#INDIA

ਕਿਰਗਿਜ਼ਸਤਾਨ ‘ਚ ਦੱਖਣ ਏਸ਼ਿਆਈ ਵਿਦਿਆਰਥੀਆਂ ‘ਤੇ ਹਮਲੇ, ਭਾਰਤੀਆਂ ਨੂੰ ਘਰਾਂ ਅੰਦਰ ਰਹਿਣ ਦੀ ਸਲਾਹ

ਨਵੀਂ ਦਿੱਲੀ, 18 ਮਈ (ਪੰਜਾਬ ਮੇਲ)- ਕਿਰਗਿਜ਼ਸਤਾਨ ਦੀ ਰਾਜਧਾਨੀ ਬਿਸ਼ਕੇਕ ਵਿਚ ਸਥਾਨਕ ਲੋਕਾਂ ਅਤੇ ਵਿਦੇਸ਼ੀਆਂ ਵਿਚਾਲੇ ਕਥਿਤ ਝੜਪ ਦੇ ਮੱਦੇਨਜ਼ਰ ਭਾਰਤ ਨੇ ਅੱਜ ਉਥੇ ਰਹਿ ਰਹੇ ਭਾਰਤੀ ਵਿਦਿਆਰਥੀਆਂ ਨੂੰ ਆਪਣੇ ਘਰਾਂ ਦੇ ਅੰਦਰ ਰਹਿਣ ਦੀ ਸਲਾਹ ਦਿੱਤੀ ਹੈ। ਮੱਧ ਏਸ਼ਿਆਈ ਦੇਸ਼ ਵਿਚ ਭਾਰਤੀ ਦੂਤਘਰ ਨੇ ਕਿਹਾ ਕਿ ਉਹ ਭਾਰਤੀ ਵਿਦਿਆਰਥੀਆਂ ਦੇ ਸੰਪਰਕ ਵਿਚ ਹੈ ਅਤੇ ਸਥਿਤੀ ਹੁਣ ਸ਼ਾਂਤ ਹੈ। ਮਿਸ਼ਨ ਨੇ ਸ਼ਹਿਰ ਵਿਚ ਰਹਿਣ ਵਾਲੇ ਭਾਰਤੀ ਵਿਦਿਆਰਥੀਆਂ ਨੂੰ ਘਰ ਦੇ ਅੰਦਰ ਰਹਿਣ ਦੀ ਸਲਾਹ ਦਿੱਤੀ ਹੈ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਭਾਰਤੀ ਵਿਦਿਆਰਥੀਆਂ ਨੂੰ ਭਾਰਤੀ ਦੂਤਘਰ ਨਾਲ ਨਿਯਮਤ ਸੰਪਰਕ ਵਿਚ ਰਹਿਣ ਦੀ ਸਲਾਹ ਦਿੱਤੀ।
ਕਿਰਗਿਜ਼ਸਤਾਨ ਦੀ ਰਾਜਧਾਨੀ ਦੇ ਇੱਕ ਹਿੱਸੇ ਵਿਚ ਸਥਾਨਕ ਲੋਕਾਂ ਅਤੇ ਵਿਦੇਸ਼ੀਆਂ ਵਿਚਕਾਰ ਕਥਿਤ ਝੜਪ ਕਾਰਨ ਹਾਲਾਤ ਤਣਾਅਪੂਰਨ ਹੋ ਗਏ ਹਨ। ਇਹ ਘਟਨਾ ਕਿਰਗਿਜ਼ਸਤਾਨ ਵਿਚ ਦੱਖਣੀ ਏਸ਼ੀਆ ਤੋਂ ਬਹੁਤ ਸਾਰੇ ਪਰਵਾਸੀਆਂ ਦੀ ਮੌਜੂਦਗੀ ਕਾਰਨ ਹੈ। ਕਿਰਗਿਜ਼ਸਤਾਨ ‘ਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ 15,000 ਦੇ ਕਰੀਬ ਹੈ ਪਰ ਹਾਲੇ ਤੱਕ ਇਹ ਪਤਾ ਨਹੀਂ ਲੱਗਿਆ ਕਿ ਉਨ੍ਹਾਂ ‘ਚੋਂ ਕਿੰਨੇ ਬਿਸ਼ਕੇਕ ‘ਚ ਹਨ।