#PUNJAB

ਕਿਸਾਨਾਂ ਦੇ ਦਿੱਲੀ ਕੂਚ ਨੂੰ ਲੈ ਕੇ ਹਰਿਆਣਾ ਸਰਕਾਰ ਦੀ ਵੱਡੀ ਕਾਰਵਾਈ; 3 ਦਿਨ ਬੰਦ ਰਹੇਗੀ ਇੰਟਰਨੈਟ ਤੇ ਐੱਸ.ਐੱਮ.ਐੱਸ. ਸੇਵਾ

-ਕਿਸਾਨਾਂ ਦੇ ਦਿੱਲੀ ਵੱਲ ਕੂਚ ਨੂੰ ਦੇਖਦਿਆਂ ਸ਼ੰਭੂ ਬਾਰਡਰ ਸੀਲ
ਚੰਡੀਗੜ੍ਹ, 10 ਫਰਵਰੀ (ਪੰਜਾਬ ਮੇਲ)-ਕਿਸਾਨਾਂ ਦੇ ਦਿੱਲੀ ਕੂਚ ਨੂੰ ਲੈ ਕੇ ਹਰਿਆਣਾ ਸਰਕਾਰ ਨੇ ਵੱਡੀ ਕਾਰਵਾਈ ਕੀਤੀ ਹੈ। ਹਰਿਆਣਾ ਸਰਕਾਰ ਨੇ ਤਿੰਨ ਦਿਨਾਂ ਲਈ ਸੂਬੇ ਦੇ ਕਈ ਜ਼ਿਲ੍ਹਿਆਂ ਵਿਚ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਹਨ। ਦੱਸ ਦਈਏ ਕਿ ਕੱਲ ਸਵੇਰੇ 6 ਵਜੇ ਤੋਂ 13 ਫਰਵਰੀ ਰਾਤ 12 ਵਜੇ ਤੱਕ ਇੰਟਰਨੈਟ ਅਤੇ ਐੱਸ.ਐੱਮ.ਐੱਸ. ਸੇਵਾਵਾਂ ਬੰਦ ਰਹਿਣਗੀਆਂ। ਹਰਿਆਣਾ ਦੇ 7 ਜ਼ਿਲ੍ਹਿਆਂ ‘ਚ ਇਹ ਸੇਵਾਵਾਂ ਬੰਦ ਰਹਿਣਗੀਆਂ, ਜਿਨ੍ਹਾਂ ਵਿਚ ਕੁਰੂਕਸ਼ੇਤਰ, ਕੈਥਲ, ਅੰਬਾਲਾ, ਜੀਂਦ, ਹਿਸਾਰ, ਸਿਰਸਾ ਤੇ ਫਤਿਹਾਬਾਦ ਸ਼ਾਮਲ ਹਨ।
ਹਰਿਆਣਾ ਸਰਕਾਰ ਨੇ ਦਲੀਲ ਦਿੱਤੀ ਕਿ ਸੀ.ਆਈ.ਡੀ. ਦੇ ਏ.ਡੀ.ਜੀ.ਪੀ. ਨੇ ਕਿਸਾਨਾਂ ਵੱਲੋਂ ਮਾਰਚ ਅਤੇ ਪ੍ਰਦਰਸ਼ਨ ਦਾ ਸੱਦਾ ਦਿੱਤਾ ਸੀ। ਇਸ ਨਾਲ ਤਣਾਅ, ਪਬਲਿਕ ਪ੍ਰਾਪਰਟੀ ਨੂੰ ਨੁਕਸਾਨ ਅਤੇ ਸ਼ਾਂਤੀ ਭੰਗ ਹੋਣ ਦੀ ਸੰਭਾਵਨਾ ਹੈ। ਇਸ ਸਮੇਂ ਦੌਰਾਨ, ਇੰਟਰਨੈਟ ਰਾਹੀਂ ਗੁੰਮਰਾਹਕੁੰਨ ਜਾਣਕਾਰੀ ਫੈਲਾਈ ਜਾ ਸਕਦੀ ਹੈ। ਸੋਸ਼ਲ ਮੀਡੀਆ ਜਿਵੇਂ ਫੇਸਬੁੱਕ, ਵਟਸਐਪ, ਟਵਿੱਟਰ, ਐੱਸ.ਐੱਮ.ਐੱਸ. ਆਦਿ ਰਾਹੀਂ ਅਜਿਹਾ ਹੋਣ ਤੋਂ ਰੋਕਣ ਲਈ ਇੰਟਰਨੈਟ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਕ) ਵੱਲੋਂ 13 ਫਰਵਰੀ ਨੂੰ ਦਿੱਲੀ ਵਿਚ ਪੱਕੇ ਡੇਰੇ ਲਗਾਉਣ ਦੇ ਐਲਾਨ ਤੋਂ ਬਾਅਦ ਅੱਜ ਦਿੱਲੀ ਵੱਲ ਨੂੰ ਵਧ ਰਹੇ ਸੈਂਕੜੇ ਟਰੈਕਟਰਾਂ ਅਤੇ ਕਿਸਾਨਾਂ ਨੂੰ ਸ਼ੰਭੂ ਬਾਰਡਰ ਮੁਕੰਮਲ ਸੀਲ ਕਰ ਕੇ ਰੋਕ ਲਿਆ ਗਿਆ, ਹਾਲਾਂਕਿ ਕਿਸਾਨ ਪੰਜਾਬ ਬਾਰਡਰ ਪਾਰ ਕਰ ਗਏ ਸਨ ਪਰ ਹਰਿਆਣਾ ਸਰਕਾਰ ਨੇ ਬਾਰਡਰਾਂ ਨੂੰ ਸੀਲ ਕੀਤਾ ਹੋਇਆ ਸੀ, ਜਿਸ ਕਾਰਨ ਕਿਸਾਨਾਂ ਨੇ ਉਥੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕਰ ਕੇ ਵਾਪਸ ਮੁੜਦਿਆਂ ਟਰੈਕਟਰਾਂ ਨਾਲ ਬਹਾਦਰਗੜ੍ਹ ਅਤੇ ਹੋਰ ਇਲਾਕਿਆਂ ਤੱਕ ਰੋਸ ਮਾਰਚ ਕੱਢਿਆ।