#PUNJAB

ਕੁੜੀ ਦਾ ਅਮਰੀਕਾ ਦਾ ਵੀਜ਼ਾ ਹੋਇਆ ਰੀਫ਼ਿਊਜ਼, ਦਫ਼ਤਰ ਪਹੁੰਚ ਕੁੜੀ ਨੇ ਸਟਾਫ਼ ਨਾਲ ਕੀਤੀ ਕੁੱਟਮਾਰ 

ਜਲੰਧਰ, 21 ਸਤੰਬਰ (ਪੰਜਾਬ ਮੇਲ)- ਗੜ੍ਹਾ ਰੋਡ ’ਤੇ ਸਥਿਤ ਇਕ ਟ੍ਰੈਵਲ ਏਜੰਟ ਦੇ ਆਫਿਸ ਵਿਚ ਜੰਮ ਕੇ ਹੰਗਾਮਾ ਹੋਇਆ। ਵੀਜ਼ਾ ਅਪਲਾਈ ਕਰਨ ਵਾਲੀ ਕਲਾਇੰਟ ਨੇ ਆਪਣੇ ਸਮਰਥਕਾਂ ਨੂੰ ਬੁਲਾ ਕੇ ਦਫ਼ਤਰ ਵਿਚ ਸਟਾਫ਼ ਨਾਲ ਕੁੱਟਮਾਰ ਕੀਤੀ। ਥਾਣਾ ਨੰਬਰ 7 ਦੀ ਪੁਲਸ ਨੂੰ ਇਸ ਸਬੰਧੀ ਸ਼ਿਕਾਇਤ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਇਕ ਕੁੜੀ ਨੇ ਵਿਦੇਸ਼ ਅਮਰੀਕਾ ਜਾਣ ਲਈ ਇਕ ਅਕੈਡਮੀ (ਟਰੈਵਲ ਏਜੰਟ) ਵਿਚ ਅਪਲਾਈ ਕੀਤਾ ਸੀ। ਦੋਸ਼ ਹੈ ਕਿ ਵੀਜ਼ਾ ਰੀਫ਼ਿਊਜ਼ ਹੋ ਗਿਆ ਸੀ, ਜਿਸ ਕਾਰਨ ਕੁੜੀ ਏਜੰਟ ਨੂੰ ਪੈਸੇ ਮੋੜਨ ਲਈ ਕਹਿ ਰਹੀ ਹੈ ਪਰ ਉਹ ਟਾਲ-ਮਟੋਲ ਕਰ ਰਿਹਾ ਸੀ।
ਕਾਫ਼ੀ ਸਮਾਂ ਬੀਤ ਜਾਣ ਦੇ ਬਾਅਦ ਵੀ ਜਦੋਂ ਏਜੰਟ ਨੇ ਪੈਸੇ ਨਾ ਮੋੜੇ ਤਾਂ ਕੁੜੀ ਆਪਣੇ ਪਰਿਵਾਰਕ ਮੈਂਬਰਾਂ ਅਤੇ ਸਮਰਥਕਾਂ ਨਾਲ ਏਜੰਟ ਦੇ ਆਫ਼ਿਸ ਵਿਚ ਪਹੁੰਚ ਗਏ, ਜਿੱਥੇ ਪਹਿਲਾਂ ਤਾਂ ਸਟਾਫ਼ ਨਾਲ ਬਹਿਸਬਾਜ਼ੀ ਹੋਈ ਅਤੇ ਬਾਅਦ ਵਿਚ ਮਾਮਲਾ ਇੰਨਾ ਵਧ ਗਿਆ ਕਿ ਗੱਲ ਹੱਥੋਪਾਈ ਤਕ ਪਹੁੰਚ ਗਈ। ਸੀ. ਸੀ. ਟੀ. ਵੀ. ਵਿਚ ਸਾਫ਼ ਵਿਖਾਈ ਦੇ ਰਿਹਾ ਹੈ ਕਿ ਸਮਰਥਕਾਂ ਨੇ ਸਟਾਫ਼ ’ਤੇ ਕੁਰਸੀਆਂ ਚੁੱਕ ਕੇ ਸੁੱਟੀਆਂ। ਸ਼ਿਕਾਇਤ ਮਿਲਣ ਤੋਂ ਬਾਅਦ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।