ਨਵੀਂ ਦਿੱਲੀ, 28 ਨਵੰਬਰ (ਪੰਜਾਬ ਮੇਲ)- ਸਰਕਾਰ ਨੇ ਟੈਕਸ ਦੇਣ ਵਾਲਿਆਂ ਨੂੰ ਕਿਊ. ਆਰ. ਕੋਡ ਸਹੂਲਤ ਨਾਲ ਲੈਸ ਨਵੀਂ ਕਿਸਮ ਦੇ ਪੈਨ ਕਾਰਡ ਜਾਰੀ ਕਰਨ ਲਈ 1,435 ਕਰੋੜ ਰੁਪਏ ਦੇ ਪ੍ਰਾਜੈਕਟ ਨੂੰ ਮਨਜ਼ੂਰੀ ਦਿੱਤੀ ਹੈ। ਇਹ ਪ੍ਰਾਜੈਕਟ ‘ਸਥਾਈ ਖਾਤਾ ਨੰਬਰ’ (ਪੈਨ) ਜਾਰੀ ਕਰਨ ਦੀ ਮੌਜੂਦਾ ਪ੍ਰਣਾਲੀ ਨੂੰ ਬਿਹਤਰ ਬਣਾਉਣ ਦੇ ਮਕਸਦ ਨਾਲ ਲਿਆਂਦਾ ਗਿਆ ਹੈ। ਪੈਨ 2.0 ਪ੍ਰਾਜੈਕਟ ਦਾ ਮਕਸਦ ਸਰਕਾਰੀ ਏਜੰਸੀਆਂ ਦੀਆਂ ਸਾਰੀਆਂ ਡਿਜੀਟਲ ਪ੍ਰਣਾਲੀਆਂ ਲਈ ‘ਸਾਂਝਾ ਕਾਰੋਬਾਰੀ ਪਛਾਣ’ ਕਾਰਡ ਤਿਆਰ ਕਰਨਾ ਹੈ। ਪੈਨ ਆਮਦਨ ਕਰ ਵਿਭਾਗ ਵੱਲੋਂ ਜਾਰੀ ਹੋਣ ਵਾਲਾ 10 ਅੰਕਾਂ ਦਾ ਵਿਸ਼ੇਸ਼ ਨੰਬਰ ਹੈ। ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ ਦੀ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਇਸ ਪ੍ਰਾਜੈਕਟ ਨੂੰ ਮਨਜ਼ੂਰੀ ਦਿੱਤੀ ਗਈ। ਸੂਚਨਾ ਅਤੇ ਪ੍ਰਸਾਰਨ ਮੰਤਰੀ ਅਸ਼ਵਨੀ ਵੈਸ਼ਨਵ ਨੇ ਦੱਸਿਆ ਕਿ ਪੈਨ 2.0 ਪ੍ਰਾਜੈਕਟ ਸ਼ੁਰੂ ਹੋਣ ਮਗਰੋਂ ਵਿਅਕਤੀਆਂ ਤੇ ਕਾਰੋਬਾਰਾਂ ਦਾ ਮੌਜੂਦਾ ਪੈਨ ਵੈਧ ਰਹੇਗਾ।