#PUNJAB

ਕੁਲਦੀਪ ਸਿੰਘ ਬੇਦੀ ਅਤੇ ਰਚਨਾ ਖਹਿਰਾ ਨੂੰ ਪ੍ਰਦਾਨ ਕੀਤਾ ਗਿਆ ਮਾਣਮੱਤਾ ਪੱਤਰਕਾਰ ਪੁਰਸਕਾਰ

* ਪੰਜਾਬ ਦੇ ਹਾਲਾਤਾਂ ਦੇ ਮੱਦੇਨਜ਼ਰ ਲੇਖਕਾਂ, ਪੱਤਰਕਾਰਾਂ, ਬੁੱਧੀਜੀਵੀਆਂ ਨੂੰ ਇੱਕ ਮੰਚ ‘ਤੇ ਇਕੱਠੇ ਹੋਣ ਦੀ ਲੋੜ : ਸਤਨਾਮ ਸਿੰਘ ਮਾਣਕ
ਫਗਵਾੜਾ, 11 ਦਸੰਬਰ (ਪੰਜਾਬ ਮੇਲ)- ਪੰਜਾਬੀ ਕਾਲਮਨਵੀਸ ਪੱਤਰਕਾਰ ਮੰਚ (ਰਜਿ:) ਵਲੋਂ ਪ੍ਰਸਿੱਧ ਪੱਤਰਕਾਰ ਕੁਲਦੀਪ ਸਿੰਘ ਬੇਦੀ ਅਤੇ ਖੋਜੀ ਪੱਤਰਕਾਰ ਖਹਿਰਾ ਨੂੰ ਮਾਣਮੱਤਾ ਪੱਤਰਕਾਰ ਸਨਮਾਨ ਦਿੱਤਾ ਗਿਆ। ਫਗਵਾੜਾ ਵਿਖੇ ਕਰਵਾਏ ਵਿਸ਼ਾਲ ਸਮਾਗਮ ਦੇ ਮੁੱਖ ਮਹਿਮਾਨ ਪ੍ਰਸਿੱਧ ਪੱਤਰਕਾਰ ਅਤੇ ‘ਰੋਜ਼ਾਨਾ ਅਜੀਤ’ ਦੇ ਕਾਰਜਕਾਰੀ ਸੰਪਾਦਕ ਸਤਨਾਮ ਸਿੰਘ ਮਾਣਕ ਨੇ ਕਿਹਾ ਕਿ ਪੰਜਾਬ ਦੇ ਹਾਲਾਤਾਂ ਦੇ ਮੱਦੇਨਜ਼ਰ ਲੇਖਕਾਂ, ਪੱਤਰਕਾਰਾਂ, ਬੁੱਧੀਜੀਵੀਆਂ ਨੂੰ ਇੱਕ ਮੰਚ ‘ਤੇ ਇਕੱਠੇ ਹੋਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਵਿਚ ਪੱਤਰਕਾਰਾਂ ਉਤੇ ਹਮਲੇ ਹੋ ਰਹੇ ਹਨ ਅਤੇ ਪੱਤਰਕਾਰੀ ਜ਼ੋਖਮ ਦਾ ਕੰਮ ਹੈ। ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ‘ਚ ਸਤਨਾਮ ਸਿੰਘ ਮਾਣਕ, ਨਰਪਾਲ ਸਿੰਘ ਸ਼ੇਰਗਿੱਲ, ਗਿਆਨ ਸਿੰਘ ਮੋਗਾ, ਪ੍ਰੋ. ਜਸਵੰਤ ਸਿੰਘ ਗੰਡਮ ਅਤੇ ਮੰਚ ਪ੍ਰਧਾਨ ਪ੍ਰਿੰ: ਗੁਰਮੀਤ ਸਿੰਘ ਪਲਾਹੀ ਸ਼ਾਮਲ ਸਨ।
ਸਨਮਾਨੇ ਗਏ ਪੱਤਰਕਾਰਾਂ ਨੂੰ ਸਨਮਾਨ ਪੱਤਰ, ਮੰਮੰਟੋ, ਦੁਸ਼ਾਲਾ ਅਤੇ ਨਕਦ ਰਾਸ਼ੀ ਪ੍ਰਦਾਨ ਕੀਤੀ ਗਈ। ਇਹ ਮਾਣਮੱਤਾ ਸਨਮਾਨ ਹਰ ਵਰ੍ਹੇ ਪੱਤਰਕਾਰੀ ਵਿਚ ਨਿਭਾਈਆਂ ਸੇਵਾਵਾਂ ਲਈ ਪ੍ਰਮੁੱਖ ਪੱਤਰਕਾਰਾਂ ਅਤੇ ਖੋਜੀ ਪੱਤਰਕਾਰਾਂ ਨੂੰ ਦਿੱਤਾ ਜਾਂਦਾ ਹੈ।
ਸਮਾਗਮ ਦੌਰਾਨ ਪ੍ਰੋ; ਜਸਵੰਤ ਸਿੰਘ ਗੰਡਮ, ਐਡਵੋਕੇਟ ਐੱਸ.ਐੱਲ. ਵਿਰਦੀ, ਗਿਆਨ ਸਿੰਘ ਮੋਗਾ, ਨਰਪਾਲ ਸਿੰਘ ਸ਼ੇਰਗਿੱਲ, ਰਚਨਾ ਖਹਿਰਾ, ਦੀਦਾਰ ਸ਼ੇਤਰਾ, ਰਵਿੰਦਰ ਚੋਟ, ਬਲਦੇਵ ਰਾਜ ਕੋਮਲ, ਰਵਿੰਦਰ ਸਿੰਘ ਰਾਏ, ਦੇਵਿੰਦਰ ਸਿੰਘ ਮਾਧੋਪੁਰੀ ਨੇ ਸੰਬੋਧਨ ਕੀਤਾ।
ਸਨਮਾਨਤ ਪੱਤਰਕਾਰ ਕੁਲਦੀਪ ਸਿੰਘ ਬੇਦੀ ਨੇ ਕਿਹਾ ਕਿ ਪੰਜਾਬ ਦੇ ਮਸਲਿਆਂ ਨੂੰ ਗੰਭੀਰਤਾ ਨਾਲ ਵਿਚਾਰਿਆ ਜਾਣਾ ਚਾਹੀਦਾ ਹੈ ਅਤੇ ਪੰਜਾਬ ਦੇ ਅਮੀਰ ਵਿਰਸੇ ਤੇ ਬੋਲੀ ਦੀ ਸੰਭਾਲ ਕਰਨ ਦੀ ਲੋੜ ਹੈ। ਖੋਜੀ ਪੱਤਰਕਾਰ ਰਚਨਾ ਖਹਿਰਾ ਨੇ ਕਿਹਾ ਕਿ ਖੋਜੀ ਪੱਤਰਕਾਰੀ ਸੀਸ ਤਲੀ ‘ਤੇ ਧਰਨ ਵਾਂਗਰ ਹੈ ਅਤੇ ਪੱਤਰਕਾਰਾਂ ਨੂੰ ਤੱਥਾਂ ਦੀ ਛਾਣ-ਬੀਣ ਕਰਕੇ ਲੋਕ-ਹਿਤੈਸ਼ੀ ਪੱਤਰਕਾਰੀ ਕਰਨੀ ਚਾਹੀਦਾ ਹੈ।
ਇਸ ਸਮਾਗਮ ਦੌਰਾਨ ਟੀ.ਡੀ. ਚਾਵਲਾ, ਸੁਖਦੇਵ ਸਾਹਿਲ, ਨਛੱਤਰ ਭੋਗਲ ਯੂ.ਕੇ., ਵਰਿੰਦਰ ਸਿੰਘ ਵਿਰਦੀ, ਗੁਰਮੀਤ ਰੱਤੂ, ਮਨਦੀਪ ਸਿੰਘ, ਪ੍ਰਿੰ: ਤਰਸੇਮ ਸਿੰਘ, ਰਾਮ ਪਾਲ ਮੱਲ, ਸੁੱਖਵਿੰਦਰ ਸਿੰਘ ਪਲਾਹੀ, ਮਨੋਜ ਫਗਵਾੜਵੀ, ਮਾਸਟਰ ਮਨਦੀਪ ਸਿੰਘ, ਕਮਲੇਸ਼ ਸੰਧੂ, ਸੀਤਲ ਰਾਮ ਬੰਗਾ, ਕਰਮਜੀਤ ਸਿੰਘ ਸੰਧੂ, ਹਰਚਰਨ ਭਾਰਤੀ, ਲਸ਼ਕਰ ਢੰਡਵਾੜਵੀ, ਬੰਸੋ ਦੇਵੀ, ਜਨਕ ਪਲਾਹੀ, ਸੁਖਵਿੰਦਰ ਸਿੰਘ ਪ੍ਰਧਾਨ ਸਰਬ ਨੌਜਵਾਨ ਸਭਾ ਅਤੇ ਵੱਡੀ ਗਿਣਤੀ ‘ਚ ਪੰਜਾਬੀ ਪ੍ਰੇਮੀ ਹਾਜ਼ਰ ਸਨ।