੇ ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ ਲਿਜਾਂਦੇ ਦੇਖਿਆ। ਹਸਪਤਾਲ ਤੋਂ ਪ੍ਰਾਪਤ ਸ਼ੁਰੂਆਤੀ ਅੰਕੜਿਆਂ ਅਨੁਸਾਰ ਇਸ ਹਮਲੇ ਵਿਚ ਮਾਰੇ ਗਏ 70 ਵਿਅਕਤੀਆਂ ਵਿਚ ਘੱਟੋ-ਘੱਟ 12 ਔਰਤਾਂ ਅਤੇ ਸੱਤ ਬੱਚੇ ਸ਼ਾਮਲ ਹਨ। ਇਜ਼ਰਾਇਲੀ ਫੌਜ ਨੇ ਇਸ ਮਾਮਲੇ ‘ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।