#PUNJAB

ਕਿਸਾਨਾਂ ਵੱਲੋਂ ਦਿੱਲੀ ਕੂਚ: ਸ਼ੰਭੂ ਬਾਰਡਰ ‘ਤੇ ‘ਕਿਸਾਨ ਤੇ ਜਵਾਨ’ ਆਹਮੋ-ਸਾਹਮਣੇ

* 50 ਤੋਂ ਵੱਧ ਵਾਰ ਕਿਸਾਨਾਂ ‘ਤੇ ਦਾਗੇ ਅੱਥਰੂ ਗੈਸ ਦੇ ਗੋਲੇ ਤੇ ਰਬੜ ਦੀਆਂ ਗੋਲੀਆਂ
* ਡਰੋਨ ਰਾਹੀਂ ਵੀ ਦਾਗੇ ਗਏ ਅੱਥਰੂ ਗੈਸ ਦੇ ਗੋਲੇ
* ਕਈ ਕਿਸਾਨ, ਪੱਤਰਕਾਰ ਅਤੇ ਪੁਲਿਸ ਕਰਮੀ ਜ਼ਖ਼ਮੀ
* ਹਜ਼ਾਰਾਂ ਕਿਸਾਨ ਟਰੈਕਟਰ-ਟਰਾਲੀਆਂ ਨਾਲ ਹਰਿਆਣਾ ਦੀਆਂ ਸਰਹੱਦਾਂ ‘ਤੇ ਡਟੇ
ਚੰਡੀਗੜ੍ਹ, 14 ਫਰਵਰੀ (ਪੰਜਾਬ ਮੇਲ)- ਪੰਜਾਬ ਅਤੇ ਹਰਿਆਣਾ ਦੀਆਂ ਸਰਹੱਦਾਂ ‘ਤੇ ‘ਦਿੱਲੀ ਕੂਚ’ ਪ੍ਰੋਗਰਾਮ ਦੇ ਪਹਿਲੇ ਦਿਨ ਮਾਹੌਲ ਪੂਰੀ ਤਰ੍ਹਾਂ ਤਣਾਅਪੂਰਨ ਅਤੇ ਟਕਰਾਅ ਵਾਲਾ ਬਣ ਗਿਆ। ਹਰਿਆਣਾ ਪੁਲਿਸ ਨੇ ਹੰਝੂ ਗੈਸ ਦੇ ਇੰਨੇ ਗੋਲੇ ਬਰਸਾਏ ਕਿ ਪੰਜਾਬ-ਹਰਿਆਣਾ ਸਰਹੱਦ ‘ਤੇ ਪੂਰਾ ਦਿਨ ਧੂੰਏਂ ਦਾ ਗੁਬਾਰ ਛਾਇਆ ਰਿਹਾ। ਸ਼ੰਭੂ ਅਤੇ ਖਨੌਰੀ ਬਾਰਡਰਾਂ ‘ਤੇ ਪੁਲਿਸ ਨੇ ਉਸ ਵਕਤ ਕਿਸਾਨਾਂ ‘ਤੇ ਅੱਥਰੂ ਗੈਸ ਦੇ ਗੋਲੇ ਦਾਗੇ, ਜਦੋਂ ਉਹ ਦਿੱਲੀ ਵੱਲ ਵਧਣ ਦੀ ਕੋਸ਼ਿਸ਼ ਕਰ ਰਹੇ ਸਨ। ਦੋਵੇਂ ਬਾਰਡਰਾਂ ‘ਤੇ ਕਿਸਾਨਾਂ ਨੂੰ ਪਾਣੀ ਦੀਆਂ ਬੁਛਾੜਾਂ ਤੇ ਰਬੜ ਦੀਆਂ ਗੋਲੀਆਂ ਵੀ ਝੱਲਣੀਆਂ ਪਈਆਂ ਤੇ ਖਨੌਰੀ ਸੀਮਾ ‘ਤੇ ਹਰਿਆਣਾ ਪੁਲਿਸ ਨਾਲ ਝੜਪਾਂ ਵੀ ਹੋਈਆਂ। ਇਨ੍ਹਾਂ ਝੜਪਾਂ ਵਿਚ ਸੌ ਦੇ ਕਰੀਬ ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ‘ਚ 60 ਕਿਸਾਨ ਤੇ 24 ਦੇ ਕਰੀਬ ਪੁਲਿਸ ਮੁਲਾਜ਼ਮ ਦੱਸੇ ਜਾਂਦੇ ਹਨ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਸਰਵਨ ਸਿੰਘ ਪੰਧੇਰ ਨੇ ਸ਼ੰਭੂ ਸੀਮਾ ‘ਤੇ ਕਿਸਾਨਾਂ ਦੀ ਅਗਵਾਈ ਕੀਤੀ। ਸ਼ਾਮ ਸੱਤ ਵਜੇ ਸੀਜ਼ਫਾਇਰ ਕਰਨ ਦਾ ਫੈਸਲਾ ਲਿਆ ਗਿਆ, ਜਿਸ ਮਗਰੋਂ ਮਾਹੌਲ ‘ਚ ਥੋੜ੍ਹੀ ਨਰਮੀ ਆਈ। ਹਰਿਆਣਾ ਪੁਲਿਸ ਦੀ ਸਖ਼ਤ ਕਾਰਨ ‘ਦਿੱਲੀ ਕੂਚ’ ਪ੍ਰੋਗਰਾਮ ਦੇਸ਼ ਭਰ ‘ਚ ਕੇਂਦਰ ਬਿੰਦੂ ਬਣਿਆ ਰਿਹਾ। ਬਾਕੀ ਕਿਸਾਨ ਧਿਰਾਂ ਨੇ ਵੀ ਸਰਕਾਰੀ ਜਬਰ ਦੇ ਵਿਰੋਧ ਵਿਚ ਆਵਾਜ਼ ਬੁਲੰਦ ਕੀਤੀ ਹੈ। ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਦੀ ਅਗਵਾਈ ‘ਚ ‘ਦਿੱਲੀ ਕੂਚ’ ਲਈ ਫਤਹਿਗੜ੍ਹ ਸਾਹਿਬ ਅਤੇ ਮਹਿਲਾਂ ਚੌਕ (ਸੰਗਰੂਰ) ਤੋਂ ਹਜ਼ਾਰਾਂ ਕਿਸਾਨ ਟਰਾਲੀਆਂ ਸਮੇਤ ਰਵਾਨਾ ਹੋਏ ਸਨ। ਕਿਸਾਨ ਜਥੇਬੰਦੀਆਂ ਨੇ ਬੀਤੀ ਰਾਤ ਕੇਂਦਰੀ ਵਜ਼ੀਰਾਂ ਨਾਲ ਲੰਮੀ ਗੱਲਬਾਤ ਵੀ ਕੀਤੀ ਸੀ ਅਤੇ ਜਦੋਂ ਕੇਂਦਰ ਨੇ ਕੋਈ ਪੁਖ਼ਤਾ ਭਰੋਸਾ ਨਾ ਦਿੱਤਾ, ਤਾਂ ਉਨ੍ਹਾਂ ਦਿੱਲੀ ਵੱਲ ਕੂਚ ਕਰਨ ਦਾ ਐਲਾਨ ਕਰ ਦਿੱਤਾ ਸੀ। ਪੰਜਾਬ ਦੀਆਂ ਸੜਕਾਂ ‘ਤੇ ਟਰੈਕਟਰ-ਟਰਾਲੀਆਂ ਦੇ ਲੰਮੇ ਕਾਫਲਿਆਂ ਦੀ ਗੂੰਜ ਪੈਂਦੀ ਰਹੀ।
ਹਰਿਆਣਾ ਪੁਲਿਸ ਨੇ ਕੰਕਰੀਟ ਦੀਆਂ ਸਲੈਬਾਂ, ਕੰਕਰੀਟ ਦੀਆਂ ਕੰਧਾਂ, ਕੰਡਿਆਲੀ ਤਾਰਾਂ ਤੇ ਬੈਰੀਕੇਡ ਲਗਾ ਕੇ ਬਹੁ-ਪਰਤੀ ਰੋਕਾਂ ਖੜ੍ਹੀਆਂ ਕੀਤੀਆਂ ਗਈਆਂ ਹਨ। ਸ਼ੰਭੂ ਬਾਰਡਰ ‘ਤੇ ਜਿਵੇਂ ਹੀ ਕਿਸਾਨਾਂ ਨੇ ਬੈਰੀਕੇਡ ਹਟਾਉਣ ਦੀ ਕੋਸ਼ਿਸ਼ ਕੀਤੀ, ਤਾਂ ਹਰਿਆਣਾ ਪੁਲਿਸ ਨੇ ਹੰਝੂ ਗੈਸ ਦੇ ਗੋਲਿਆਂ ਦਾ ਮੀਂਹ ਵਰ੍ਹਾ ਦਿੱਤਾ। ਹਫੜਾ-ਦਫੜੀ ਦੇ ਮਾਹੌਲ ਦਰਮਿਆਨ ਹੀ ਕਿਸਾਨ ਦੋ ਪਰਤੀ ਬੈਰੀਕੇਡ ਹਟਾਉਣ ਵਿਚ ਸਫ਼ਲ ਹੋ ਗਏ। ਬਹੁਤੇ ਕਿਸਾਨਾਂ ਨੇ ਖੇਤਾਂ ਵਿਚੋਂ ਦੀ ਵਹੀਰਾਂ ਘੱਤ ਲਈਆਂ ਸਨ। ਰੋਹ ਵਿਚ ਆਏ ਕਿਸਾਨਾਂ ਨੇ ਘੱਗਰ ਨਦੀ ਦੇ ਪੁਲ ਦੀ ਰੇਲਿੰਗ ਉਖਾੜ ਕੇ ਸੁੱਟ ਦਿੱਤੀ। ਕੰਡਿਆਲੀ ਤਾਰ ਨੂੰ ਵੀ ਟਰੈਕਟਰਾਂ ਨਾਲ ਖਿੱਚ ਲਿਆ ਸੀ। ਇਹ ਕਿਸਾਨ ਫਤਹਿਗੜ੍ਹ ਸਾਹਿਬ ਤੋਂ ਰਵਾਨਾ ਹੋਏ ਸਨ। ਪੂਰਾ ਦਿਨ ‘ਕਿਸਾਨ ਤੇ ਜਵਾਨ’ ਆਹਮੋ-ਸਾਹਮਣੇ ਰਹੇ।
ਕਿਸਾਨਾਂ ਨੇ ਦੱਸਿਆ ਕਿ ਹਰਿਆਣਾ ਪੁਲਿਸ ਨੇ ਪਲਾਸਟਿਕ ਦੀਆਂ ਗੋਲੀਆਂ ਵੀ ਦਾਗੀਆਂ ਹਨ। ਸ਼ੰਭੂ ਬਾਰਡਰ ‘ਤੇ ਕਰੀਬ ਦੋ ਦਰਜਨ ਕਿਸਾਨ ਜ਼ਖ਼ਮੀ ਹੋਏ, ਜਿਨ੍ਹਾਂ ਨੂੰ ਰਾਜਪੁਰਾ ਦੇ ਸਿਵਲ ਹਸਪਤਾਲ ‘ਚ ਭਰਤੀ ਕਰਾਇਆ ਗਿਆ ਹੈ। ਇੱਥੋਂ ਕਿਸਾਨ ਸੁਖਚੈਨ ਸਿੰਘ ਤਰਨ ਤਾਰਨ ਤੇ ਸੁਖਪਾਲ ਸਿੰਘ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਲਈ ਰੈਫਰ ਕਰ ਦਿੱਤਾ ਗਿਆ। ਕਿਸਾਨ ਸੁਖਚੈਨ ਸਿੰਘ ਦੀ ਅੱਖ ਪਾੜ ਗਈ ਹੈ। ਕਈ ਜ਼ਖ਼ਮੀਆਂ ਦੇ ਸਿਰ ‘ਤੇ ਹੰਝੂ ਗੈਸ ਦੇ ਗੋਲੇ ਡਿੱਗੇ ਅਤੇ ਉਨ੍ਹਾਂ ਦੇ ਟਾਂਕੇ ਵੀ ਲਾਉਣੇ ਪਏ ਹਨ। ਦੋ ਮੀਡੀਆ ਕਰਮੀ ਨੀਲ ਭਲਿੰਦਰ ਸਿੰਘ ਅਤੇ ਸਤਿੰਦਰ ਚੌਹਾਨ ਵੀ ਕਵਰੇਜ ਦੌਰਾਨ ਜ਼ਖ਼ਮੀ ਹੋਏ ਹਨ। ਦੂਸਰੇ ਪਾਸੇ ਖਨੌਰੀ ਬਾਰਡਰ ‘ਤੇ ਵੀ ਮਾਹੌਲ ਕਾਫੀ ਤਣਾਅਪੂਰਨ ਬਣਿਆ ਰਿਹਾ। ਮਹਿਲਾਂ ਚੌਕ (ਸੰਗਰੂਰ) ਤੋਂ ਕਿਸਾਨ ਟਰੈਕਟਰ-ਟਰਾਲੀਆਂ ਨਾਲ ਦੁਪਹਿਰ ਪਿੱਛੋਂ ਰਵਾਨਾ ਹੋਏ ਤੇ ਖਨੌਰੀ ਬਾਰਡਰ ‘ਤੇ ਕਰੀਬ ਸਾਢੇ ਤਿੰਨ ਵਜੇ ਪੁੱਜੇ। ਇਨ੍ਹਾਂ ਕਿਸਾਨਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਸਥਾਨਕ ਕਿਸਾਨ ਹਜ਼ਾਰਾਂ ਦੀ ਗਿਣਤੀ ਵਿਚ ਇਕੱਠੇ ਹੋ ਗਏ ਸਨ, ਜਿਨ੍ਹਾਂ ‘ਤੇ ਹਰਿਆਣਾ ਪੁਲਿਸ ਨੇ ਹੰਝੂ ਗੈਸ ਦੇ ਗੋਲੇ ਦਾਗੇ। ਦੋ ਨੌਜਵਾਨ ਬੇਹੋਸ਼ ਵੀ ਹੋ ਗਏ ਤੇ ਦਸ ਦੇ ਕਰੀਬ ਜ਼ਖ਼ਮੀ ਹੋਏ ਹਨ। ਜਦੋਂ ਕਿਸਾਨ ਬੈਰੀਕੇਡਿੰਗ ਵੱਲ ਵਧਣ ਲੱਗੇ, ਤਾਂ ਪੁਲਿਸ ਨੇ ਹੱਲਾ ਬੋਲ ਦਿੱਤਾ ਤੇ ਕਿਸਾਨਾਂ ਨੂੰ ਦੌੜਾ-ਦੌੜਾ ਕੇ ਕੁੱਟਿਆ। ਕਈ ਵਾਰੀ ਕਿਸਾਨ ਵੀ ਹਰਿਆਣਾ ਪੁਲਿਸ ਨੂੰ ਪਿਛਾਂਹ ਧੱਕਣ ਵਿਚ ਕਾਮਯਾਬ ਹੋਏ। ਬੀ.ਕੇ.ਯੂ. (ਡੱਲੇਵਾਲ) ਦੇ ਜਨਰਲ ਸਕੱਤਰ ਕਾਕਾ ਸਿੰਘ ਕੋਟੜਾ ਨੇ ਕਿਹਾ ਕਿ ਹਰਿਆਣਾ ਦੇ ਕਿਸਾਨ ਵੀ ਪੰਜਾਬ ਦੇ ਕਿਸਾਨਾਂ ਦੀ ਹਮਾਇਤ ਵਿਚ ਕੁੱਦ ਪਏ ਹਨ। ਕਿਸਾਨ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਹ ਤੋਂ ਜ਼ਿਆਦਾ ਵਾਰ ਹਰਿਆਣਾ ਪੁਲਿਸ ਨੇ ਹੰਝੂ ਗੈਸ ਦੇ ਗੋਲੇ ਦਾਗੇ ਹਨ।
ਇਸੇ ਤਰ੍ਹਾਂ ਨਰਵਾਣਾ-ਪੰਜਾਬ ਸੀਮਾ ‘ਤੇ ਵੀ ਤਣਾਅ ਬਣਿਆ ਹੋਇਆ ਹੈ। ਟੋਹਾਣਾ ਬਾਰਡਰ ‘ਤੇ ਹਰਿਆਣਾ ਦੇ ਕਿਸਾਨਾਂ ਨੇ ਪ੍ਰਦਰਸ਼ਨ ਕਰਕੇ ਪੰਜਾਬੀ ਕਿਸਾਨਾਂ ਦੀ ਹਮਾਇਤ ਕੀਤੀ, ਜਦੋਂ ਕਿ ਫਤਿਹਾਬਾਦ ਸੀਮਾ ਤੋਂ ਕਿਸਾਨਾਂ ਨੂੰ ਦਿੱਲੀ ਵੱਲ ਵਧਣ ਨਹੀਂ ਦਿੱਤਾ ਗਿਆ। ਸਿਰਸਾ ਲਾਗੇ ਘੱਗਰ ਪੁਲ ‘ਤੇ ਕੌਮੀ ਹਾਈਵੇਅ ਬੰਦ ਕੀਤਾ ਹੋਇਆ ਹੈ ਅਤੇ ਕਿਸਾਨਾਂ ਨੇ ਪਿੰਡ ਪੰਜੂਆਣਾ ਵਿਚ ਡੇਰੇ ਲਾਏ ਹੋਏ ਹਨ। ਅੰਤਰਰਾਜੀ ਸੀਮਾ ਦੇ ਬੰਦ ਹੋਣ ਨਾਲ ਸਮੁੱਚੀ ਆਵਾਜਾਈ ਪ੍ਰਭਾਵਿਤ ਹੋ ਗਈ ਹੈ ਅਤੇ ਕਿਸਾਨ ਆਗੂਆਂ ਦੇ ਟਵਿੱਟਰ ਹੈਂਡਲ ਵੀ ਬੰਦ ਕਰ ਦਿੱਤੇ ਗਏ ਹਨ। ਕਾਫੀ ਕਿਸਾਨਾਂ ਨੂੰ ਹਰਿਆਣਾ ਪੁਲਿਸ ਨੇ ਹਿਰਾਸਤ ਵਿਚ ਵੀ ਲੈ ਲਿਆ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਹਰਿਆਣਾ ਦੀਆਂ ਸਰਹੱਦਾਂ ਨੇੜਲੇ ਸਾਰੇ ਹਸਪਤਾਲਾਂ ਨੂੰ ਤਿਆਰ-ਬਰ-ਤਿਆਰ ਰਹਿਣ ਅਤੇ ਜ਼ਖ਼ਮੀ ਕਿਸਾਨਾਂ ਨੂੰ ਬਿਨਾਂ ਕਿਸੇ ਦੇਰੀ ਦੇ ਮਦਦ ਤੇ ਇਲਾਜ ਮੁਹੱਈਆ ਕਰਵਾਉਣ ਦੇ ਹੁਕਮ ਦਿੱਤੇ ਹਨ। ਸ਼੍ਰੀ ਮਾਨ ਨੇ ਸਾਰੇ ਡਾਕਟਰਾਂ ਅਤੇ ਹਸਪਤਾਲ ਦੇ ਸਟਾਫ ਨੂੰ ਕਾਲ ‘ਤੇ ਰਹਿਣ ਲਈ ਕਿਹਾ ਅਤੇ ਹਰਿਆਣਾ ਦੀਆਂ ਸਰਹੱਦਾਂ ‘ਤੇ ਤਾਇਨਾਤ ਐਂਬੂਲੈਂਸਾਂ ਦੀ ਗਿਣਤੀ ਵਧਾਉਣ ਦੇ ਹੁਕਮ ਦਿੱਤੇ ਹਨ। ਉਨ੍ਹਾਂ ਹਰਿਆਣਾ ਸਰਕਾਰ ਨੂੰ ਕਿਸਾਨਾਂ ‘ਤੇ ਲਾਠੀਚਾਰਜ, ਅੱਥਰੂ ਗੈਸ ਦੇ ਗੋਲੇ ਜਾਂ ਜਲ ਤੋਪਾਂ ਦੀ ਵਰਤੋਂ ਨਾ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਦੀ ਕਾਰਵਾਈ ਵਿਚ ਕਈ ਕਿਸਾਨ ਜ਼ਖ਼ਮੀ ਹੋਏ ਹਨ, ਜੋ ਕਿ ਬਹੁਤ ਹੀ ਮੰਦਭਾਗਾ ਹੈ।
ਹਰਿਆਣਾ ਪੁਲਿਸ ਦੀ ਨਵੀਂ ਡਰੋਨ ਤਕਨਾਲੋਜੀ ਦੀ ਵੱਡੀ ਮਾਰ ਕਿਸਾਨਾਂ ਨੂੰ ਝੱਲਣੀ ਪੈ ਰਹੀ ਹੈ। ਪੁਲਿਸ ਨੇ ਕਿਸਾਨਾਂ ‘ਤੇ ਡਰੋਨ ਜ਼ਰੀਏ ਹੰਝੂ ਗੈਸ ਦੇ ਗੋਲੇ ਦਾਗੇ। ਸ਼ੰਭੂ ਬਾਰਡਰ ‘ਤੇ ਕਿਸਾਨਾਂ ਨੇ ਦੱਸਿਆ ਕਿ ਹੰਝੂ ਗੈਸ ਦੇ ਗੋਲੇ ਵੀ ਮਿਆਦ ਪੁਗਾ ਚੁੱਕੀ ਤਰੀਕ ਦੇ ਹਨ। ਕਿਸਾਨਾਂ ਵੱਲੋਂ ਪਾਣੀ ਦੇ ਟੈਂਕਰ ਵੀ ਨਾਲ ਲਿਜਾਏ ਗਏ ਹਨ, ਤਾਂ ਜੋ ਹੰਝੂ ਗੈਸ ਦੇ ਗੋਲਿਆਂ ਨੂੰ ਫੌਰੀ ਨਾਕਾਮ ਬਣਾਇਆ ਜਾ ਸਕੇ।