#PUNJAB

ਕਿਸਾਨ ਮੋਰਚਿਆਂ ‘ਚ ਸ਼ਾਮਲ ਨਹੀਂ ਹੋਵੇਗਾ ਸੰਯੁਕਤ ਕਿਸਾਨ ਮੋਰਚਾ

-ਜਨਵਰੀ ‘ਚ ਰਾਸ਼ਟਰਪਤੀ ਨਾਲ ਮੁਲਾਕਾਤ ਤੇ ਮੋਗਾ ਵਿਚ ਵੱਡਾ ਇਕੱਠ ਕਰਨ ਦਾ ਲਿਆ ਫ਼ੈਸਲਾ
ਚੰਡੀਗੜ੍ਹ, 25 ਦਸੰਬਰ (ਪੰਜਾਬ ਮੇਲ)- ਸੰਯੁਕਤ ਕਿਸਾਨ ਮੋਰਚਾ ਪੰਜਾਬ ਨੇ ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਪੰਜਾਬ ਤੇ ਹਰਿਆਣਾ ਦੇ ਬਾਰਡਰਾਂ ‘ਤੇ ਸਾਢੇ 10 ਮਹੀਨਿਆਂ ਤੋਂ ਚਲਾਏ ਰਹੇ ਮੋਰਚਿਆਂ ਵਿਚ ਸ਼ਾਮਲ ਨਾ ਹੋਣ ਦਾ ਫ਼ੈਸਲਾ ਕੀਤਾ ਹੈ। ਇਸ ਗੱਲ ਦਾ ਪ੍ਰਗਟਾਵਾ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਚੰਡੀਗੜ੍ਹ ਦੇ ਕਿਸਾਨ ਭਵਨ ਵਿਚ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਇਹ ਮੀਟਿੰਗ ਕਿਸਾਨ ਆਗੂ ਨਿਰਭੈ ਸਿੰਘ ਢੁੱਡੀਕੇ, ਪ੍ਰੇਮ ਸਿੰਘ ਭੰਗੂ ਅਤੇ ਹਰਜਿੰਦਰ ਸਿੰਘ ਟਾਂਡਾ ਦੀ ਪ੍ਰਧਾਨਗੀ ਹੇਠ ਹੋਈ। ਕਿਸਾਨ ਆਗੂਆਂ ਨੇ ਜਨਵਰੀ ਦੇ ਪਹਿਲੇ ਹਫ਼ਤੇ ਰਾਸ਼ਟਰਪਤੀ ਨੂੰ ਮਿਲਣ ਦਾ ਫ਼ੈਸਲਾ ਕੀਤਾ ਹੈ। ਇਸ ਤੋਂ ਇਲਾਵਾ 9 ਜਨਵਰੀ ਨੂੰ ਮੋਗਾ ਵਿਚ ਵੱਡਾ ਇਕੱਠ ਕਰਨ ਦਾ ਐਲਾਨ ਵੀ ਕੀਤਾ। ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਕਿਹਾ ਕਿ 21 ਦਸੰਬਰ ਨੂੰ ਪਟਿਆਲਾ ਵਿਚ ਕਿਸਾਨ ਮਜ਼ਦੂਰ ਮੋਰਚਾ ਨਾਲ ਸੰਯੁਕਤ ਕਿਸਾਨ ਮੋਰਚਾ ਦੀ 6 ਮੈਂਬਰੀ ਏਕਤਾ ਕਮੇਟੀ ਦੀ ਮੀਟਿੰਗ ਸੁਖਾਵੇਂ ਮਾਹੌਲ ‘ਚ ਹੋਈ ਸੀ। ਹਾਲਾਂਕਿ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਦਾ ਹੁੰਗਾਰਾ ਮੱਠਾ ਰਿਹਾ ਹੈ। ਇਸ ਦੇ ਬਾਵਜੂਦ ਐੱਸ.ਕੇ.ਐੱਮ. ਨੇ ਫ਼ੈਸਲਾ ਕੀਤਾ ਕਿ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਲਈ ਸੰਘਰਸ਼ ਕਰਨ ਵਾਲੀਆਂ ਕਿਸਾਨ ਜਥੇਬੰਦੀਆਂ ਦੇ ਏਕੇ ਲਈ ਯਤਨ ਜਾਰੀ ਰੱਖੇ ਜਾਣ। ਇਸ ਲਈ ਆਉਣ ਵਾਲੇ ਸਮੇਂ ਵਿਚ ਹੋਰ ਵੀ ਮੀਟਿੰਗਾਂ ਹੋਣਗੀਆਂ, ਉਸ ਤੋਂ ਬਾਅਦ ਕੋਈ ਫ਼ੈਸਲਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਐੱਸ.ਕੇ.ਐੱਮ. ਆਗੂ ਖਨੌਰੀ ਬਾਰਡਰ ‘ਤੇ ਵੀ ਜਗਜੀਤ ਸਿੰਘ ਡੱਲੇਵਾਲ ਦਾ ਹਾਲ-ਚਾਲ ਪੁੱਛਣ ਗਏ ਸੀ, ਪਰ ਕਿਸੇ ਨੇ ਉਨ੍ਹਾਂ ਨਾਲ ਸਹੀ ਢੰਗ ਨਾਲ ਗੱਲ ਨਹੀਂ ਕੀਤੀ। 30 ਦਸੰਬਰ ਨੂੰ ਭਾਰਤ ਬੰਦ ਦੇ ਸੱਦੇ ਦੀ ਹਮਾਇਤ ਬਾਰੇ ਐੱਸ.ਕੇ.ਐੱਮ. ਆਗੂਆਂ ਨੇ ਕਿਹਾ ਕਿ ਇਹ ਐਲਾਨ ਉਨ੍ਹਾਂ ਨਾਲ ਸਲਾਹ ਕੀਤੇ ਬਿਨਾਂ ਕੀਤਾ ਗਿਆ ਹੈ। ਇਸ ਲਈ ਐੱਸ.ਕੇ.ਐੱਮ. ਉਸ ਵਿਚ ਸ਼ਮੂਲੀਅਤ ਨਹੀਂ ਕਰੇਗਾ।
ਮੀਟਿੰਗ ਵਿਚ ਸਾਰਿਆਂ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਭੁੱਖ ਹੜਤਾਲ ‘ਤੇ ਬੈਠਣ ਕਰਕੇ ਵਿਗੜ ਰਹੀ ਸਿਹਤ ‘ਤੇ ਚਿੰਤਾ ਦਾ ਪ੍ਰਗਟਾਵਾ ਕੀਤਾ।
ਇਸ ਮੌਕੇ ਜੋਗਿੰਦਰ ਸਿੰਘ ਉਗਰਾਹਾਂ, ਹਰਿੰਦਰ ਸਿੰਘ ਲੱਖੋਵਾਲ, ਡਾ. ਦਰਸ਼ਨ ਪਾਲ, ਮਨਜੀਤ ਸਿੰਘ ਧਨੇਰ, ਡਾ. ਸਤਨਾਮ ਸਿੰਘ ਅਜਨਾਲਾ, ਮੁਕੇਸ਼ ਚੰਦਰ ਸ਼ਰਮਾ, ਰੁਲਦੂ ਸਿੰਘ ਮਾਨਸਾ, ਬੂਟਾ ਸਿੰਘ ਬੁਰਜ ਗਿੱਲ ਤੋਂ ਇਲਾਵਾ ਹੋਰ ਕਿਸਾਨ ਆਗੂ ਹਾਜ਼ਰ ਸਨ।