ਔਰਤਾਂ ਦੇ ਸ਼ਾਟਪੁੱਟ ਮੁਕਾਬਲੇ ‘ਚ 17.36 ਮੀਟਰ ਗੋਲਾ ਸੁੱਟ ਕੇ ਕਾਂਸੀ ਦਾ ਤਗ਼ਮਾ ਆਪਣੇ ਨਾਂ ਕੀਤਾ
ਹਾਂਗਜ਼ੂ, 29 ਸਤੰਬਰ (ਪੰਜਾਬ ਮੇਲ)- ਕਿਰਨ ਬਾਲਿਆਨ ਨੇ ਅੱਜ ਇੱਥੇ ਔਰਤਾਂ ਦੇ ਸ਼ਾਟਪੁੱਟ (ਗੋਲਾ ਸੁੱਟਣ) ਮੁਕਾਬਲੇ ‘ਚ ਕਾਂਸੀ ਦਾ ਤਗ਼ਮਾ ਜਿੱਤ ਕੇ ਭਾਰਤ ਨੂੰ ਏਸ਼ਿਆਈ ਖੇਡਾਂ ਦੇ ਅੱਜ ਸ਼ੁਰੂ ਹੋਏ ਅਥਲੈਟਿਕਸ ਮੁਕਾਬਲਿਆਂ ‘ਚ ਪਹਿਲਾ ਤਗ਼ਮਾ ਦਵਾਇਆ ਹੈ। ਮੁਕਾਬਲੇ ਦੌਰਾਨ ਕਿਰਨ (24) ਨੇ ਤੀਜੀ ਕੋਸ਼ਿਸ਼ ‘ਚ 17.36 ਮੀਟਰ ਦੂਰ ਗੋਲਾ ਸੁੱਟਿਆ। ਇਸ ਮੁਕਾਬਲੇ ‘ਚ ਇੱਕ ਹੋਰ ਭਾਰਤੀ ਖਿਡਾਰਨ ਮਨਪ੍ਰੀਤ ਕੌਰ ਪੰਜਵੇਂ ਸਥਾਨ ‘ਤੇ ਰਹੀ। ਇਸੇ ਦੌਰਾਨ ਔਰਤਾਂ ਦੇ 400 ਮੀਟਰ ਦੌੜ ‘ਚ ਐਸ਼ਵਰਿਆ ਮਿਸ਼ਰਾ ਨੇ ਦੂਜੀ ਹੀਟ ‘ਚ 52.73 ਸਕਿੰਟ ਦਾ ਸਮਾਂ ਕੱਢਦਿਆਂ ਫਾਈਨਲ ਰਾਊਂਡ ਲਈ ਕੁਆਲੀਫਾਈ ਕਰ ਲਿਆ ਹੈ। ਦੂਜੇ ਪਾਸੇ ਪੁਰਸ਼ਾਂ ਦੀ 400 ਮੀਟਰ ਦੌੜ ‘ਚ ਮੁਹੰਮਦ ਅਜਮਲ ਨੇ 45.76 ਸਕਿੰਟਾਂ ਦੇ ਸਮੇਂ ਨਾਲ ਹੀਟ ‘ਚ ਦੂਜੇ ਸਥਾਨ ‘ਤੇ ਰਹਿੰਦਿਆ ਫਾਈਨਲ ਲਈ ਕੁਆਲੀਫਾਈ ਕਰ ਲਿਆ ਹੈ। ਇਸੇ ਦੌਰਾਨ ਔਰਤਾਂ ਦੇ ਹੈਮਰ ਥ੍ਰੋਅ ਮੁਕਾਬਲੇ ‘ਚ ਤਾਨਿਆ ਚੌਧਰੀ ਅਤੇ ਰਚਨਾ ਕੁਮਾਰੀ ਸੱਤਵੇਂ ਤੇ ਨੌਵੇਂ ਸਥਾਨ ‘ਤੇ ਰਹੀਆਂ। ਇਸ ਤੋਂ ਪਹਿਲਾਂ ਅੱਜ ਸਵੇਰੇ ਔਰਤਾਂ ਅਤੇ ਪੁਰਸ਼ਾਂ ਦੇ 20 ਕਿਲੋਮੀਟਰ ਪੈਦਲ ਚਾਲ ਮੁਕਾਬਲਿਆਂ ‘ਚ ਪ੍ਰਿਯੰਕਾ ਗੋਸਵਾਮੀ ਅਤੇ ਵਿਕਾਸ ਸਿੰਘ ਪੰਜਵੇਂ ਸਥਾਨ ‘ਤੇ ਰਹੇ।