#INDIA

ਕਾਰੋਬਾਰੀ ਕਤਲ ਮਾਮਲਾ: ਲਾਰੈਂਸ ਬਿਸ਼ਨੋਈ ਗਰੋਹ ਦੇ 5 ਮੈਂਬਰ ਗ੍ਰਿਫਤਾਰ

-ਗੋਲੀਬਾਰੀ ਦੌਰਾਨ ਇੱਕ ਮੁਲਜ਼ਮ ਦੀ ਲੱਤ ਵਿਚ ਗੋਲੀ ਲੱਗੀ
ਨਵੀਂ ਦਿੱਲੀ, 16 ਫਰਵਰੀ (ਪੰਜਾਬ ਮੇਲ)- ਉੱਤਰੀ ਦਿੱਲੀ ਦੇ ਬਾਹਰਵਾਰ ਸਥਿਤ ਬਵਾਨਾ ਉਦਯੋਗਿਕ ਖੇਤਰ ਵਿਚ ਹਾਲ ਹੀ ਵਿਚ ਇੱਕ 35 ਸਾਲਾ ਕਾਰੋਬਾਰੀ ਦੇ ਕਤਲ ਦੇ ਸਿਲਸਿਲੇ ਵਿਚ ਲਾਰੈਂਸ ਬਿਸ਼ਨੋਈ ਗਿਰੋਹ ਦੇ ਪੰਜ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਅਧਿਕਾਰੀ ਮੁਤਾਬਕ ਖੂਫੀਆ ਜਾਣਕਾਰੀ ਦੇ ਆਧਾਰ ‘ਤੇ ਪੁਲਿਸ ਨੇ ਕੁਝ ਸ਼ੱਕੀਆਂ ਨੂੰ ਰੋਕਿਆ। ਚਿਤਾਵਨੀ ਦਿੱਤੇ ਜਾਣ ‘ਤੇ ਮੁਲਜ਼ਮਾਂ ਨੇ ਕਥਿਤ ਤੌਰ ‘ਤੇ ਭੱਜਣ ਦੀ ਕੋਸ਼ਿਸ਼ ਵਿਚ ਪੁਲਿਸ ਟੀਮ ‘ਤੇ ਗੋਲੀ ਚਲਾ ਦਿੱਤੀ, ਜਿਸ ਦੇ ਜਵਾਬ ਵਿਚ ਪੁਲਿਸ ਮੁਲਾਜ਼ਮਾਂ ਨੇ ਆਤਮ ਰੱਖਿਆ ਵਿਚ ਜਵਾਬੀ ਕਾਰਵਾਈ ਕੀਤੀ।
ਗੋਲੀਬਾਰੀ ਦੌਰਾਨ ਇੱਕ ਮੁਲਜ਼ਮ ਦੀ ਲੱਤ ਵਿਚ ਗੋਲੀ ਲੱਗੀ ਅਤੇ ਉਸ ਨੂੰ ਕਾਬੂ ਕਰ ਲਿਆ ਗਿਆ। ਪੁਲਿਸ ਨੇ ਦੱਸਿਆ ਕਿ ਮੁਕਾਬਲੇ ਦੌਰਾਨ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਦਕਿ ਦੋ ਹੋਰਾਂ ਨੂੰ ਬਾਅਦ ਵਿਚ ਗ੍ਰਿਫਤਾਰ ਕੀਤਾ ਗਿਆ, ਜਿਸ ਨਾਲ ਇਸ ਮਾਮਲੇ ਵਿਚ ਗ੍ਰਿਫਤਾਰ ਕੀਤੇ ਗਏ ਲੋਕਾਂ ਦੀ ਕੁੱਲ ਸੰਖਿਆ ਪੰਜ ਹੋ ਗਈ ਹੈ।
ਜ਼ਿਕਰਯੋਗ ਹੈ ਕਿ ਪਲਾਸਟਿਕ ਦਾਣਾ ਨਿਰਮਾਤਾ ਵੈਭਵ ਗਾਂਧੀ ਦੀ 9 ਫਰਵਰੀ ਨੂੰ ਦੁਪਹਿਰ ਕਰੀਬ 12:50 ਵਜੇ ਡੀ.ਐੱਸ.ਆਈ.ਡੀ.ਸੀ. ਉਦਯੋਗਿਕ ਖੇਤਰ ਦੇ ਸੈਕਟਰ ਚਾਰ ਵਿਚ ਸਥਿਤ ਉਨ੍ਹਾਂ ਦਾ ਫੈਕਟਰੀ ਨੇੜੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਜਾਂਚਕਰਤਾਵਾਂ ਨੇ ਦੱਸਿਆ ਸੀ ਕਿ ਹਮਲੇ ਵਿਚ ਚਾਰ ਲੋਕ ਸ਼ਾਮਲ ਸਨ। ਹਮਲਾਵਰਾਂ ਨੇ ਕਥਿਤ ਤੌਰ ‘ਤੇ ਪਹਿਲਾਂ ਪੀੜਤ ਦੀ ਕਾਰ ਦੀਆਂ ਚਾਬੀਆਂ ਖੋਹਣ ਦੀ ਕੋਸ਼ਿਸ਼ ਕੀਤੀ ਅਤੇ ਜਦੋਂ ਉਸ ਨੇ ਵਿਰੋਧ ਕੀਤਾ, ਤਾਂ ਉਸ ਦਾ ਲੈਪਟਾਪ ਬੈਗ ਜ਼ਬਰਦਸਤੀ ਖੋਹ ਲਿਆ ਅਤੇ ਫਿਰ ਉਸ ਨੂੰ ਨੇੜਿਓਂ ਗੋਲੀ ਮਾਰ ਦਿੱਤੀ। ਘਟਨਾ ਤੋਂ ਬਾਅਦ ਪੁਲਿਸ ਨੇ ਗਾਂਧੀ ਦੀ ਕਾਰ ਵਿਚੋਂ ਕਰੀਬ ਇੱਕ ਕਰੋੜ ਰੁਪਏ ਵੀ ਬਰਾਮਦ ਕੀਤੇ ਸਨ।
ਕਤਲ ਤੋਂ ਇੱਕ ਦਿਨ ਬਾਅਦ, ਲਾਰੈਂਸ ਬਿਸ਼ਨੋਈ ਗਿਰੋਹ ਦੇ ਨਾਮ ‘ਤੇ ਕਥਿਤ ਤੌਰ ‘ਤੇ ਜਾਰੀ ਇੱਕ ਸੋਸ਼ਲ ਮੀਡੀਆ ਪੋਸਟ ਵਿਚ ਕਤਲ ਦੀ ਜ਼ਿੰਮੇਵਾਰੀ ਲਈ ਗਈ। ‘ਰਣਦੀਪ ਮਲਿਕ ਅਨਿਲ ਪੰਡਿਤ’ ਨਾਮ ਦੇ ਇੱਕ ਅਕਾਊਂਟ ਤੋਂ ਕੀਤੀ ਗਈ ਇਸ ਪੋਸਟ ਵਿਚ ਦਾਅਵਾ ਕੀਤਾ ਗਿਆ ਕਿ ਕਤਲ ਲਾਰੈਂਸ ਬਿਸ਼ਨੋਈ, ਜਤਿੰਦਰ ਗੋਗੀ ਮਾਨ, ਹਾਸ਼ਿਮ ਬਾਬਾ ਅਤੇ ਕਾਲਾ ਰਾਣਾ ਸਮੇਤ ਕਈ ਗਿਰੋਹਾਂ ਵੱਲੋਂ ਕੀਤਾ ਗਿਆ ਸੀ।
ਪੁਲਿਸ ਨੇ ਦੱਸਿਆ ਕਿ ਪੋਸਟ ਵਿਚ ਦੋਸ਼ ਲਗਾਇਆ ਗਿਆ ਸੀ ਕਿ ਗਾਂਧੀ ਗਿਰੋਹ ਦੀਆਂ ਗਤੀਵਿਧੀਆਂ ਵਿਚ ਦਖਲ ਦੇ ਰਹੇ ਸਨ ਅਤੇ ਉਨ੍ਹਾਂ ਦੇ ਕੰਮ ਵਿਚ ਰੁਕਾਵਟ ਪਾਉਣ ਵਾਲੇ ਕਿਸੇ ਵੀ ਵਿਅਕਤੀ ਨੂੰ ਇਸੇ ਤਰ੍ਹਾਂ ਦੇ ਨਤੀਜਿਆਂ ਦੀ ਚਿਤਾਵਨੀ ਦਿੱਤੀ ਗਈ ਸੀ।
ਜਾਂਚਕਰਤਾਵਾਂ ਨੇ ਇਹ ਵੀ ਦੱਸਿਆ ਕਿ ਮੋਟਰਸਾਈਕਲ ‘ਤੇ ਆਏ ਹਮਲਾਵਰਾਂ ਨੇ ਗਾਂਧੀ ਦਾ ਕਰੀਬ 40-50 ਮੀਟਰ ਤੱਕ ਪਿੱਛਾ ਕੀਤਾ ਅਤੇ ਕਈ ਗੋਲੀਆਂ ਚਲਾਈਆਂ। ਇੱਕ ਗੋਲੀ ਉਨ੍ਹਾਂ ਦੀ ਠੋਡੀ ‘ਤੇ ਲੱਗੀ, ਜਿਸ ਕਾਰਨ ਉਹ ਡਿੱਗ ਗਏ। ਉਨ੍ਹਾਂ ਨੂੰ ਤੁਰੰਤ ਨੇੜੇ ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਸੀ।