#PUNJAB

ਕਿਸਾਨਾਂ ਵੱਲੋਂ ਬਠਿੰਡਾ-ਜੀਰਕਪੁਰ ਕੌਮੀ ਮਾਰਗ ’ਤੇ ਕਾਲਾਝਾੜ ਟੌਲ ਪਲਾਜ਼ਾ ਪਰਚੀ ਮੁਕਤ

ਭਵਾਨੀਗੜ੍ਹ, 19 ਫਰਵਰੀ (ਦਲਜੀਤ ਕੌਰ/ਪੰਜਾਬ ਮੇਲ)-  ਕੇਂਦਰ ਦੀ ਭਾਜਪਾ ਮੋਦੀ ਸਰਕਾਰ ਦੀ ਸ਼ਹਿ ‘ਤੇ ਹਰਿਆਣਾ ਦੀ ਖੱਟਰ ਸਰਕਾਰ ਵੱਲੋਂ ਸ਼ੰਭੂ, ਖਨੌਰੀ ਬਾਰਡਰ ਤੇ ਕਿਸਾਨਾਂ ਉਪਰ ਢਾਹੇ ਜਬਰ ਖ਼ਿਲਾਫ਼ ਅੱਜ ਦੂਜੇ ਦਿਨ ਵੀ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਬਠਿੰਡਾ-ਜੀਰਕਪੁਰ ਨੈਸ਼ਨਲ ਹਾਈਵੇਅ ਤੇ ਸਥਿਤ ਕਾਲਾਝਾੜ ਟੌਲ ਪਲਾਜ਼ੇ ਨੂੰ ਪਰਚੀ ਮੁਕਤ ਕੀਤਾ ਗਿਆ ਪਰ ਆਵਾਜਾਈ ਵਿੱਚ ਕੋਈ ਵਿਘਨ ਨਹੀਂ ਪਾਇਆ।
ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾਈ ਆਗੂ ਜਗਤਾਰ ਸਿੰਘ ਕਾਲਾਝਾੜ, ਬਲਾਕ ਪ੍ਰਧਾਨ ਅਜੈਬ ਸਿੰਘ ਲੱਖੇਵਾਲ, ਮਨਜੀਤ ਸਿੰਘ ਘਰਾਚੋਂ, ਹਰਜੀਤ ਸਿੰਘ ਮਹਿਲਾਂ, ਬਲਾਕ ਆਗੂ ਕੁਲਦੀਪ ਸਿੰਘ ਬਖੋਪੀਰ, ਗੁਰਚੇਤ ਸਿੰਘ ਭੱਟੀਵਾਲ, ਜਸਵੀਰ ਸਿੰਘ ਗੱਗੜਪੁਰ, ਕਰਮ ਚੰਦ ਪੰਨਵਾਂ ਅਤੇ ਕਰਮਜੀਤ ਕੌਰ ਭਿੰਡਰਾਂ ਨੇ ਕਿਹਾ ਕਿ ਸੂਬਾ ਕਮੇਟੀ ਦੇ ਨਵੇਂ ਫੈਸਲੇ ਅਨੁਸਾਰ ਪੰਜਾਬ ਦੇ ਟੌਲ ਪਲਾਜਿਆਂ ਨੂੰ ਪਰਚੀ ਮੁਕਤ ਕਰਨ ਅਤੇ ਭਾਜਪਾ ਆਗੂਆਂ ਦੇ ਘਰਾਂ ਅੱਗੇ ਧਰਨਿਆਂ ਦਾ ਪ੍ਰੋਗਰਾਮ 22 ਫਰਵਰੀ ਤੱਕ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਦੀਆਂ ਕਾਰਪੋਰੇਟ ਘਰਾਣਿਆਂ ਪੱਖੀ ਨੀਤੀਆਂ ਕਾਰਨ ਕਿਸਾਨ, ਮਜ਼ਦੂਰ ਤੇ ਛੋਟੇ ਕਿੱਤਿਆਂ ਵਾਲਿਆਂ ਦੀ ਜ਼ਿੰਦਗੀ ਤਬਾਹ ਹੋ ਰਹੀ ਹੈ, ਜਦੋਂ ਕਿ ਅੰਬਾਨੀ ਅਡਾਨੀ ਵਰਗੇ ਕਾਰਪੋਰੇਟ ਘਰਾਣਿਆਂ ਨੂੰ ਵੱਡੇ ਮੁਨਾਫ਼ੇ ਹੋ ਰਹੇ ਹਨ। ਉਨ੍ਹਾਂ ਪੰਜਾਬ ਦੇ ਬਾਰਡਰਾਂ ਨੂੰ ਸੀਲ ਕਰਕੇ ਕਿਸਾਨਾਂ ਉਤੇ ਕੀਤੇ ਜਬਰ ਨੂੰ ਜਮਹੂਰੀਅਤ ਦਾ ਘਾਣ ਕਰਾਰ ਦਿੱਤਾ। ਕਿਸਾਨ ਆਗੂਆਂ ਨੇ ਕਿਹਾ ਕਿ ਹੱਕਾਂ ਲਈ ਲੜੇ ਜਾ ਰਹੇ ਸੰਘਰਸ਼ ਨੂੰ ਜਬਰ ਨਾਲ ਦਬਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਸਾਨੀ ਮੰਗਾਂ ਨੂੰ ਤੁਰੰਤ ਲਾਗੂ ਕਰਨ ਦੀ ਮੰਗ ਕੀਤੀ।