#PUNJAB

ਕਿਸਾਨ ਮੋਰਚੇ ਦਾ ਵੱਡਾ ਐਲਾਨ ; ਭਲਕੇ ਫੂਕੇ ਜਾਣਗੇ ਕੇਂਦਰ ਤੇ ਹਰਿਆਣਾ ਸਰਕਾਰ ਦੇ ਪੁਤਲੇ

ਪਟਿਆਲਾ/ਸਨੌਰ/ਸ਼ੰਭੂ, 25 ਫਰਵਰੀ (ਪੰਜਾਬ ਮੇਲ)- ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਕ ਦੇ ਕਨਵੀਨਰ ਜਗਜੀਤ ਸਿੰਘ ਡੱਲੇਵਾਲ ਅਤੇ ਸਵਰਨ ਸਿੰਘ ਪੰਧੇਰ ਨੇ ਐਲਾਨ ਕੀਤਾ ਕਿ 25 ਫਰਵਰੀ ਨੂੰ ਦੋਵੇਂ ਮੋਰਚਿਆਂ ’ਤੇ ਬੁੱਧੀਜੀਵੀਆਂ ਨਾਲ ਕਾਨਫਰੰਸਾਂ ਕੀਤੀਆਂ ਜਾਣਗੀਆਂ ਅਤੇ 26 ਫਰਵਰੀ ਨੂੰ ਸਮੁੱਚੇ ਪੰਜਾਬ ਅਤੇ ਦੇਸ਼ ਅੰਦਰ ਕੇਂਦਰ ਅਤੇ ਹਰਿਆਣਾ ਸਰਕਾਰ ਦੇ ਪੁਤਲੇ ਸਾੜੇ ਜਾਣਗੇ।

ਕਿਸਾਨ ਨੇਤਾਵਾਂ ਨੇ ਕਿਹਾ ਕਿ ਕਿਸਾਨਾਂ ’ਤੇ ਹਰਿਆਣਾ ਪੁਲਸ ਪ੍ਰਸ਼ਾਸਨ ਵੱਲੋਂ ਉਹ ਸਾਮਾਨ ਵਰਤਿਆ ਗਿਆ, ਜਿਹੜਾ ਦੁਸ਼ਮਣ ’ਤੇ ਵਰਤਿਆ ਜਾਂਦਾ ਹੈ। ਨੇਤਾਵਾਂ ਨੇ ਕਿਹਾ ਕਿ ਸ਼ੰਭੂ ਬੈਰੀਅਰ ਦੀ ਬੈਰੀਕੇਡਿੰਗ ਪੰਜਾਬ ਦੇ ਇਲਾਕੇ ’ਚ ਕੀਤੀ ਗਈ ਹੈ ਤੇ ਕਿਸਾਨਾਂ ’ਤੇ ਹਮਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ 25 ਫਰਵਰੀ ਨੂੰ ਦੋਵੇਂ ਬਾਰਡਰਾਂ ’ਤੇ ਬੁੱਧੀਜੀਵੀਆਂ ਦੇ ਨਾਲ ਕਾਨਫਰੰਸਾਂ ਕੀਤੀਆਂ ਜਾਣਗੀਆਂ ਅਤੇ 26 ਫਰਵਰੀ ਨੂੰ ਡਬਲਿਊ. ਟੀ. ਓ. ਦੀ ਮੀਟਿੰੰਗ ਰੱਖੀ ਗਈ ਹੈ ਅਤੇ ਇਸਦੇ ਬਿਲਕੁਲ ਪੈਰਲਲ ਕਿਸਾਨਾਂ ਵੱਲੋਂ ਡਬਲਿਊ. ਟੀ. ਓ. ਦੇ ਪੁਤਲੇ ਫੂਕੇ ਜਾਣਗੇ।

ਇਸ ਮੌਕੇ ਕਿਸਾਨ ਆਗੂ ਸਤਨਾਮ ਸਿੰਘ ਬਹਿਰੂ, ਮਨਜੀਤ ਸਿੰਘ ਘੁਮਾਣਾ, ਮਾਨ ਸਿੰਘ ਰਾਜਪੁਰਾ, ਬਲਕਾਰ ਸਿੰਘ ਬੈਂਸ, ਤੇਜਿੰਦਰ ਸਿੰਘ ਲੀਲਾ, ਉਜਾਗਰ ਸਿੰਘ ਧਮੋਲੀ, ਦਲਜੀਤ ਸਿੰਘ ਚਮਾਰੂ, ਜ਼ਸਵੀਰ ਸਿੰਘ ਚੰਦੂਆ ਖੁਰਦ, ਮਨਪ੍ਰੀਤ ਸਿੰਘ ਮਦਨਪੁਰ, ਗੁਰਮੇਲ ਸਿੰਘ ਧਮੋਲੀ ਸਮੇਤ ਹੋਰ ਹਾਜ਼ਰ ਸਨ।